ਕੋਟਕਪੂਰਾ ਗੋਲੀਕਾਂਡ: ਸਾਬਕਾ ਐੱਸ.ਐੱਚ.ਓ. ਨੂੰ ਭੇਜਿਆ ਜੇਲ੍ਹ
Saturday, Jun 27, 2020 - 11:28 AM (IST)
ਫਰੀਦਕੋਟ (ਜਗਦੀਸ਼): ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਨੂੰ ਦੋਸ਼ੀ ਸਾਬਿਤ ਕਰਨ, ਕਥਿਤ ਤੌਰ 'ਤੇ ਫਰਜ਼ੀ ਰਿਕਾਰਡ ਤਿਆਰ ਕਰਨ, ਸਰਕਾਰੀ ਕਾਰਤੂਸ ਖੁਰਦ-ਬੁਰਦ ਕਰ ਕੇ ਉਕਤ ਕਾਰਤੂਸ ਚੱਲੇ ਹੋਏ ਵਿਖਾਉਣ ਲਈ ਸਿਟੀ ਥਾਣਾ ਕੋਟਕਪੂਰਾ ਦੇ 19 ਨੰਬਰ ਰਜਿਸਟਰ 'ਚ ਫਰਜ਼ੀ ਇੰਦਰਾਜ ਕਰਨ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐੱਸ. ਆਈ. ਟੀ. ਵਲੋਂ ਹਿਰਾਸਤ 'ਚ ਲਏ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਨੂੰ ਅੱਜ ਪੁਲਸ ਰਿਮਾਂਡ ਖਤਮ ਹੋਣ 'ਤੇ ਸਖਤ ਸੁਰੱਖਿਅਤ ਹੇਠ ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ 'ਚ ਪੇਸ਼ ਕੀਤਾ, ਜਿਸ 'ਤੇ ਅਦਾਲਤ ਨੇ ਗੁਰਦੀਪ ਸਿੰਘ ਨੂੰ 14 ਦਿਨ ਲਈ ਜੇਲ੍ਹ 'ਚ ਭੇਜਣ ਦਾ ਹੁਕਮ ਸੁਣਾਇਆ।
ਜਾਣਕਾਰੀ ਅਨੁਸਾਰ ਘਟਨਾ ਮੌਕੇ ਕੋਟਕਪੂਰੇ ਦੇ ਸਿਟੀ ਥਾਣਾ ਦੇ ਇੰਚਾਰਜ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਦੀ ਸ਼ਿਕਾਇਤ 'ਤੇ ਧਰਨੇ 'ਤੇ ਬੈਠੀਆਂ ਸੰਗਤਾਂ ਖਿਲਾਫ਼ ਹੀ 14 ਅਕਤੂਬਰ 2015 ਨੂੰ ਮੁਕੱਦਮਾ ਨੰਬਰ 192 'ਚ ਆਈ. ਪੀ. ਸੀ. ਅਤੇ ਆਰਮਜ਼ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਗੁਰਦੀਪ ਸਿੰਘ ਪੰਧੇਰ ਨੇ ਦਾਅਵਾ ਕੀਤਾ ਸੀ ਕਿ ਪੁਲਸ ਨੇ ਸਵੈ-ਰੱਖਿਆ ਲਈ ਕੁਝ ਗੋਲੀਆਂ ਚਲਾਈਆਂ ਸਨ। ਪੁਲਸ ਮੁਲਾਜ਼ਮ ਗੁਰਬਿੰਦਰ ਸਿੰਘ, ਬਲਵੰਤ ਸਿੰਘ, ਜੰਗ ਸਿੰਘ ਅਤੇ ਦੋ ਹੋਰ ਪੁਲਸ ਮੁਲਾਜ਼ਮਾਂ ਨੇ ਦੋ-ਦੋ ਫਾਇਰ ਕੀਤੇ ਸਨ ਪਰ ਅਦਾਲਤ 'ਚ ਉਕਤ ਸਾਰੇ ਪੁਲਸ ਮੁਲਾਜ਼ਮਾਂ ਨੇ ਬਿਆਨ ਦਿੱਤੇ ਕਿ ਉਨ੍ਹਾਂ ਨੇ 14 ਅਕਤੂਬਰ 2015 ਨੂੰ ਕੋਟਕਪੂਰਾ 'ਚ ਕੋਈ ਫਾਇਰਿੰਗ ਨਹੀਂ ਕੀਤੀ। ਪਹਿਲਾਂ ਐੱਸ. ਆਈ. ਟੀ. ਵਲੋਂ ਪੇਸ਼ ਹੋਏ ਜ਼ਿਲ੍ਹਾ ਅਟਾਰਨੀ ਅਤੇ ਗੁਰਦੀਪ ਸਿੰਘ ਦੇ ਵਕੀਲਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਗੁਰਦੀਪ ਸਿੰਘ ਦੇ ਕੋਰੋਨਾ ਸੈਂਪਲ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਅੱਜ ਵੀ ਗੁਰਦੀਪ ਸਿੰਘ ਦੀ ਪੇਸ਼ੀ ਬਾਰੇ ਗੱਲਬਾਤ ਨਿੱਜੀ ਵਕੀਲਾਂ ਅਤੇ ਸਰਕਾਰੀ ਧਿਰ ਨੇ ਵੀਡੀਓ ਕਾਨਫਰੰਸ ਰਾਹੀਂ ਕੀਤੀ ।