ਡੇਰਾ ਪ੍ਰੇਮੀ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼
Thursday, Aug 31, 2017 - 02:22 AM (IST)

ਬਠਿੰਡਾ(ਬਲਵਿੰਦਰ)-ਸਥਾਨਕ ਅਜੀਤ ਰੋਡ 'ਤੇ ਕੁਝ ਵਿਅਕਤੀਆਂ ਨੇ ਇਕ ਡੇਰਾ ਪ੍ਰੇਮੀ ਪਰਿਵਾਰ ਦਾ ਬੱਚਾ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਰੌਲਾ ਪੈਣ 'ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਜਦਕਿ ਪੁਲਸ ਇਸ ਨੂੰ ਸ਼ੱਕੀ ਮਾਮਲਾ ਕਰਾਰ ਦੇ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਗਲੀ ਨੰ. 20, ਅਜੀਤ ਰੋਡ ਵਿਖੇ ਕੁਝ ਅਣਪਛਾਤੇ ਇਕ ਡੇਰਾ ਪ੍ਰੇਮੀ ਦੇ ਘਰ 'ਚ ਦਾਖਲ ਹੋਏ, ਜਿਨ੍ਹਾਂ ਇਕ ਛੋਟੇ ਬੱਚੇ ਨੂੰ ਚੁੱਕ ਲਿਆ। ਉਨ੍ਹਾਂ ਬੱਚੇ ਤੋਂ ਪਹਿਲਾਂ ਉਸ ਦੇ ਮਾਤਾ-ਪਿਤਾ ਬਾਰੇ ਵੀ ਪੁੱਛਿਆ, ਜਿਸ ਨੇ ਦੱਸਿਆ ਕਿ ਉਹ ਘਰ 'ਚ ਨਹੀਂ ਹਨ। ਅਣਪਛਾਤੇ ਵਿਅਕਤੀ ਬੱਚੇ ਨੂੰ ਲੈ ਕੇ ਜਾਣ ਲੱਗੇ ਤਾਂ ਉਸ ਦੀ ਮਾਂ ਘਰ ਪਹੁੰਚ ਗਈ। ਉਸਨੇ ਰੌਲਾ ਪਾਇਆ ਤਾਂ ਅਣਪਛਾਤੇ ਵਿਅਕਤੀ ਬੱਚੇ ਨੂੰ ਛੱਡ ਕੇ ਫਰਾਰ ਹੋ ਗਏ। ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਮੁਖੀ ਕੁਲਦੀਪ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ ਕਿਉਂਕਿ ਔਰਤ ਦੀ ਸ਼ਿਕਾਇਤ ਹੈ ਕਿ ਉਸ ਦੇ ਬੱਚੇ ਨੂੰ 9 ਵਜੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਦੱਸਣਯੋਗ ਹੈ ਕਿ ਇਸ ਘਰ ਦੇ ਸਾਹਮਣੇ 8.30 ਵਜੇ ਤੋਂ ਚਿਨਾਈ ਵਾਲਾ ਮਿਸਤਰੀ ਤੇ ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਸੰਬੰਧਿਤ ਜਗ੍ਹਾ 'ਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਜਦੋਂ ਕਿ ਉਕਤ ਔਰਤ ਸ਼ਿਕਾਇਤ ਕਰਨ ਵੀ 12 ਵਜੇ ਪਹੁੰਚੀ ਹੈ। ਫਿਰ ਵੀ ਉਕਤ ਔਰਤ ਦੀ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਅਸਲੀਅਤ ਤੱਕ ਪਹੁੰਚਿਆ ਜਾ ਸਕੇ।