ਭਗਵੰਤ ਮਾਨ ਨੇ ਵਜ਼ਾਰਤ ਬਣਾ ਕੇ ਸਿਰਜਿਆ ਨਵਾਂ ਇਤਿਹਾਸ, ਉਹ ਕਰ ਵਿਖਾਇਆ ਜੋ ਅੱਜ ਤੱਕ ਨਹੀਂ ਹੋਇਆ
Tuesday, Jul 05, 2022 - 06:14 PM (IST)
ਜਲੰਧਰ (ਧਵਨ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿਚ ਸੋਮਵਾਰ ਨੂੰ ਪੰਜ ਨਵੇਂ ਮੰਤਰੀ ਸ਼ਾਮਲ ਹੋ ਗਏ। ਹੁਣ ਕੈਬਨਿਟ ਵਿਚ ਮੰਤਰੀਆਂ ਦੀ ਗਿਣਤੀ ਮੁੱਖ ਮੰਤਰੀ ਸਣੇ 15 ਹੋ ਗਈ ਹੈ। ਇਹ ਪੰਜਾਬ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਨੌਜਵਾਨ ਕੈਬਨਿਟ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਇਤਿਹਾਸ ਵਿਚ ਹੋਂਦ ’ਚ ਆਈਆਂ ਸਰਕਾਰਾਂ ਵਿਚ ਜ਼ਿਆਦਾਤਰ ਬਜ਼ੁਰਗ ਚਿਹਰਿਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ ਪਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਤਿਹਾਸ ਸਿਰਜਣ ਵਾਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਵਜ਼ਾਰਤ ਬਣਾਉਣ ’ਚ ਵੀ ਇਤਿਹਾਸ ਸਿਰਜਿਆ ਹੈ। ਇਸ ਕੈਬਨਿਟ ਵਿਚ ਜੇਲ ਮੰਤਰੀ ਹਰਜੋਤ ਸਿੰਘ ਬੈਂਸ 31 ਵਰ੍ਹਿਆਂ ਦੇ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ, ਜਿਨ੍ਹਾਂ ਦਾ ਜਨਮ 15 ਨਵੰਬਰ 1990 ਨੂੰ ਹੋਇਆ ਸੀ। ਇਸ ਤੋਂ ਬਾਅਦ ਅਨਮੋਲ ਗਗਨ ਮਾਨ ਵੀ 31 ਵਰ੍ਹਿਆਂ ਦੇ ਹਨ, ਜਿਨ੍ਹਾਂ ਦਾ ਜਨਮ 26 ਫਰਵਰੀ 1990 ਨੂੰ ਹੋਇਆ। ਸਿੱਖਿਆ ਮੰਤਰੀ ਮੀਤ ਹੇਅਰ 33 ਵਰ੍ਹਿਆਂ ਦੇ ਹਨ, ਜਿਨ੍ਹਾਂ ਦਾ ਜਨਮ 21 ਅਪ੍ਰੈਲ 1989 ਵਿਚ ਹੋਇਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿਚ ਜਿਹੜੇ 5 ਨਵੇਂ ਚਿਹਰਿਆਂ ਨੂੰ ਥਾਂ ਮਿਲੀ ਹੈ। ਇਨ੍ਹਾਂ 5 ਮੰਤਰੀਆਂ ਦੀ ਕਹਾਣੀ ਵੀ ਅਜੀਬੋ-ਗਰੀਬ ਹੈ। ਨਵੇਂ ਬਣੇ ਮੰਤਰੀਆਂ ਵਿਚੋਂ ਕੁਝ ਦਾ ਪਿਛੋਕੜ ਕਾਂਗਰਸ ਵਿਚ ਰਿਹਾ ਹੈ ਅਤੇ ਕੁਝ ਨੇ ਪੁਲਸ ਵਿਭਾਗ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਪਰ ਆਮ ਆਦਮੀ ਪਾਰਟੀ ਨੇ ਇਨ੍ਹਾਂ ਦੀ ਕਿਸਮਤ ਨੂੰ ਚਾਰ ਚੰਨ ਲਾ ਦਿੱਤੇ ਹਨ। ਇਨ੍ਹਾਂ ਪੰਜਾਂ ਸਿਆਸਤਦਾਨਾਂ ਦੇ ਬੀਤੇ ਸਮੇਂ ਦਾ ਪਿਛੋਕੜ ਕੁਝ ਇਸ ਤਰ੍ਹਾਂ ਹੈ।
ਇਹ ਵੀ ਪੜ੍ਹੋ : ਪੁੱਤ ਸਿੱਧੂ ਮੂਸੇਵਾਲਾ ਕਤਲ ’ਚ ਪਿਤਾ ਬਲਕੌਰ ਸਿੰਘ ਦਾ ਵੱਡਾ ਖ਼ੁਲਾਸਾ, ਦੱਸਿਆ ਕਤਲ ਦਾ ਅਸਲ ਕਾਰਨ
ਸੁਨਾਮ ਹਲਕੇ ਤੋਂ ਦੂਜੀ ਵਾਰ ਚੁਣੇ ਗਏ ਅਮਨ ਅਰੋੜਾ ਨੂੰ ਮਿਲਿਆ ਮੰਤਰੀ ਦਾ ਅਹੁਦਾ
ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੁਨਾਮ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਅਮਨ ਅਰੋੜਾ ਦੀ ਕਿਸਮਤ ਇਸੇ ਪਾਰਟੀ ਨੇ ਬਦਲੀ ਹੈ। ਨਹੀਂ ਤਾਂ ਉਹ 2 ਵਾਰ ਕਾਂਗਰਸ ਦੀ ਟਿਕਟ ’ਤੇ ਵੀ ਚੋਣ ਲੜੇ ਪਰ ਉਸ ਸਮੇਂ ਉਹ ਚੋਣ ਨਹੀਂ ਜਿੱਤ ਸਕੇ ਸਨ। ਅਮਨ ਅਰੋੜਾ 2016 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਕਾਂਗਰਸ ਦੀ ਲਹਿਰ ਦੇ ਬਾਵਜੂਦ 2017 ਵਿਚ 30,000 ਵੋਟਾਂ ਨਾਲ ਜਿੱਤੇ ਸਨ। ਕਾਂਗਰਸ ਸਰਕਾਰ ਸਮੇਂ ਅਮਨ ਅਰੋੜਾ ਨੇ ਵਿਰੋਧੀ ਧਿਰ ’ਚ ਰਹਿੰਦਿਆਂ ਜਨਤਾ ਨਾਲ ਜੁੜੇ ਮੁੱਦੇ ਉਠਾਏ। ਉਨ੍ਹਾਂ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਗਿਣੇ ਜਾਂਦੇ ਸਨ ਅਤੇ ਉਹ ਕਾਂਗਰਸ ਸਰਕਾਰ ਵਿਚ ਮੰਤਰੀ ਵੀ ਰਹੇ ਸਨ। 1992 ਤੇ 1997 ਵਿਚ ਉਨ੍ਹਾਂ ਦੇ ਪਿਤਾ ਨੇ ਵਿਧਾਨ ਸਭਾ ਚੋਣ ਜਿੱਤੀ ਸੀ ਪਰ 2000 ਵਿਚ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਸਿਆਸਤ ਦੀ ਵਾਗਡੋਰ ਅਮਨ ਅਰੋੜਾ ਦੇ ਹੱਥਾਂ ਵਿਚ ਆ ਗਈ। ਅਮਨ ਅਰੋੜਾ ਨੇ 2007 ਤੇ 2012 ’ਚ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਜਿੱਤ ਨਹੀਂ ਮਿਲੀ ਸੀ। ਇਸ ਤੋਂ ਬਾਅਦ 2016 ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸਫਰ ਬੁਲੰਦੀਆਂ ਵੱਲ ਚੱਲ ਪਿਆ। 2017 ਦੀ ਚੋਣ ਜਿੱਤੀ ਅਤੇ ਇਸ ਵਾਰ ਵੀ ਉਨ੍ਹਾਂ ਨੇ ਭਾਰੀ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ।
ਇਹ ਵੀ ਪੜ੍ਹੋ : ਮਾਨ ਕੈਬਨਿਟ ਦਾ ਵਿਸਥਾਰ : ਇਹ ਪੰਜ ਵਿਧਾਇਕ ਬਣੇ ਮੰਤਰੀ, ਚੁਕਾਈ ਗਈ ਅਹੁਦੇ ਦੀ ਸਹੁੰ
ਪ੍ਰੋਟੇਨ ਸਪੀਕਰ ਰਹੇ ਡਾ. ਨਿੱਝਰ ਦੇ ਮੰਤਰੀ ਬਣਨ ਨਾਲ ਅੰਮ੍ਰਿਤਸਰ ਦੱਖਣੀ ਹਲਕੇ ਨੂੰ ਮਿਲੀ ਨੁਮਾਇੰਦਗੀ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੁੱਧੀਜੀਵੀ ਮੰਨੇ ਜਾਂਦੇ ਡਾ. ਇੰਦਰਵੀਰ ਸਿੰਘ ਨਿੱਝਰ ਨੂੰ ਪ੍ਰੋਟੇਨ ਸਪੀਕਰ ਬਣਾਇਆ ਗਿਆ, ਜਿਨ੍ਹਾਂ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਈ ਸੀ। ਡਾ. ਨਿੱਝਰ ਦੇ ਮੰਤਰੀ ਬਣਨ ਨਾਲ ਅੰਮ੍ਰਿਤਸਰ ਦੱਖਣੀ ਹਲਕੇ ਨੂੰ 25 ਸਾਲਾਂ ਬਾਅਦ ਨੁਮਾਇੰਦਗੀ ਮਿਲੀ ਹੈ। ਇਸ ਤੋਂ ਪਹਿਲਾਂ ਮਨਜੀਤ ਸਿੰਘ ਇਸ ਹਲਕੇ ਤੋਂ ਕੈਬਨਿਟ ਦੇ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਤੋਂ ਬਾਅਦ ਅੰਮ੍ਰਿਤਸਰ ਦੱਖਣੀ ਸਰਕਲ ਤੋਂ ਕਿਸੇ ਨੂੰ ਵੀ ਮੰਤਰੀ ਦਾ ਅਹੁਦਾ ਨਹੀਂ ਮਿਲਿਆ। ਹੁਣ ਡਾ. ਨਿੱਝਰ ਨੂੰ ਮੰਤਰੀ ਦਾ ਅਹੁਦਾ ਦਿੱਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੱਖਣੀ ਹਲਕਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਡਾ. ਨਿੱਝਰ ਨੂੰ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਮੰਨਿਆ ਜਾਂਦਾ ਹੈ। ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ 53,053 ਵੋਟਾਂ ਮਿਲੀਆਂ ਸਨ ਜਦੋਂਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਨੂੰ 25,550 ਅਤੇ ਕਾਂਗਰਸ ਦੇ ਇੰਦਰਬੀਰ ਸਿੰਘ ਗੁਲੇਰੀਆ ਨੂੰ 22,467 ਵੋਟਾਂ ਮਿਲੀਆਂ ਸਨ। 2017 ’ਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਵਾਲੇ ਡਾ. ਨਿੱਝਰ 24,923 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੇ ਸਨ। ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਇਸ ਵਾਰ ਵੀ ਉਨ੍ਹਾਂ ’ਤੇ ਭਰੋਸਾ ਜਤਾਇਆ ਸੀ।
ਇਹ ਵੀ ਪੜ੍ਹੋ : ਪਿੰਡ ਡੰਗਰਖੇੜਾ ਬਣਿਆ ‘ਅਧਿਆਪਕ ਖੇੜਾ’, ਪਿੰਡ ਦੇ 29 ਮੁੰਡੇ-ਕੁੜੀਆਂ ਇਕੱਠੇ ਬਣੇ ਅਧਿਆਪਕ
ਪੁਲਸ ’ਚੋਂ ਸੇਵਾਮੁਕਤ ਹੋਣ ਤੋਂ ਬਾਅਦ ਫੌਜਾ ਸਿੰਘ ਦੀ ਕਿਸਮਤ ਨੂੰ ਲੱਗੇ ਚਾਰ ਚੰਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਨੌਨੀ ਮਾਨ ਨੂੰ ਹਰਾਉਣ ਵਾਲੇ ਨਵੇਂ ਕੈਬਨਿਟ ਮੰਤਰੀ ਫੌਜਾ ਸਿੰਘ ਨੂੰ ਸਰਹੱਦੀ ਖੇਤਰਾਂ ਦੀ ਨੁਮਾਇੰਦਗੀ ਦੀ ਜ਼ਿੰਮੇਵਾਰੀ ਸੌਂਪੀ ਹੈ। ਫੌਜਾ ਸਿੰਘ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਪੰਜਾਬ ਪੁਲਸ ’ਚੋਂ ਸੇਵਾਮੁਕਤ ਇੰਸਪੈਕਟਰ ਫੌਜਾ ਸਿੰਘ ਸਰਾਰੀ ਦੀ ਰਾਏ ਸਿੱਖ ਬਿਰਾਦਰੀ ’ਤੇ ਚੰਗੀ ਪਕੜ ਰੱਖਦੇ ਹਨ। ਪੁਲਸ ’ਚੋਂ ਸੇਵਾਮੁਕਤੀ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਫੌਜਾ ਸਿੰਘ ਦਾ ਜਨਮ 25 ਅਪ੍ਰੈਲ 1964 ਨੂੰ ਪਿੰਡ ਰਾਣਾ ਪੰਜਗਰਾਈਂ ਵਿਖੇ ਹੋਇਆ। ਉਨ੍ਹਾਂ ਦੀਆਂ 3 ਬੇਟੀਆਂ ਹਨ, ਜਿਨ੍ਹਾਂ ’ਚੋਂ 2 ਦਾ ਵਿਆਹ ਹੋ ਚੁੱਕਾ ਹੈ। ਇਕ ਬੇਟੀ ਨਿਊਜ਼ੀਲੈਂਡ ਚਲੀ ਗਈ ਹੈ, ਜਦਕਿ ਦੂਜੀ ਬੇਟੀ ਟੀਚਰ ਹੈ। ਉਨ੍ਹਾਂ ਦੀ ਛੋਟੀ ਬੇਟੀ ਸਿਮਰਨਜੀਤ ਕੌਰ ਸਿਆਸਤ ਵਿਚ ਹੈ। ਫੌਜਾ ਸਿੰਘ 1984 ’ਚ ਪੰਜਾਬ ਪੁਲਸ ਵਿਚ ਭਰਤੀ ਹੋਏ ਸਨ ਅਤੇ 2020 ਵਿਚ ਸੇਵਾਮੁਕਤ ਹੋਣ ਤੋਂ ਬਾਅਦ ਉਹ ਵਾਪਸ ਆਪਣੇ ਪਿੰਡ ਆ ਕੇ ਰਹਿਣ ਲੱਗੇ। ਉਥੋਂ ਹੀ ਉਨ੍ਹਾਂ ਨੇ ਸਿਆਸਤ ਵਿਚ ਕਦਮ ਰੱਖਿਆ ਅਤੇ ਅਕਾਲੀ ਦਲ ਤੇ ਕਾਂਗਰਸ ਦੇ ਦਿੱਗਜ ਨੇਤਾਵਾਂ ਨੂੰ ਹਰਾਇਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ
ਅਕਾਲੀ ਦਲ ਦੇ ਸਾਬਕਾ ਮੰਤਰੀ ਰੱਖੜਾ ਨੂੰ ਹਰਾਉਣ ਵਾਲੇ ਚੇਤਨ ਸਿੰਘ ਜੌੜਾ ਮਾਜਰਾ ਬਹਾਦਰੀ ਦੀ ਮਿਸਾਲ
ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਬਹਾਦਰੀ ਦੀ ਮਿਸਾਲ ਹਨ। ਉਨ੍ਹਾਂ ਨੂੰ ਮਾਰਚ 2019 ਵਿਚ ਤਰਨਤਾਰਨ ਇਲਾਕੇ ’ਚ ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਇਕ ਲੜਕੀ ਨੂੰ ਅਗਵਾ ਕਰਨ ਵਾਲੇ ਲੋਕਾਂ ਨਾਲ ਭਿੜ ਗਏ ਸਨ। ਉਨ੍ਹਾਂ ਦੀ ਗਰਦਨ ਵਿਚ ਗੋਲੀ ਲੱਗੀ ਸੀ ਅਤੇ ਬਾਅਦ ’ਚ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਚੇਤਨ ਸਿੰਘ ਜੌੜਾ ਮਾਜਰਾ ਨੂੰ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦੇਹਾਤੀ ਜ਼ਿਲੇ ਦੀ ਕਮਾਨ ਸੌਂਪੀ ਗਈ ਹੈ। 10 ਦਸੰਬਰ 2021 ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸਮਾਣਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ। ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ 74,375 ਵੋਟਾਂ ਮਿਲੀਆਂ ਸਨ। ਉਨ੍ਹਾਂ ਸੁਰਜੀਤ ਸਿੰਘ ਰੱਖੜਾ ਨੂੰ 39,713 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਸੀਟ ’ਤੇ ਅਕਾਲੀ ਦਲ ਦੇ ਉਮੀਦਵਾਰ ਨੂੰ 34,662 ਅਤੇ ਕਾਂਗਰਸ ਦੇ ਰਾਜਿੰਦਰ ਸਿੰਘ ਨੂੰ 23,576 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਚੇਤਨ ਸਿੰਘ ਜੌੜਾ ਮਾਜਰਾ 74,375 ਵੋਟਾਂ ਲੈ ਕੇ ਲਗਭਗ 50.14 ਫੀਸਦੀ ਵੋਟਾਂ ਹਾਸਲ ਕਰਨ ਵਿਚ ਸਫਲ ਰਹੇ। ਉਨ੍ਹਾਂ ਦੇ ਪਿਤਾ ਦਾ ਨਾਂ ਗੁਰਦੇਵ ਸਿੰਘ ਸੀ। ਚੇਤਨ ਸਿੰਘ ਜੌੜਾ ਮਾਜਰਾ ਦਾ ਜਨਮ 1967 ’ਚ ਹੋਇਆ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਨੌਜਵਾਨ ਭੈਣ-ਭਰਾ ਦੀ ਇਕੱਠਿਆਂ ਹੋਈ ਮੌਤ
ਗਾਇਕੀ ਤੋਂ ਸਿਆਸਤ ’ਚ ਦਾਖਲ ਹੋਈ ਸੀ ਅਨਮੋਲ ਗਗਨ ਮਾਨ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚ ਸ਼ਾਮਲ ਕੀਤੀ ਗਈ ਦੂਜੀ ਮਹਿਲਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਗਾਇਕੀ ਤੋਂ ਸਿਆਸਤ ਵਿਚ ਦਾਖਲ ਹੋਈ ਸੀ। ਉਹ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਖਰੜ ਖੇਤਰ ਵਿਚ ਉਸ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਜ਼ਦੀਕੀ ਵੀ ਮੰਨੀ ਜਾਂਦੀ ਹੈ। ਹਾਲਾਂਕਿ ਮੰਤਰੀ ਦੇ ਅਹੁਦੇ ਲਈ ਕਈ ਹੋਰ ਮਹਿਲਾ ਵਿਧਾਇਕਾਂ ਦੇ ਨਾਂ ਵੀ ਚੱਲ ਰਹੇ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਮੋਲ ਗਗਨ ਮਾਨ ਦੇ ਨਾਂ ’ਤੇ ਮੋਹਰ ਲਾਈ। ਉਸ ਨੂੰ ਗਗਨਦੀਪ ਕੌਰ ਮਾਨ ਵਜੋਂ ਵੀ ਜਾਣਿਆ ਜਾਂਦਾ ਹੈ। ਮਾਨਸਾ ’ਚ 26 ਫਰਵਰੀ 1990 ਨੂੰ ਪੈਦਾ ਹੋਈ ਅਨਮੋਲ ਗਗਨ ਮਾਨ ਨੇ ਸਿਆਸਤ ’ਚ ਦਾਖਲ ਹੁੰਦਿਆਂ ਹੀ ਆਪਣਾ ਸਿੱਕਾ ਜਮਾਇਆ। ਉਹ 2020 ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈ ਸੀ। ਉਸ ਨੇ ਆਮ ਆਦਮੀ ਪਾਰਟੀ ਲਈ ਗੀਤ ਵੀ ਗਾਇਆ ਸੀ, ਜਿਸ ਦੇ ਬੋਲ ਇਸ ਤਰ੍ਹਾਂ ਸਨ–‘‘ਭਗਤ ਸਿੰਘ, ਕਰਤਾਰ ਸਰਾਭਾ ਸਾਰੇ ਹੀ ਬਣ ਚੱਲੇ, ਭਈ ਹੁਣ ਜਾਗੋ ਆਈ ਆ, ਸਰਕਾਰ ਬਦਲਣ ਚੱਲੀਏ, ਭਈ ਹੁਣ ਜਾਗੋ ਆਈ ਆ’। ਉਸ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37,718 ਵੋਟਾਂ ਨਾਲ ਹਰਾਇਆ ਸੀ। ਉਸ ਨੇ ਗਾਇਕੀ ਦੇ ਖੇਤਰ ਵਿਚ ਵੀ ਸਿੱਕਾ ਬਣਾਇਆ ਸੀ।
ਇਹ ਵੀ ਪੜ੍ਹੋ : ਗਰੀਬ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਚਾਰ ਧੀਆਂ ਤੋਂ ਬਾਅਦ ਹੋਏ ਇਕਲੌਤੇ ਪੁੱਤ ਦੀ ਅਚਾਨਕ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।