ਕੋਟਕਪੂਰਾ ਥਾਣੇ ਦਾ ਏ. ਐੱਸ. ਆਈ. ਗ੍ਰਿਫਤਾਰ
Saturday, Feb 23, 2019 - 06:09 PM (IST)
ਕੋਟਕਪੂਰਾ : ਕੋਟਕਪੂਰਾ ਥਾਣੇ 'ਚ ਤਾਇਨਾਤ ਏ. ਐੱਸ. ਆਈ. ਨੂੰ 8000 ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਵਿਭਾਗ ਨੇ ਉਕਤ ਕਾਰਵਾਈ ਮੁਹੱਲਾ ਗੋਬਿੰਦਪੁਰੀ ਮੁਕਤਸਰ ਰੋਡ ਕੋਟਕਪੂਰਾ ਦੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਕੀਤੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਸਥਾਨਕ ਸਿਟੀ ਥਾਣੇ ਦੀ ਪੁਲਸ ਨੇ ਉਸ ਉੱਪਰ ਐਨ.ਡੀ.ਪੀ.ਐਸ ਐਕਟ ਤਹਿਤ 2017 'ਚ ਮੁਕੱਦਮਾ ਨੰਬਰ 153 ਦਰਜ ਕੀਤਾ ਸੀ। ਉਸ ਸਮੇਂ ਪੁਲਸ ਨੇ ਮੇਰੇ ਕੋਲੋਂ ਜੋ ਮੋਟਰਸਾਈਕਲ ਬਰਾਮਦ ਕੀਤਾ, ਉਹ ਇਕ ਹੋਰ ਵਿਅਕਤੀ ਜੋ ਚੋਪੜਾ ਬਾਗ਼ ਕੋਟਕਪੂਰਾ ਦਾ ਰਹਿਣ ਵਾਲਾ ਸੀ ਦੇ ਨਾਂਅ 'ਤੇ ਰਜਿ. ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਐਨ.ਡੀ.ਪੀ.ਐਸ ਐਕਟ ਦੇ ਮਾਮਲੇ 'ਚ ਜੇਲ ਵੀ ਜਾਣਾ ਪਿਆ ਤੇ ਕਾਫ਼ੀ ਸਮੇਂ ਬਾਅਦ ਜਦੋਂ ਉਹ ਜ਼ਮਾਨਤ 'ਤੇ ਬਾਹਰ ਆਇਆ ਤਾਂ ਏ.ਐੱਸ.ਆਈ. ਕਸ਼ਮੀਰ ਸਿੰਘ ਨੇ ਉਸ ਨੂੰ ਡਰਾਵਾ ਦਿੱਤਾ ਕਿ ਜਾਂ ਤਾਂ ਉਹ 20 ਹਜ਼ਾਰ ਰੁਪਿਆ ਦੇਵੇ, ਨਹੀਂ ਤਾਂ ਉਹ ਮੋਟਰਸਾਈਕਲ ਦੇ ਮਾਲਕ ਨੂੰ ਵੀ ਇਸ ਮਾਮਲੇ 'ਚ ਫਸਾਏਗਾ।
ਇਸ ਦੌਰਾਨ 10 ਹਜ਼ਾਰ ਰੁਪਏ 'ਚ ਸੌਦਾ ਤਹਿ ਹੋ ਗਿਆ। ਬੀਤੇ ਦਿਨੀਂ ਉਕਤ ਨੇ 2 ਹਜ਼ਾਰ ਰੁਪਏ ਤਾਂ ਦੇ ਦਿੱਤੇ ਤੇ ਵਾਅਦੇ ਅਨੁਸਾਰ ਜਦੋਂ 8 ਹਜ਼ਾਰ ਰੁਪਏ ਹੋਰ ਦੇਣ ਆਇਆ ਤਾਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।