ਬੁਲੰਦ ਹੌਂਸਲੇ ਦੀ ਮਿਸਾਲ: ਕੋਟਕਪੂਰਾ ਦੇ 78 ਸਾਲਾ ਬਜ਼ੁਰਗ ਨੇ ਕੋਰੋਨਾ ਖਿਲਾਫ ਜਿੱਤੀ ਜੰਗ
Sunday, Jun 28, 2020 - 10:28 AM (IST)
ਕੋਟਕਪੂਰਾ (ਨਰਿੰਦਰ): ਲੀਵਰ ਅਤੇ ਕਿਡਨੀ ਦੀ ਸਮੱਸਿਆ ਨੂੰ ਲੈ ਕੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਹੋਇਆ ਕੋਟਕਪੂਰਾ ਦਾ ਇਕ 78 ਸਾਲਾ ਬਜ਼ੁਰਗ ਜਿਸਦੀ ਉੱਥੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਹੁਣ ਕੋਰੋਨਾ ਖਿਲਾਫ ਜੰਗ ਜਿੱਤ ਕੇ ਘਰ ਪਰਤ ਆਇਆ ਹੈ। ਘਰ ਪਰਤਣ 'ਤੇ ਉਸਦੀ ਪਤਨੀ ਰਾਮ ਪਿਆਰੀ ਵਲੋਂ ਫੁੱਲ ਭੇਂਟ ਕਰਕੇ ਉਸਦਾ ਸਵਾਗਤ ਕੀਤਾ ਗਿਆ। ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਇਲਾਕਾ ਪ੍ਰੇਮ ਨਗਰ ਦਾ ਵਸਨੀਕ ਸਾਬਕਾ ਫੌਜੀ ਸੰਤ ਰਾਮ (78) ਵਲੋਂ ਸਥਾਨਕ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਤੋਂ ਪੱਥਰੀ ਦਾ ਇਲਾਜ ਕਰਵਾਇਆ ਗਿਆ ਪ੍ਰੰਤੂ ਠੀਕ ਨਾ ਹੋਣ 'ਤੇ ਉਨ੍ਹਾਂ ਨੂੰ 3 ਜੂਨ ਨੂੰ ਲੁਧਿਆਣਾ ਦੇ ਇੱਕ ਵੱਡੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪ੍ਰੰਤੂ ਇਸ ਦੌਰਾਨ ਉੱਥੇ ਅਮ੍ਰਿਤਸਰ ਤੋਂ ਇਕ ਕੋਰੋਨਾ ਦਾ ਮਰੀਜ਼ ਆਉਣ ਤੋਂ ਬਾਅਦ 15 ਜੂਨ ਨੂੰ ਇਨ੍ਹਾਂ ਦਾ ਦੁਬਾਰਾ ਟੈਸਟ ਕੀਤੇ ਜਾਣ 'ਤੇ ਇਨ੍ਹਾਂ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਵੱਲੋਂ ਕੀਤੇ ਇਲਾਜ ਤੋਂ ਬਾਅਦ ਹੁਣ ਉਹ ਠੀਕ ਹੋ ਗਏ ਹਨ ਅਤੇ ਬੀਤੇ ਦਿਨ 26 ਜੂਨ ਨੂੰ ਹਸਪਤਾਲ ਵੱਲੋਂ ਡਿਸਚਾਰਜ ਕਰਨ ਤੋਂ ਬਾਅਦ ਉਹ ਕੋਟਕਪੂਰਾ ਆਪਣੇ ਘਰ ਪਰਤ ਆਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਜ਼ਰਗ ਸੰਤ ਰਾਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਜਾਣਕਾਰੀ ਮਿਲਣ 'ਤੇ ਕੋਟਕਪੂਰਾ ਦੇ ਸਿਹਤ ਵਿਭਾਗ ਵੱਲੋਂ ਇੰਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਹੋਰ ਵੀ ਕਈ ਸੈਂਪਲ ਲਏ ਗਏ ਸਨ ਅਤੇ ਉਨ੍ਹਾਂ ਵਿੱਚੋਂ ਬਜ਼ੁਰਗ ਦਾ ਇਕ ਲੜਕਾ ਅਤੇ ਨੂੰਹ ਪਾਜ਼ੇਟਿਵ ਆਏ ਸਨ, ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਆਈਸੋਲੈਸ਼ਨ ਵਾਰਡ ਚ ਦਾਖਲ ਹਨ। ਇਸ ਸਬੰਧ ਵਿਚ ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਦੇ ਕੁੱਲ 102 ਕੇਸ ਹਨ ਜਿੰਨ੍ਹਾਂ ਵਿੱਚੋਂ ਇਸ ਬਜੁਰਗ ਸਮੇਤ 88 ਵਿਅਕਤੀ ਤੰਦਰੁਸਤ ਹੋ ਜਾਣ 0ਤੇ ਹੁਣ ਜਿਲੇ ਵਿੱਚ ਕੋਰੋਨਾ ਦੇ ਐਕਟਿਵ ਕੇਸ 14 ਹੋ ਗਏ ਹਨ।