ਐੱਸ. ਜੀ. ਪੀ. ਸੀ. ਚੋਣ : ਲੰਮੇ ਸਮੇਂ ਬਾਅਦ ਆਖਿਰ ਟੌਹੜਾ ਪਰਿਵਾਰ ਨੂੰ ਮਿਲਿਆ ਸਨਮਾਨ
Thursday, Nov 28, 2019 - 11:13 AM (IST)

ਪਟਿਆਲਾ—ਸ਼੍ਰੋਮਣੀ ਕਮੇਟੀ ਦੀ ਹੋਈ ਨਵੀਂ ਚੋਣ 'ਚ ਪਟਿਆਲਾ ਦੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਐਗਜ਼ੈਕਟਿਵ 'ਚ ਜਗ੍ਹਾ ਦਿੱਤੀ ਗਈ ਹੈ। ਅਕਾਲੀ ਦਲ 'ਚ ਮੁੜ ਵਾਪਸੀ ਕਰਨ ਵਾਲੇ ਟੌਹੜਾ ਪਰਿਵਾਰ 'ਚੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਪੁੱਤਰੀ ਅਤੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਧਰਮ ਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਐਗਜ਼ੈਕਟਿਵ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਜਦੋਂ ਕਿ ਘਨੌਰ ਹਲਕੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਸ. ਜਸਮੇਰ ਸਿੰਘ ਲਾਛੜੂ ਟਕਸਾਲੀ ਅਕਾਲੀ ਆਗੂ ਹਨ ਅਤੇ ਉਨ੍ਹਾਂ ਨੂੰ ਪਹਿਲੀ ਵਾਰ ਐਗਜ਼ੈਕਟਿਵ ਕਮੇਟੀ ਵਿਚ ਪ੍ਰਤੀਨਿਧਤਾ ਮਿਲੀ ਹੈ। ਪਿਛਲੀ ਵਾਰ ਦੀ ਕਮੇਟੀ ਵਿਚ ਪਟਿਆਲਾ ਤੋਂ ਜਰਨੈਲ ਸਿੰਘ ਕਰਤਾਰਪੁਰ ਐਗਜ਼ੈਕਟਿਵ ਕਮੇਟੀ ਮੈਂਬਰ ਸਨ।
ਅਖੀਰ ਟੌਹੜਾ ਪਰਿਵਾਰ ਨੂੰ ਸਤਿਕਾਰ ਮਿਲਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ 'ਚ ਲੰਮੇ ਸਮੇਂ ਮਗਰੋਂ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੂੰ ਸਿਆਸੀ ਸਤਿਕਾਰ ਮਿਲਿਆ ਹੈ। ਸ਼੍ਰੋਮਣੀ ਕਮੇਟੀ ਦੇ ਸਾਲਾਨਾ ਇਜਲਾਸ 'ਚ ਜਥੇਦਾਰ ਟੌਹੜਾ ਦੀ ਪੁੱਤਰੀ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਅੱਜ ਬਤੌਰ ਕਾਰਜਕਾਰਨੀ ਮੈਂਬਰ ਚੁਣੇ ਜਾਣ ਦੇ ਫੈਸਲੇ ਦਾ ਪੰਥਕ ਹਲਕਿਆਂ 'ਚ ਸਵਾਗਤ ਕੀਤਾ ਜਾ ਰਿਹਾ ਹੈ। ਬੀਬੀ ਟੌਹੜਾ ਤੇ ਉਨ੍ਹਾਂ ਦੇ ਪੁੱਤਰ ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ ਨੇ ਆਖਿਆ ਹੈ ਕਿ ਅਕਾਲੀ ਦਲ ਹਾਈਕਮਾਂਡ ਤੋਂ ਟੌਹੜਾ ਪਰਿਵਾਰ ਨੂੰ ਵੱਡੀ ਉਮੀਦ ਸੀ, ਜਿਸ 'ਤੇ ਪਾਰਟੀ ਨੇ ਡਟ ਕੇ ਪਹਿਰਾ ਦਿੱਤਾ ਹੈ। ਪੰਥਕ ਤੇ ਟਕਸਾਲੀ ਅਕਾਲੀ ਸਖਸ਼ੀਅਤਾਂ ਨੇ ਬੀਬੀ ਟੌਹੜਾ ਨੂੰ ਕਾਰਜਕਾਰਨੀ ਮੈਂਬਰ ਲਏ ਜਾਣ ਦਾ ਸਵਾਗਤ ਕੀਤਾ ਹੈ।
ਦੱਸਣਯੋਗ ਹੈ ਕਿ ਸਨੌਰ ਸ਼੍ਰੋਮਣੀ ਕਮੇਟੀ ਦਾ ਹਲਕਾ 1996 ਵਿਚ ਬਣਿਆ ਸੀ। ਪਹਿਲਾਂ ਇੱਥੋਂ ਇਕੋ ਮੈਂਬਰ ਬਣਦਾ ਸੀ ਪਰ 2011 ਵਿਚ ਇਹ ਹਲਕਾ ਦੋਹਰਾ (ਪੁਰਸ਼ ਅਤੇ ਮਹਿਲਾ) ਹੋ ਗਿਆ। 2011 ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਚੋਣਾਂ ਦੌਰਾਨ ਇੱਥੋਂ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਜਥੇਦਾਰ ਜਸਮੇਰ ਸਿੰਘ ਲਾਛੜੂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ। ਇਨ੍ਹਾਂ ਦੋਵਾਂ ਨੂੰ ਐਤਕੀਂ ਸ਼੍ਰੋਮਣੀ ਕਮੇਟੀ ਦਾ ਐਗਜ਼ੈਕਟਿਵ ਮੈਂਬਰ ਬਣਾ ਦਿੱਤਾ ਗਿਆ ਹੈ, ਜਿਸ ਨਾਲ ਇਸ ਹਲਕੇ ਨੂੰ ਦੋਹਰੀ ਨੁਮਾਇੰਦਗੀ ਮਿਲੀ ਹੈ। ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰਾਂ ਦੀ ਕੁੱਲ ਗਿਣਤੀ 11 ਹੈ। ਬੀਬੀ ਟੌਹੜਾ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਹਨ। ਟੌਹੜਾ ਪਰਿਵਾਰ ਦਾ ਹਲਕਾ ਸਨੌਰ ਨਾਲ ਗੂੜ੍ਹਾ ਸਬੰਧ ਹੈ। ਮਰਹੂਮ ਸ੍ਰੀ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ 1997 ਵਿਚ ਵਿਧਾਨ ਸਭਾ ਹਲਕਾ ਡਕਾਲ਼ਾ (ਹੁਣ ਸਨੌਰ) ਤੋਂ ਹੀ ਵਿਧਾਇਕ ਬਣ ਕੇ ਲੋਕ ਨਿਰਮਾਣ ਮੰਤਰੀ ਬਣੇ ਸਨ। ਉਨ੍ਹਾਂ ਨੇ ਇਸ ਹਲਕੇ ਤੋਂ ਭਾਵੇਂ 2002 ਅਤੇ 2007 ਵਿਚ ਵੀ ਚੋਣ ਲੜੀ ਪਰ ਜਿੱਤ ਨਾ ਸਕੇ। ਫਿਰ 2012 ਵਿਚ ਨਵੇਂ ਬਣੇ ਹਲਕੇ ਪਟਿਆਲਾ ਦਿਹਾਤੀ ਤੋਂ ਬੀਬੀ ਟੌਹੜਾ ਨੇ ਅਕਾਲੀ ਟਿਕਟ 'ਤੇ ਵਿਧਾਨ ਸਭਾ ਦੀ ਚੋਣ ਲੜੀ ਪਰ ਉਹ ਵੀ ਹਾਰ ਗਏ। ਉਨ੍ਹਾਂ 2017 'ਚ ਹਲਕਾ ਸਨੌਰ ਤੋਂ 'ਆਪ' ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਏ।