ਲੜਕੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਰਿਸ਼ਤੇਦਾਰਾਂ ਕੀਤਾ ਕਾਬੂ

Sunday, Feb 18, 2018 - 11:22 AM (IST)

ਲੜਕੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਰਿਸ਼ਤੇਦਾਰਾਂ ਕੀਤਾ ਕਾਬੂ


ਸ੍ਰੀ ਮੁਕਤਸਰ ਸਾਹਿਬ (ਪਵਨ) - ਇਕ 16 ਸਾਲਾ ਵਿਦਿਆਰਥਣ ਨੂੰ ਨੌਜਵਾਨ ਨਸ਼ੀਲੀ ਚੀਜ਼ ਸੁੰਘਾ ਕੇ ਅਗਵਾ ਕਰ ਕੇ ਲਿਜਾ ਰਿਹਾ ਸੀ। ਲੜਕੀ ਦੇ ਰਿਸ਼ਤੇਦਾਰਾਂ ਨੇ ਲੜਕੇ ਨੂੰ ਕਾਬੂ ਕਰ ਕੇ ਮੁਕਤਸਰ ਲੈ ਆਏ, ਜਿੱਥੇ ਲੜਕੇ ਦੀ ਕੁੱਟ-ਮਾਰ ਕਰਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਅਬੋਹਰ ਰੋਡ ਦੀ ਗਲੀ ਨੰ. 3 ਦੀ ਨਿਵਾਸੀ 10ਵੀਂ ਕਲਾਸ ਦੀ ਵਿਦਿਆਰਥਣ ਸਵੇਰੇ ਸਕੂਲ ਜਾਣ ਲਈ ਘਰੋਂ ਨਿਕਲੀ ਪਰ ਉਹ ਸਕੂਲ ਨਹੀਂ ਪਹੁੰਚੀ। ਉਸ ਦੇ ਸਕੂਲ ਨਾ ਆਉਣ 'ਤੇ ਜਦੋਂ ਅਧਿਆਪਕਾਂ ਨੇ ਪੁੱਛਿਆ ਤਾਂ ਉਸ ਦੀ ਸਾਥਣ ਨੇ ਦੱਸਿਆ ਕਿ ਉਹ ਆਈ ਤਾਂ ਸੀ ਪਰ ਬੀਮਾਰ ਹੋਣ ਕਾਰਨ ਘਰ ਪਰਤ ਗਈ ਹੈ, ਜਿਸ ਤੋਂ ਬਾਅਦ ਉਸ ਦੇ ਘਰ ਫੋਨ ਕੀਤਾ ਤਾਂ ਪਰਿਵਾਰ ਨੇ ਦੱਸਿਆ ਕਿ ਉਹ ਤਾਂ ਘਰ ਪਹੁੰਚੀ ਹੀ ਨਹੀਂ।
ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਲੜਕੀ ਦੀ ਮਾਸੀ ਇਸ ਗੱਲ ਦਾ ਪਤਾ ਲੱਗਣ 'ਤੇ ਆਪਣੇ ਪਰਿਵਾਰ ਸਮੇਤ ਮਲੋਟ ਤੋਂ ਚੱਲ ਪਈ ਪਰ ਮਲੋਟ ਤੋਂ ਕੁਝ ਦੂਰੀ 'ਤੇ ਹੀ ਉਨ੍ਹਾਂ ਨੇ ਇਕ ਲੜਕੇ ਨੂੰ ਮੋਟਰਸਾਈਕਲ 'ਤੇ ਉਕਤ ਲੜਕੀ ਨੂੰ ਲਿਜਾਂਦੇ ਦੇਖਿਆ। ਉਸ ਨੂੰ ਫੜ ਲਿਆ ਅਤੇ ਮੁਕਤਸਰ ਲੈ ਆਏ। ਮੁਕਤਸਰ ਆਉਂਦੇ ਲੜਕੀ ਦੇ ਪਰਿਵਾਰ ਨੇ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਕੁੱਟਦੇ ਹੋਏ ਬੱਸ ਸਟੈਂਡ ਚੌਕੀ ਲੈ ਗਏ ਪਰ ਚੌਕੀ ਮੁਖੀ ਦਰਸ਼ਨ ਸਿੰਘ ਨੇ ਨੌਜਵਾਨ ਦੀ ਹਾਲਤ ਦੇਖ ਕੇ ਉਸ ਨੂੰ ਉੱਥੇ ਰੱਖਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਸਿਟੀ ਥਾਣੇ ਲੈ ਆਏ।
ਥਾਣੇ ਦੇ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਧਿਗਾਣਾ ਨਿਵਾਸੀ ਜੱਗਾ ਸਿੰਘ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਉਸ ਦੀ ਹਾਲਤ ਨਾਜ਼ੁਕ ਹੈ। ਇਸ ਲਈ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਲੜਕੀ ਦੀ ਸ਼ਿਕਾਇਤ 'ਤੇ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਨੌਜਵਾਨ ਦੀ, ਜੋ ਹਾਲਤ ਹੋਈ ਹੈ, ਇਸ ਦੇ ਲਈ ਲੜਕੀ ਦੇ ਪਰਿਵਾਰ 'ਤੇ ਕਾਰਵਾਈ ਹੋਵੇਗੀ।
 


Related News