ਅੰਮ੍ਰਿਤਸਰੀ ਥੋਕ ਦਵਾ ਵਿਕਰੇਤਾ ਦੇ ਲੜਕੇ ਨੂੰ ਪਿਸਤੌਲ ਦੀ ਨੋਕ ''ਤੇ ਕੀਤਾ ਅਗਵਾ

10/18/2019 10:58:48 AM

ਤਰਨਤਾਰਨ (ਰਮਨ ਚਾਵਲਾ) : ਬੀਤੀ ਰਾਤ ਇਕ ਥੋਕ ਦਵਾ ਵਿਕਰੇਤਾ ਦੇ ਬੇਟੇ ਨੂੰ ਕੁਝ ਅਗਵਾਕਾਰਾਂ ਵਲੋਂ ਪਿਸਤੌਲ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ। ਜਿਸ ਤੋਂ ਬਾਅਦ ਅਗਵਾਕਾਰਾਂ ਨੇ ਲੜਕੇ ਨੂੰ ਤਰਨਤਾਰਨ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਰਿਹਾਅ ਕਰਦੇ ਹੋਏ ਉਸ ਦੀ ਕਾਰ ਸਣੇ ਉਸ ਦਾ ਪਰਸ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜ਼ਿਲਾ ਅੰਮ੍ਰਿਤਸਰ ਦੀ ਪੁਲਸ ਵਲੋਂ ਲੜਕੇ ਦੇ ਬਿਆਨਾਂ ਹੇਠ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਸੀ. ਸੀ. ਟੀ. ਵੀ. ਰਾਹੀਂ ਮੁਲਜ਼ਮਾਂ ਦੀ ਭਾਲ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਪ੍ਰਣਵ ਚੋਪੜਾ (24) ਪੁੱਤਰ ਸੰਜੀਵ ਚੋਪੜਾ ਬੰਟੀ (ਥੋਕ ਕਾਰੋਬਾਰੀ ਬੰਬੇ ਮੈਡੀਸਨ ਕੰਪਨੀ ਕਟੜਾ ਸ਼ੇਰ ਸਿੰਘ) ਨਿਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਇਕ ਕਾਲਜ ਦਾ ਸਟੂਡੈਂਟ ਹੈ ਅਤੇ ਬੀਤੀ ਰਾਤ ਰਣਜੀਤ ਐਵੀਨਿਊ ਬੀ-ਬਲਾਕ ਦੀ ਮਾਰਕੀਟ ਵਿਖੇ ਆਪਣੀ ਆਈ-20 ਕਾਰ 'ਚ ਕਿਸੇ ਕੰਮ ਲਈ ਗਿਆ ਸੀ। ਪ੍ਰਣਵ ਨੇ ਦੱਸਿਆ ਕਿ ਕਰੀਬ 10 ਵਜੇ ਰਾਤ 2 ਅਣਪਛਾਤੇ ਮੋਨੇ ਵਿਅਕਤੀਆਂ ਨੇ ਉਸ ਨੂੰ ਪਿਸਤੌਲ ਦੀ ਨੋਕ 'ਤੇ ਉਸ ਦੀ ਕਾਰ 'ਚ ਬਿਠਾ ਲਿਆ ਅਤੇ ਸ਼ਹਿਰ ਤੋਂ ਬਾਹਰ ਨਿਕਲ ਆਏ। ਉਸ ਦੀ ਕਾਰ ਚਲਾ ਰਹੇ ਇਕ ਵਿਅਕਤੀ ਵਲੋਂ ਸ਼ਹਿਰ ਦੇ ਕੁਝ ਏ. ਟੀ. ਐੱਮ. 'ਤੇ ਪਹੁੰਚ ਕੀਤੀ ਗਈ ਜਿਥੇ ਰੁਪਏ ਨਾ ਹੋਣ ਕਾਰਣ ਉਸ ਦਾ ਏ. ਟੀ. ਐੱਮ. ਕਾਰਡ ਨਹੀਂ ਚੱਲ ਸਕਿਆ। ਏ. ਟੀ. ਐੱਮ. ਤੋਂ ਰੁਪਏ ਕਢਵਾਉਣ ਦੇ ਚੱਕਰ 'ਚ ਉਹ ਉਸ ਨੂੰ ਨੈਸ਼ਨਲ ਹਾਈਵੇ ਰਾਹੀਂ ਤਰਨਤਾਰਨ ਲੈ ਆਏ, ਜਿੱਥੇ ਉਸ ਨਾਲ ਕੁੱਟ-ਮਾਰ ਵੀ ਕੀਤੀ ਗਈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਐਸਾਰ ਪੈਟਰੋਲ ਪੰਪ ਵਿਖੇ ਉਸ ਨੂੰ ਸੜਕ 'ਤੇ ਕਾਰ 'ਚੋਂ ਉਤਾਰ ਦਿੱਤਾ। ਪ੍ਰਨਵ ਨੇ ਉਨ੍ਹਾਂ ਦੇ ਤਰਲੇ ਕੀਤੇ ਕਿ ਉਸ ਦੀ ਕਾਰ ਵਾਪਸ ਦੇ ਦਵੋ ਪਰ ਮੁਲਜ਼ਮਾਂ ਵੱਲੋਂ ਕਾਰ ਸਣੇ ਇਕ ਆਈਫੋਨ ਅਤੇ ਪਰਸ ਜਿਸ ਵਿਚ ਬੈਂਕ ਦੇ ਏ. ਟੀ. ਐੱਮ. ਕਾਰਡ ਸਨ, ਨੂੰ ਖੋਹ ਕੇ ਫਰਾਰ ਹੋ ਗਏ। ਕਿਸੇ ਤਰ੍ਹਾਂ ਪੀੜਤ ਨੌਜਵਾਨ ਨੇ ਆਪਣੇ ਘਰ ਦੇਰ ਰਾਤ ਕਰੀਬ 11 ਵਜੇ ਫੋਨ ਕਰਦੇ ਹੋਏ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਤਰਨਤਾਰਨ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਸੰਜੀਵ ਚੋਪੜਾ ਬੰਟੀ, ਸੁਰਿੰਦਰ ਸ਼ਰਮਾ, ਨਵੀਨ ਕੁਮਾਰ ਹੈਪੀ ਨੇ ਪੁਲਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇ।

ਇਸ ਸਬੰਧੀ ਦੇਰ ਰਾਤ ਐੱਸ. ਪੀ. (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਰਣਜੀਤ ਐਵੀਨਿਊ ਨਾਲ ਸਬੰਧਤ ਹੈ, ਜਿਸ ਦੀ ਕਾਨੂੰਨੀ ਕਾਰਵਾਈ ਅੰਮ੍ਰਿਤਸਰ ਵਿਖੇ ਕੀਤੀ ਜਾਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਅੰਮ੍ਰਿਤਸਰ ਪੁਲਸ ਨਾਲ ਹੋ ਚੁੱਕੀ ਹੈ, ਜਿੱਥੇ ਪੀੜਤ ਦੇ ਬਿਆਨਾਂ ਹੇਠ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਣਜੀਤ ਐਵੀਨਿਊ ਦੇ ਮੁਖੀ ਇੰਸਪੈਕਟਰ ਰੋਬਿਨ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਹਾਇਕ ਕਮਿਸ਼ਨਰ ਆਫ ਪੁਲਸ ਮੈਡਮ ਪਰਵਿੰਦਰਜੀਤ ਦੀ ਅਗਵਾਈ ਹੇਠ ਟੋਲ ਪਲਾਜ਼ਾ ਤੋਂ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


Baljeet Kaur

Content Editor

Related News