'ਕਿਰਨ ਖੇਰ' ਫਿਰ ਮੁਸੀਬਤ 'ਚ, ਚੋਣ ਦਫਤਰ ਵਲੋਂ ਨੋਟਿਸ ਜਾਰੀ

05/07/2019 1:13:31 PM

ਚੰਡੀਗੜ੍ਹ (ਸਾਜਨ) : ਭਾਜਪਾ ਉਮੀਦਵਾਰ ਅਤੇ ਵਰਤਮਾਨ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਆਪਣੇ ਟਵਿਟਰ 'ਤੇ 'ਰੇਲਗੇਟ' ਸ਼ਬਦ ਲਿਖਣ ਕਾਰਨ ਘਿਰ ਗਏ ਹਨ। ਚੋਣ ਦਫ਼ਤਰ, ਚੰਡੀਗੜ੍ਹ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦਾ ਅਗਲੇ 24 ਘੰਟਿਆਂ 'ਚ ਜਵਾਬ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਵੀ ਕਿਰਨ ਖੇਰ ਨੂੰ ਚੋਣ ਦਫ਼ਤਰ ਬੱਚਿਆਂ ਵੱਲੋਂ ਨਾਅਰੇ ਲਗਵਾਉਣ ਦੀ ਫੋਟੋ ਟਵਿਟਰ 'ਤੇ ਪਾਉਣ ਦੇ ਸੰਦਰਭ 'ਚ ਨੋਟਿਸ ਜਾਰੀ ਕਰ ਚੁੱਕਿਆ ਹੈ। ਖੇਰ ਨੇ ਆਪਣੇ ਫੇਸਬੁੱਕ ਅਤੇ ਟਵਿਟਰ ਅਕਾਊਂਟ 'ਤੇ ਮੈਟਰੋ ਟਰੇਨ ਅਤੇ ਮੋਨੋ ਰੇਲ ਨੂੰ ਲੈ ਕੇ ਇਕ ਪੋਸਟ ਪਾਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕਿਰਨ ਖੇਰ ਇਜ਼ ਨਾਟ ਇੰਟਰਸਟਿਡ ਇਨ ਰੇਲਗੇਟ। ਮਤਲਬ ਉਨ੍ਹਾਂ ਨੇ ਕੇਂਦਰ 'ਚ ਸਾਲ 2009 ਦੀ ਯੂ. ਪੀ. ਏ. ਸਰਕਾਰ 'ਚ ਰੇਲ ਮੰਤਰੀ ਰਹੇ ਪਵਨ ਕੁਮਾਰ ਬਾਂਸਲ 'ਤੇ ਨਿਸ਼ਾਨਾ ਸਾਧਿਆ ਹੈ, ਜੋ ਉਸ ਸਮੇਂ ਰੇਲਗੇਟ ਕਾਂਡ 'ਚ ਫਸ ਗਏ ਸਨ। ਹਾਲਾਂਕਿ ਇਹ ਦੋਸ਼ ਬਾਅਦ 'ਚ ਸਾਬਤ ਨਹੀਂ ਹੋ ਸਕੇ ਸਨ। ਇਸ ਨੂੰ ਆਧਾਰ ਬਣਾਉਂਦੇ ਹੋਏ ਚੀਫ ਇਲੈਕਟ੍ਰੋਲ ਅਫਸਰ ਅਜੋਏ ਕੁਮਾਰ ਸਿਨਹਾ ਕੋਲ ਐਡਵੋਕੇਟ ਪੰਕਜ ਚਾਂਦਗੋਠੀਆ ਨੇ ਸ਼ਿਕਾਇਤ ਦਿੱਤੀ ਹੈ।
ਨਾਮਜ਼ਦਗੀ ਰੱਦ ਕੀਤੀ ਜਾਵੇ 
ਚਾਂਦਗੋਠੀਆ ਨੇ ਲਿਖਿਆ ਹੈ ਕਿ ਕਿਰਨ ਖੇਰ ਦੇ ਚੋਣ ਲੜਨ 'ਤੇ ਰੋਕ ਲਾਈ ਜਾਵੇ ਕਿਉਂਕਿ ਉਨ੍ਹਾਂ ਨੇ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਕੀਤੀ ਹੈ। ਉਨ੍ਹਾਂ ਦੀ ਨਾਮਜ਼ਦਗੀ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਉਹ ਜਨਤਕ ਤੌਰ 'ਤੇ ਮੁਆਫੀ ਮੰਗ ਕੇ ਆਪਣੀ ਦਿੱਤੀ ਗਈ ਸਟੇਟਮੈਂਟ ਨੂੰ ਵਾਪਸ ਲੈਣ। ਹਵਾਲਾ ਦਿੱਤਾ ਗਿਆ ਹੈ ਕਿ ਖੇਰ ਨੇ ਮਾਡਲ ਕੋਡ ਆਫ ਕੰਡਕਟ ਦੇ ਕਲਾਜ਼ 2 ਦੀ ਉਲੰਘਣਾ ਕੀਤੀ ਹੈ। ਇਸ ਕਲਾਜ਼ ਅਨੁਸਾਰ ਜੇਕਰ ਦੂਜੀ ਰਾਜਨੀਤਕ ਪਾਰਟੀ ਦੀ ਆਲੋਚਨਾ ਕਰਨੀ ਹੈ ਤਾਂ ਉਸ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਦੀ ਆਲੋਚਨਾ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਦੀ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ। ਦੂਜੀ ਪਾਰਟੀ ਦੇ ਲੀਡਰਾਂ ਦੀ ਐਕਟੀਵਿਟੀ ਦਾ ਹਵਾਲਾ ਨਹੀਂ ਦਿੱਤਾ ਜਾ ਸਕਦਾ। ਜੋ ਦੋਸ਼ ਸਾਬਤ ਨਾ ਹੋਇਆ, ਉਸਦਾ ਹਵਾਲਾ ਦੇਣ ਤੋਂ ਵੀ ਬਚਣਾ ਚਾਹੀਦਾ ਹੈ ਪਰ ਕਿਰਨ ਖੇਰ ਨੇ ਇਸ ਮਾਮਲੇ ਦਾ ਹਵਾਲਾ ਦੇ ਕੇ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕੀਤੀ ਹੈ।
24 ਘੰਟਿਆਂ 'ਚ ਦੇਣਾ ਹੋਵੇਗਾ ਜਵਾਬ 
ਸ਼ਿਕਾਇਤ 'ਚ ਕਿਹਾ ਗਿਆ ਕਿ ਖੇਰ ਨੇ ਰੇਲਗੇਟ ਸ਼ਬਦ ਦਾ ਇਸਤੇਮਾਲ ਪਵਨ ਕੁਮਾਰ ਬਾਂਸਲ ਦਾ ਨਾਮ ਬਦਨਾਮ ਕਰਨ ਦੇ ਲਹਿਜ਼ੇ 'ਚ ਕੀਤਾ, ਜਦੋਂਕਿ ਜਾਂਚ ਏਜੰਸੀਆਂ ਨੇ ਉਨ੍ਹਾਂ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਹੈ। ਉਲਟਾ ਉਨ੍ਹਾਂ ਨੂੰ ਇਸ ਮਾਮਲੇ 'ਚ ਗਵਾਹ ਬਣਾਇਆ ਗਿਆ ਹੈ। ਇਸ ਕੇਸ 'ਚ ਰੀ-ਇਨਵੈਸਟੀਗੇਸ਼ਨ ਦੀ ਮੰਗ ਵੀ ਰੱਦ ਕਰ ਦਿੱਤੀ ਗਈ ਹੈ। ਲੋਕਾਂ ਦੇ ਦਿਮਾਗ 'ਚ ਸ਼ੰਕਾ ਪੈਦਾ ਕਰਨ ਦੇ ਲਿਹਾਜ਼ ਨਾਲ ਉਹ ਰੇਲਗੇਟ ਸ਼ਬਦ ਦਾ ਪ੍ਰਯੋਗ ਕਰ ਰਹੇ ਹਨ। ਮਾਡਲ ਕੋਡ ਆਫ ਕੰਡਕਟ ਕਮੇਟੀ ਦੇ ਇੰਚਾਰਜ ਅਨਿਲ ਗਰਗ ਨੇ ਕਿਰਨ ਖੇਰ ਨੂੰ ਇਹ ਨੋਟਿਸ ਜਾਰੀ ਕੀਤਾ ਹੈ, ਜਿਸ ਦੀ ਇਕ ਕਾਪੀ ਡੀ. ਸੀ. ਅਤੇ ਐਡੀਸ਼ਨਲ ਚੀਫ ਇਲੈਕਟੋਰਲ ਅਫਸਰ ਮਨਦੀਪ ਸਿੰਘ ਬਰਾੜ ਕੋਲ ਵੀ ਭੇਜੀ ਹੈ। ਅਨਿਲ ਗਰਗ ਨੇ ਪੁਸ਼ਟੀ ਕੀਤੀ ਕਿ ਰੇਲਗੇਟ ਸ਼ਬਦ ਨੂੰ ਲੈ ਕੇ ਕਿਰਨ ਖੇਰ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ 24 ਘੰਟਿਆਂ 'ਚ ਉਨ੍ਹਾਂ ਨੂੰ ਇਸਦਾ ਜਵਾਬ ਦੇਣ ਨੂੰ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਚਾਂਦਗੋਠੀਆ ਦੀ ਸ਼ਿਕਾਇਤ ਨੂੰ ਚੋਣ ਦਫ਼ਤਰ ਤੋਂ ਬਣੀ ਮੀਡੀਆ ਸਰਟੀਫਿਕੇਸ਼ਨ ਐਂਡ ਮੈਨੇਜਮੈਂਟ ਕਮੇਟੀ ਜਿਸ ਨੂੰ ਸੁਧਾਂਸ਼ੂ ਗੌਤਮ ਹੈਂਡਲ ਕਰ ਰਹੇ ਹਨ, ਨੇ ਜਾਂਚਿਆ ਸੀ। ਇਸ ਨੂੰ ਉੱਥੋਂ ਅੱਗੇ ਐਕਸ਼ਨ ਲਈ ਫਾਰਵਰਡ ਕਰ ਦਿੱਤਾ ਗਿਆ ਸੀ।
ਅੱਗੇ ਤੋਂ ਅਜਿਹਾ ਕੀਤਾ ਤਾਂ ਹੋਵੇਗੀ ਸਖਤ ਕਾਰਵਾਈ
ਬੀਤੇ ਦਿਨੀਂ ਬੱਚਿਆਂ ਤੋਂ ਚੋਣ ਕੰਪੇਨ ਕਰਵਾਉਣ ਦੀ ਸ਼ਿਕਾਇਤ 'ਤੇ ਭਾਜਪਾ ਉਮੀਦਵਾਰ ਕਿਰਨ ਖੇਰ ਅਤੇ ਬਸਪਾ ਉਮੀਦਵਾਰ ਪ੍ਰਵੀਨ ਕੁਮਾਰ ਨੂੰ ਨੋਟਿਸ ਭੇਜਿਆ ਗਿਆ ਸੀ। ਇਸ ਤੋਂ ਬਾਅਦ ਦੋਨਾਂ ਉਮੀਦਵਾਰਾਂ ਨੇ ਆਪਣਾ ਜਵਾਬ ਚੋਣ ਕਮਿਸ਼ਨ ਨੂੰ ਭੇਜਿਆ ਸੀ। ਸੋਮਵਾਰ ਨੂੰ ਆਰ. ਓ. ਵਲੋਂ ਦੋਨਾਂ ਉਮੀਦਵਾਰਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਚਿਤਾਵਨੀ 'ਚ ਅੱਗੇ ਤੋਂ ਅਜਿਹਾ ਹੋਣ 'ਤੇ ਸਖਤ ਕਾਰਵਾਈ ਦੀ ਗੱਲ ਕਹੀ ਗਈ ਹੈ।


Babita

Content Editor

Related News