ਕਿਰਨ ਖੇਰ ਨੇ ਚੰਡੀਗੜ੍ਹ ''ਚ ''ਰਿੰਗ ਰੋਡ'' ਦਾ ਮੁੱਦਾ ਚੁੱਕਿਆ
Wednesday, Jul 17, 2019 - 11:58 AM (IST)

ਚੰਡੀਗੜ੍ਹ (ਸਾਜਨ) : ਟ੍ਰੈਫਿਕ ਦੇ ਵਧਦੇ ਬੋਝ ਦੇ ਮੱਦੇਨਜ਼ਰ ਸੰਸਦ ਮੈਂਬਰ ਕਿਰਨ ਖੇਰ ਨੇ ਦਿੱਲੀ 'ਚ ਲੋਕ ਸਭਾ ਦੀ ਕਾਰਵਾਈ ਦੌਰਾਨ ਚੰਡੀਗੜ੍ਹ ਦੇ ਆਸ-ਪਾਸ ਰਿੰਗ ਰੋਡ ਬਣਾਏ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਇਸ ਦੌਰਾਨ ਕਿਹਾ ਕਿ ਸ਼ਹਿਰ 'ਚ ਵੱਡੀ ਗਿਣਤੀ 'ਚ ਬਾਹਰੀ ਵਾਹਨ ਆਉਂਦੇ ਹਨ, ਜੋ ਸ਼ਹਿਰ ਦੇ ਟ੍ਰੈਫਿਕ 'ਚ ਵੀ ਰੁਕਾਵਟ ਪਾਉਂਦੇ ਹਨ ਅਤੇ ਇਨ੍ਹਾਂ ਨਾਲ ਜਾਮ ਲੱਗਦਾ ਹੈ। ਰਿੰਗ ਰੋਡ ਦਾ ਪ੍ਰਾਜੈਕਟ ਸ਼ਹਿਰ ਦੀਆਂ ਸੜਕਾਂ ਨੂੰ ਸਾਹ ਮੁਹੱਈਆ ਕਰਵਾ ਸਕਦਾ ਹੈ।
ਕਿਰਨ ਖੇਰ ਨੇ ਸੰਸਦ 'ਚ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਲਈ ਗ੍ਰਾਂਟ ਦੀ ਮੰਗ 'ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਦੇ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਇਕ ਰਿੰਗ ਰੋਡ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਸ਼ਹਿਰ 'ਤੇ ਆਵਾਜਾਈ ਦਾ ਦਬਾਅ ਘੱਟ ਹੋ ਸਕੇ। ਇਸ ਲਈ ਰਿੰਗ ਰੋਡ ਬੇਹੱਦ ਜ਼ਰੂਰੀ ਹੈ। ਹਰਿਆਣਾ ਅਤੇ ਪੰਜਾਬ ਆਉਣ ਅਤੇ ਜਾਣ ਵਾਲੇ ਟ੍ਰੈਫਿਕ ਨੂੰ ਇਸ ਰਿੰਗ ਰੋਡ ਤੋਂ ਡਾਇਵਰਟ ਕੀਤਾ ਜਾ ਸਕਦਾ ਹੈ ਅਤੇ ਸ਼ਹਿਰ ਦੀਆਂ ਸੜਕਾਂ ਤੋਂ ਟ੍ਰੈਫਿਕ ਦਬਾਅ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਖੇਰ ਨੇ ਕਿਹਾ ਕਿ ਪਿਛਲੇ ਸਾਲ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਇਸ ਮੰਗ ਨੂੰ ਮਨਜ਼ੂਰ ਕੀਤਾ ਸੀ ਅਤੇ ਫੇਜ਼-1 ਤਹਿਤ ਇਸ ਦਾ ਨਿਰਮਾਣ ਕਰਨ ਲਈ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਸੀ ਪਰ ਇਹ ਪ੍ਰਾਜੈਕਟ ਹੁਣ ਅੱਗੇ ਨਹੀਂ ਵਧ ਰਿਹਾ ਹੈ। ਉਨ੍ਹਾਂ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਦਾ ਟ੍ਰਿਬੀਊਨ ਚੌਂਕ 'ਤੇ ਸਿਕਸ ਲੇਨ ਫਲਾਈਓਵਰ ਅਤੇ ਫੋਰ ਲੇਨ ਅੰਡਰਪਾਸ ਮਨਜ਼ੂਰ ਕਰਨ ਲਈ ਵੀ ਧੰਨਵਾਦ ਕੀਤਾ।