ਕਿਸਾਨ ਅੰਦੋਲਣ : 19 ਨੂੰ ਨਹੀਂ ਹੁਣ 20 ਨੂੰ ਹੋਵੇਗੀ ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗ

Monday, Jan 18, 2021 - 11:07 PM (IST)

ਨਵੀਂ ਦਿੱਲੀ : ਕੇਂਦਰ ਅਤੇ ਕਿਸਾਨਾਂ ਵਿਚਾਲੇ ਲਗਾਤਾਰ ਬੈਠਕਾਂ ਹੋ ਰਹੀਆਂ ਹਨ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਲਗਾਤਾਰ 9 ਗੇੜ ਦੀਆਂ ਬੈਠਕਾਂ ਹੋ ਗਈਆਂ ਹਨ, ਹਰ ਬੈਠਕ ਤੋਂ ਬਾਅਦ ਕੇਂਦਰ ਵੱਲੋਂ ਨਵੀਂ ਬੈਠਕ ਦੀ ਤਾਰੀਖ਼ ਦੇ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 9ਵੇਂ ਗੇੜ 15 ਜਨਵਰੀ ਦੀ ਬੈਠਕ ਤੋਂ ਬਾਅਦ ਕੇਂਦਰ ਵੱਲੋਂ ਕਿਸਾਨਾਂ ਨੂੰ ਬੈਠਕ ਲਈ 19 ਜਨਵਰੀ ਦਾ ਸਮਾਂ ਦੇ ਦਿੱਤਾ ਗਿਆ ਸੀ।

PunjabKesari

ਪਰ ਹੁਣ ਇੱਕ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕੇਂਦਰ ਵੱਲੋਂ ਇਸ ਬੈਠਕ ਦੀ ਤਾਰੀਖ 'ਚ ਤਬਦੀਲੀ ਕੀਤੀ ਗਈ ਹੈ। ਇਹ ਬੈਠਕ ਹੁਣ 19 ਨੂੰ ਨਹੀਂ ਸਗੋਂ 20 ਨੂੰ ਵਿਗਿਆਨ ਭਵਨ ਦੁਪਹਿਰ 2 ਵਜੇ ਦੀ ਰੱਖੀ ਗਈ ਹੈ। ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਕਿਸਾਨ ਜੱਥੇਬੰਦੀਆਂ ਨੂੰ ਇੱਕ ਪੱਤਰ ਲਿਖਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਨਾਲ ਹੋਣ ਵਾਲੀ 19 ਜਨਵਰੀ ਦੀ ਬੈਠਕ ਇਕ ਦਿਨ ਦੇ ਲਈ ਟਾਲ ਦਿੱਤੀ ਗਈ ਹੈ। ਇਹ ਬੈਠਕ ਹੁਣ 19 ਜਨਵਰੀ ਨੂੰ ਨਹੀਂ 20 ਜਨਵਰੀ ਦਿਨ ਬੁੱਧਵਾਰ ਨੂੰ ਹੋਵੇਗੀ। 

PunjabKesariਦੱਸਣਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ 15 ਜਨਵਰੀ ਨੂੰ ਹੋਈ 9ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਸਰਕਾਰ ਨੇ ਕਿਸਾਨਾਂ ਨੂੰ 10ਵੇਂ ਦੌਰ ਦੀ ਗੱਲਬਾਤ ਲਈ 19 ਜਨਵਰੀ ਦਾ ਸਮਾਂ ਦਿੱਤਾ ਸੀ ਪਰ ਹੁਣ ਇਹ ਮੀਟਿੰਗ 20 ਦੀ ਰੱਖੀ ਗਈ ਹੈ। ਅੱਜ ਕਿਸਾਨ ਅੰਦੋਲਨ ਦਾ 54ਵਾਂ ਦਿਨ ਹੈ। ਦਿੱਲੀ 'ਚ ਪੈ ਰਹੀ ਕੜਾਕੇ ਦੀ ਠੰਡ 'ਚ ਕਿਸਾਨ ਸੜਕਾਂ 'ਤੇ ਬੈਠੇ ਹਨ ਅਤੇ ਕਾਨੂੰਨ ਰੱਦ ਕਰਨ ਦੀ ਆਪਣੀ ਜਿੱਦ 'ਤੇ ਅੜੇ ਹੋਏ ਹਨ। ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਦੇ ਨੋਟਿਸ ਭੇਜੇ ਜਾਣ 'ਤੇ ਕਿਸਾਨ ਜਥੇਬੰਦੀਆ ਨੇ ਨਾਰਾਜ਼ਗੀ ਜਤਾਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਕੇਂਦਰੀ ਪੱਧਰ 'ਤੇ ਹੋਣ ਵਾਲੀ ਬੈਠਕ 'ਚ ਚੁੱਕਣਗੇ।

 


Bharat Thapa

Content Editor

Related News