ਕਿਸਾਨ ਮੋਰਚੇ ਦਾ ਵੱਡਾ ਐਲਾਨ ; ਭਲਕੇ ਫੂਕੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ

Sunday, Feb 25, 2024 - 09:10 AM (IST)

ਕਿਸਾਨ ਮੋਰਚੇ ਦਾ ਵੱਡਾ ਐਲਾਨ ; ਭਲਕੇ ਫੂਕੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ

ਪਟਿਆਲਾ/ਸਨੌਰ/ਸ਼ੰਭੂ (ਮਨਦੀਪ ਜੋਸਨ/ਗੁਰਪਾਲ/ਅਲੀ/ਮਾਨ) - ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 25 ਫਰਵਰੀ ਨੂੰ ਦੋਵੇਂ ਮੋਰਚਿਆਂ ’ਤੇ ਬੁੱਧੀਜੀਵੀਆਂ ਨਾਲ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ 26 ਫਰਵਰੀ ਨੂੰ ਸਮੁੱਚੇ ਪੰਜਾਬ ਅਤੇ ਦੇਸ਼ ਅੰਦਰ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਸਾੜੇ ਜਾਣਗੇ।

ਇਹ ਵੀ ਪੜ੍ਹੋ :    ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ

ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ’ਤੇ ਹਰਿਆਣਾ ਪੁਲਸ ਪ੍ਰਸ਼ਾਸਨ ਵੱਲੋਂ ਉਹ ਸਾਮਾਨ ਵਰਤਿਆ ਗਿਆ, ਜਿਹੜਾ ਦੁਸ਼ਮਣ ’ਤੇ ਵਰਤਿਆ ਜਾਂਦਾ ਹੈ। ਨੇਤਾਵਾਂ ਨੇ ਕਿਹਾ ਕਿ ਸ਼ੰਭੂ ਬੈਰੀਅਰ ਦੀ ਬੈਰੀਕੇਡਿੰਗ ਪੰਜਾਬ ਦੇ ਇਲਾਕੇ ’ਚ ਕੀਤੀ ਗਈ ਹੈ ਤੇ ਕਿਸਾਨਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 25 ਫਰਵਰੀ ਨੂੰ ਦੋਵੇਂ ਬਾਰਡਰਾਂ ’ਤੇ ਬੁੱਧੀਜੀਵੀਆਂ ਦੇ ਨਾਲ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ 26 ਫਰਵਰੀ ਨੂੰ ਡਬਲਿਊ. ਟੀ. ਓ. ਦੀ ਮੀਟਿੰੰਗ ਰੱਖੀ ਗਈ ਹੈ ਅਤੇ ਇਸਦੇ ਬਿਲਕੁਲ ਪੈਰਲਲ ਕਿਸਾਨਾਂ ਵੱਲੋਂ ਡਬਲਿਊ. ਟੀ. ਓ. ਦੇ ਪੁਤਲੇ ਫੂਕੇ ਜਾਣਗੇ।

ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਮਨਜੀਤ ਸਿੰਘ ਘੁਮਾਣਾ, ਮਾਨ ਸਿੰਘ ਰਾਜਪੁਰਾ, ਬਲਕਾਰ ਸਿੰਘ ਬੈਂਸ, ਤੇਜਿੰਦਰ ਸਿੰਘ ਲੀਲਾ, ਉਜਾਗਰ ਸਿੰਘ ਧਮੋਲੀ, ਦਲਜੀਤ ਸਿੰਘ ਚਮਾਰੂ, ਜ਼ਸਵੀਰ ਸਿੰਘ ਚੰਦੂਆ ਖੁਰਦ, ਮਨਪ੍ਰੀਤ ਸਿੰਘ ਮਦਨਪੁਰ, ਗੁਰਮੇਲ ਸਿੰਘ ਧਮੋਲੀ ਸਮੇਤ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ :       ਸ਼ੁੱਭਕਰਨ ਦੀ ਮੌਤ ਦੇ ਰੋਸ ਵਜੋਂ ਹਾਈਕੋਰਟ ਵਿਚ ਵਕੀਲਾਂ ਨੇ ਰੱਖਿਆ ਵਰਕ ਸਸਪੈਂਡ, ਕੀਤੀ ਇਨਸਾਫ਼ ਦੀ ਮੰਗ

ਸ਼ੰਭੂ ਬਾਰਡਰ ਜਾ ਰਹੇ ਫਿਰੋਜ਼ਪੁਰ ਦੇ ਕਿਸਾਨ ਦੀ ਮੌਤ, ਟਰੈਕਟਰ-ਟਰਾਲੀ ਨੂੰ ਟਰੱਕ ਨੇ ਮਾਰੀ ਟੱਕਰ

ਪਟਿਆਲਾ/ਸਨੌਰ (ਮਨਦੀਪ ਜੋਸਨ) - ਅੱਜ ਸਵੇਰੇ ਸ਼ੰਭੂ ਬਾਰਡਰ ਦੇ ਬਿਲਕੁੱਲ ਨੇੜੇ ਪਿੰਡ ਬਸੰਤਪੁਰਾ ਵਿਖੇ ਫਿਰੋਜ਼ਪੁਰ ਤੋਂ ਟਰੈਕਟਰ-ਟਰਾਲੀ ’ਤੇ ਆ ਰਹੇ ਕਿਸਾਨਾਂ ਨੂੰ ਪਿੱਛਿਓਂ ਟਰੱਕ ਨੇ ਟੱਕਰ ਮਾਰੀ ਦਿੱਤੀ। ਇਸ ਦੌਰਾਨ ਇਕ ਨੌਜਵਾਨ ਕਿਸਾਨ ਨੂੰ ਟਰੱਕ ਨੇ ਕੁਚਲ ਦਿੱਤਾ, ਜਿਸ ਦੀ ਮੌਤੇ ’ਤੇ ਮੌਤ ਗਈ ਹੈ, ਜਦਕਿ 2 ਹੋਰਾਂ ਨੂੰ ਸੱਟਾਂ ਲੱਗੀਆਂ ਹਨ।

ਕਿਸਾਨਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਫਿਰੋਜ਼ਪੁਰ ਦੇ ਪਿੰਡ ਮਨਸੂਰਦੇਵਾਂ ਤੋਂ ਤੁਰੇ ਸਨ ਤੇ ਉਨ੍ਹਾਂ ਨਾਲ ਲਗਭਗ ਟਰਾਲੀ ’ਚ ਡੇਢ ਦਰਜਨ ਕਿਸਾਨ ਸਨ, ਜਦਕਿ ਟਰੈਕਟਰ ’ਤੇ ਡਰਾਈਵਰ ਤੇ 2 ਹੋਰ ਕਿਸਾਨ ਬੈਠੇ ਸਨ, ਜਿਨ੍ਹਾਂ ’ਚੋਂ ਇਕ ਕਿਸਾਨ ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ ਸੀ। ਕਿਸਾਨਾਂ ਨੇ ਦੱਸਿਆ ਕਿ ਉਹ ਸ਼ੰਭੂ ਨੇੜੇ ਇਕ ਢਾਬੇ ਉਪਰ ਰੁਕ ਗਏ ਅਤੇ ਸਾਢੇ 5 ਵਜੇ ਚਾਹ ਪੀ ਕੇ ਸ਼ੰਭੂ ਬਾਰਡਰ ਵੱਲ ਤੁਰ ਪਏ ਤਾਂ ਥੋੜੀ ਦੂਰ ਜਾਣ ’ਤੇ ਪਿੱਛਿਓਂ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰੀ, ਜਿਸ ਕਾਰਨ ਜਿੱਥੇ ਟਰਾਲੀ ’ਚ ਬੈਠੇ 14 ਕਿਸਾਨਾਂ ਦੇ ਸੱਟਾਂ ਲੱਗੀਆਂ, ਉੱਥੇ ਟਰੈਕਟਰ ਤੋਂ ਗੁਰਜੰਟ ਸਿੰਘ ਹੇਠਾ ਡਿੱਗ ਪਿਆ। ਇਸ ਦੌਰਾਨ ਉਸ ’ਤੇ ਟਰੱਕ ਚੜ੍ਹ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸਿੰਘੂ ਅਤੇ ਟਿਕਰੀ ਬਾਰਡਰਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ (ਜ.ਬ.) - ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਦਿੱਲੀ-ਹਰਿਆਣਾ ਸਰਹੱਦ ’ਤੇ ਪੈਂਦੇ ਸਿੰਘੂ ਅਤੇ ਟਿਕਰੀ ਬਾਰਡਰਾਂ ਨੂੰ ਤਕਰੀਬਨ ਦੋ ਹਫਤਿਆਂ ਤੋਂ ਬੰਦ ਰੱਖਣ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਅੰਸ਼ਿਕ ਤੌਰ ’ਤੇ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਿੰਘੂ ਸਰਹੱਦੀ ਸੜਕ ਦੀ ‘ਸਰਵਿਸ ਲੇਨ’ ਅਤੇ ਟਿਕਰੀ ਸਰਹੱਦੀ ਸੜਕ ਦੀ ਇਕ ਲੇਨ ਨੂੰ ਵਾਹਨਾਂ ਦੀ ਆਵਾਜਾਈ ਦੀ ਲਈ ਖੋਲ੍ਹਿਆ ਜਾ ਰਿਹਾ ਹੈ। ਇਹ ਮਾਰਗ ਖੁੱਲ੍ਹਣ ਨਾਲ ਦਿੱਲੀ ਤੋਂ ਹਰਿਆਣਾ ਜਾਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਦੋਵੇਂ ਮਾਰਗ 13 ਫਰਵਰੀ ਨੂੰ ਸੀਲ ਕਰ ਦਿੱਤੇ ਗਏ ਸਨ।

ਇਹ ਵੀ ਪੜ੍ਹੋ :      ਨਗਰ ਨਿਗਮ ਲਈ ਆਮਦਨ ਦਾ ਸਾਧਨ ਬਣੇਗਾ ਸ਼ਹਿਰ 'ਚ ਲੱਗਾ ਕੂੜੇ ਦਾ ਢੇਰ, ਜਾਣੋ ਕੀ ਹੈ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News