ਨਿੱਜੀ ਰੰਜਿਸ਼ਾਂ ਛੱਡ ਕੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ: ਲਖਵੀਰ ਲੱਖਾ

Monday, Aug 25, 2025 - 11:30 AM (IST)

ਨਿੱਜੀ ਰੰਜਿਸ਼ਾਂ ਛੱਡ ਕੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ: ਲਖਵੀਰ ਲੱਖਾ

ਜਲੰਧਰ (ਰਮਨਦੀਪ ਸਿੰਘ ਸੋਢੀ): ਪੰਜਾਬ ਦੀ ਸਿਆਸਤ ਵਿਚ ਇਨ੍ਹੀਂ ਦਿਨੀਂ ਕਾਂਗਰਸ ਪਾਰਟੀ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ’ਚ ਆਉਣ ਦਾ ਕਾਰਨ ਹੈ ਕਾਂਗਰਸ ਦੇ ਲੀਡਰਾਂ ਵੱਲੋਂ ਧੜਾਧੜ ਕੀਤੀ ਜਾ ਰਹੀ ਬਿਆਨਬਾਜ਼ੀ। ਇਹ ਬਿਆਨਬਾਜ਼ੀ ਵੀ ਆਪਣੀ ਵਿਰੋਧੀ ਧਿਰ ਦੇ ਜਾਂ ਸੱਤਾ ਧਿਰ ਦੇ ਖ਼ਿਲਾਫ਼ ਨਹੀਂ, ਸਗੋਂ ਆਪਣੇ ਹੀ ਲੀਡਰਾਂ ਦੇ ਖ਼ਿਲਾਫ਼ ਹੈ। ਅਜਿਹੇ ’ਚ ਕਾਂਗਰਸ ਪਾਰਟੀ ਦਾ ਸਿਆਸੀ ਭਵਿੱਖ ਕੀ ਹੋਵੇਗਾ? ਇਸ ਬਾਰੇ ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕੀਤੀ। ਪੇਸ਼ ਹੈ ਪੂਰਾ ਵੇਰਵਾ :

ਕਾਂਗਰਸ ਦੀ ਮੌਜੂਦਾ ਸਥਿਤੀ ’ਤੇ ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੈ?

ਕਾਂਗਰਸ ਦੀ ਸਥਿਤੀ ਬਹੁਤ ਮਜ਼ਬੂਤ ਹੈ। ਅੱਜ ਵਿਰੋਧੀ ਸਾਡੇ ਖ਼ਿਲਾਫ਼ ਲੋਕਾਂ ਵਿਚ ਇਹ ਧਾਰਨਾ ਬਣਾਉਣ ਦਾ ਯਤਨ ਕਰ ਰਹੇ ਹਨ ਕਿ ਕਾਂਗਰਸ ਵਿਰੋਧੀਆਂ ਨਾਲ ਨਹੀਂ ਸਗੋਂ ਆਪਸ ਵਿਚ ਹੀ ਲੜ ਰਹੀ ਹੈ ਪਰ ਕਾਂਗਰਸ ਪਾਰਟੀ ਵਿਰੋਧੀਆਂ ਨਾਲ ਵੀ ਲੜ ਰਹੀ ਹੈ ਤੇ ਕਾਂਗਰਸ ਅੰਦਰ ਲੋਕਤੰਤਰ ਹੋਣ ਕਾਰਨ ਸਾਡੇ ਆਪਸ ਵਿਚ ਨਜ਼ਰੀਏ ਵੱਖੋ-ਵੱਖਰੇ ਹੋ ਸਕਦੇ ਹਨ।

ਇਕ-ਦੂਜੇ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਅਨੁਸ਼ਾਸਨਹੀਣਤਾ ਨਹੀਂ ਹੈ?

ਇਹ ਅਨੁਸ਼ਾਸਨਹੀਣਤਾ ਤਾਂ ਹੈ ਪਰ ਕਾਂਗਰਸ ’ਚ ਰਾਹੁਲ ਗਾਂਧੀ ਨੇ ਅੰਦਰੂਨੀ ਲੋਕਤੰਤਰ ਲਿਆਂਦਾ ਹੈ। ਸਾਡੀ ਪਾਰਟੀ ਵਿਚ ਲੀਡਰ ਘੁਟਣ ਮਹਿਸੂਸ ਨਹੀਂ ਕਰਦਾ ਤੇ ਆਪਣੀ ਗੱਲ ਬੇਝਿਜਕ ਹੋ ਕੇ ਲੋਕਾਂ ਅੱਗੇ ਤੇ ਆਪਣੀ ਪਾਰਟੀ ਅੱਗੇ ਰੱਖਦਾ ਹੈ। ਇਸ ਨੂੰ ਵਿਰੋਧੀ ਭਾਵੇਂ ਆਪਸੀ ਦੁਸ਼ਮਣੀ ਕਹਿਣ ਭਾਵੇਂ ਇਕ-ਦੂਜੇ ਦਾ ਵਿਰੋਧ।

ਰਾਜਾ ਵੜਿੰਗ ਤਾਂ ਕਹਿੰਦੇ ਹਨ ਕਿ ਮੀਡੀਆ ਦੀ ਬਜਾਏ ਟੇਬਲ ’ਤੇ ਗੱਲ ਕਰੋ?

ਰਾਜਾ ਵੜਿੰਗ ਨੂੰ ਹਾਈਕਮਾਨ ਨੇ ਪ੍ਰਧਾਨ ਬਣਾਇਆ ਹੈ ਤੇ ਪ੍ਰਧਾਨ ਨੂੰ ਪ੍ਰਧਾਨ ਮੰਨਣਾ ਹਰ ਕਾਂਗਰਸੀ ਵਰਕਰ ਤੇ ਲੀਡਰ ਦਾ ਫਰਜ਼ ਹੈ। ਪਾਰਟੀ ਦੇ ਅੰਦਰੂਨੀ ਮਸਲਿਆਂ ’ਤੇ ਬਹਿ ਕੇ ਆਪਸ ਵਿਚ ਗੱਲ ਕਰਨੀ ਚਾਹੀਦੀ ਹੈ, ਇਸ ਲਈ ਪ੍ਰਧਾਨ ਤਿਆਰ ਹੈ ਤੇ ਪਾਰਟੀ ਲੀਡਰਸ਼ਿਪ ਵੀ ਸੁਣਨ ਨੂੰ ਤਿਆਰ ਹੈ। ਸਾਡੇ ਪਾਰਟੀ ਇੰਚਾਰਜ ਵੀ ਕਹਿੰਦੇ ਹਨ ਕਿ ਮੀਡੀਆ ਵਿਚ ਜਾਣ ਦੀ ਬਜਾਏ ਸਾਡੇ ਨਾਲ ਗੱਲ ਕਰੋ।

ਕਈ ਲੀਡਰ ਪ੍ਰਧਾਨ ਬਦਲਣ ਦੀਆਂ ਗੱਲਾਂ ਕਰ ਰਹੇ ਹਨ?

ਇਹ ਬਹੁਤ ਮਾੜੀ ਗੱਲ ਹੈ। ਪਾਰਟੀ ਹਾਈਕਮਾਨ ਕਿਸੇ ਵਿਚ ਸਮਰੱਥਾ ਤੇ ਕਾਬਲੀਅਤ ਵੇਖ ਕੇ ਹੀ ਉਸ ਨੂੰ ਨਿਯੁਕਤ ਕਰਦੀ ਹੈ। 2022 ਦੀਆਂ ਚੋਣਾਂ ਵੇਲੇ ਕਾਂਗਰਸ ਬਹੁਤ ਬੈਕਫੁੱਟ ’ਤੇ ਆ ਗਈ ਸੀ। ਉਦੋਂ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਮੱਲਿਕਾਰਜੁਨ ਖੜਗੇ ਦੀ ਪਾਰਖੂ ਅੱਖ ਨੇ ਇਸ ਨੌਜਵਾਨ ਆਗੂ ਨੂੰ ਪਛਾਣਿਆ ਤੇ ਪ੍ਰਧਾਨਗੀ ਸੌਂਪੀ, ਜਿਹੜਾ ਹਿੱਕ ਦੇ ਜ਼ੋਰ ’ਤੇ ਪਾਰਟੀ ਦੀ ਆਵਾਜ਼ ਬੁਲੰਦ ਕਰਦਿਆਂ ਲੋਕਾਂ ਦੇ ਮੁੱਦੇ ਚੁੱਕ ਸਕਦਾ ਹੈ ਤੇ ਕਾਂਗਰਸ ਦੇ ਕੰਮ ਲੋਕਾਂ ਵਿਚ ਲਿਜਾ ਸਕਦਾ ਹੈ। ਮੇਰਾ ਮੰਨਣਾ ਕਿ ਹਾਈਕਮਾਨ ਵੱਲੋਂ ਚੁਣੇ ਗਏ ਵਿਅਕਤੀ ਦਾ ਵਿਰੋਧ ਕਰਨਾ ਵੀ ਅਨੁਸ਼ਾਸਨਹੀਣਤਾ ਹੈ।

ਕਈ ਕਾਂਗਰਸੀ ਤਾਂ ਕਹਿੰਦੇ ਨੇ ਕਿ ਸਾਡੇ ਪ੍ਰਧਾਨ ਦੀ ਮੁੱਖ ਮੰਤਰੀ ਨਾਲ ਸੈਟਿੰਗ ਹੈ ਤੇ ਉਹ ‘ਆਪ’ ਤੋਂ ਡਰਦਾ ਹੈ?

ਇਨ੍ਹਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ। ਸਾਡਾ ਪ੍ਰਧਾਨ ਖੁੱਲ੍ਹ ਕੇ ਸਰਕਾਰ ਖ਼ਿਲਾਫ਼ ਬੋਲਦਾ ਹੈ। ਇਹ ਸਭ ਈਰਖ਼ਾ ਕਾਰਨ ਅਜਿਹੀਆਂ ਗੱਲਾਂ ਕਹਿੰਦੇ ਹਨ। ਪਾਰਟੀ ਹਾਈਕਮਾਨ ਸਭ ਵੇਖ ਰਹੀ ਹੈ।

ਕੀ ਇਹ ਸੱਚ ਹੈ ਕਿ ਹਾਈਕਮਾਨ ਵੀ ਇਸ ਕਾਟੋ-ਕਲੇਸ਼ ਦਾ ਤਮਾਸ਼ਾ ਵੇਖਦੀ ਹੈ?

ਹਾਈਕਮਾਨ ਦੋਹਾਂ ਧਿਰਾਂ ਦੀ ਸਮਰੱਥਾ ਜ਼ਰੂਰ ਵੇਖਦੀ ਹੈ ਕਿ ਇਕ ਬੰਦੇ ਦੀ ਕਿੰਨੀ ਸਹਿਣ ਸ਼ਕਤੀ ਹੈ ਤੇ ਦੂਜੇ ਬੰਦੇ ’ਚ ਧਮਕਾਉਣ ਦੀ ਕਿੰਨੀ ਸਮਰੱਥਾ ਹੈ। ਪਾਰਟੀ ਅਖ਼ੀਰ ਤਕ ਵਾਚ ਕਰਦੀ ਹੈ ਤੇ ਜਿਹੜਾ ਬੰਦਾ ਪਾਰਟੀ ਦੀ ਨੀਤੀ ’ਤੇ ਖਰਾ ਉਤਰਦਾ ਹੈ, ਪਾਰਟੀ ਉਸ ਦੇ ਹੱਕ ਵਿਚ ਆ ਕੇ ਖੜ੍ਹ ਜਾਂਦੀ ਹੈ।

ਰਾਹੁਲ ਗਾਂਧੀ ਦੀ ਪੰਜਾਬ ਬਾਰੇ ਕੀ ਸੋਚ ਹੈ?

ਰਾਹੁਲ ਗਾਂਧੀ ਸਿਰਫ਼ ਪੰਜਾਬ ਹੀ ਨਹੀਂ, ਪੂਰੇ ਦੇਸ਼ ਲਈ ਸੋਚਦੇ ਹਨ। ਉਹ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਕਈ ਵਾਰ ਸਰਕਾਰਾਂ ਬਣ ਜਾਂਦੀਆਂ ਹਨ ਤਾਂ ਸੰਗਠਨ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਰਾਹੁਲ ਗਾਂਧੀ ਪਹਿਲਾਂ ਸੰਗਠਨ ਮਜ਼ਬੂਤ ਕਰਨ ਦੀ ਸੋਚ ਰੱਖਦੇ ਹਨ, ਸੰਗਠਨ ਹੀ ਸਰਕਾਰ ਬਣਾਉਂਦੇ ਹਨ।

ਸੰਗਠਨ ਵਿਚ ਕੰਮ ਕੀਤੇ ਬਿਨਾਂ ਕਦਰ ਨਹੀਂ ਪੈਣੀ 

ਅੱਜ ਦੀ ਤਾਰੀਖ਼ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਸੰਗਠਨ ਪੱਖੋਂ ਬਹੁਤ ਮਜ਼ਬੂਤ ਹੈ। ਪਾਰਟੀ ਹਾਈਕਮਾਨ ਤੇ ਰਾਹੁਲ ਗਾਂਧੀ ਨੇ ਸੰਗਠਨ ’ਤੇ ਬਹੁਤ ਬਾਰੀਕੀ ਨਾਲ ਨਿਗਾਹ ਟਿਕਾਈ ਹੋਈ ਹੈ। ਜਿਹੜਾ ਸੰਗਠਨ ਵਿਚ ਕੰਮ ਕਰਦਾ ਹੈ, ਉਹ ਉੱਪਰ ਜਾਵੇਗਾ। ਸਾਡੇ ਬਹੁਤ ਸਾਰੇ ਲੀਡਰ ਬਿਆਨਬਾਜ਼ੀ ਤਾਂ ਬਹੁਤ ਕਰਦੇ ਹਨ, ਪਰ ਸੰਗਠਨ ਪੱਖੋਂ ਜ਼ੀਰੋ ਹਨ। ਮੇਰੇ ਨਾਲ ਦੇ ਕਈ ਸਾਥੀ ਬਹੁਤ ਕੰਮ ਕਰਦੇ ਹਨ ਤੇ ਕਈ ਅਜੇ ਵੀ ਟਾਲਮਟੋਲ ਕਰਦੇ ਹਨ। ਪਾਰਟੀ ਵਿਚ ਇਸ ਵੇਲੇ ਸੰਗਠਨ ਸਿਰਜਣ ਦਾ ਕੰਮ ਚੱਲ ਰਿਹਾ ਹੈ, ਸੰਗਠਨ ਵਿਚ ਕੰਮ ਕੀਤੇ ਬਿਨਾਂ ਕੋਈ ਕਦਰ ਨਹੀਂ ਪੈਣੀ, ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ।

ਲੋਕ 2027 ਵਿਚ ਕਾਂਗਰਸ ਨੂੰ ਮੌਕਾ ਕਿਉਂ ਦੇਣ?

ਜਿਹੜੇ ਬਦਲਾਅ ਦੇ ਨਾਂ ’ਤੇ ਸੱਤਾ ’ਚ ਆਏ ਸੀ, ਕਾਂਗਰਸ ਲੋਕਾਂ ਦੇ ਮਨਾਂ ’ਚੋਂ ਇਹ ਗੱਲ ਸਾਫ਼ ਕਰੇਗੀ ਕਿ ਇਹ ਬਦਲਾਅ ਝੂਠਾ ਸੀ। ਪੰਜਾਬ ਵਿਚ ਚੱਲ ਰਹੇ ਗੈਂਗਸਟਰ ਰਾਜ ਨੂੰ ਖ਼ਤਮ ਕਰਨਾ ਪਵੇਗਾ। ਲੋਕਾਂ ਤੋਂ ਫ਼ਿਰੌਤੀਆਂ ਮੰਗਣ ਵਾਲੇ ‘ਮਾਡਰਨ ਅੱਤਵਾਦ’ ਤੋਂ ਲੋਕ ਬਹੁਤ ਦੁਖੀ ਹਨ। ਜਿਵੇਂ ਕਾਂਗਰਸ ਪਾਰਟੀ ਨੇ ਸ. ਬੇਅੰਤ ਸਿੰਘ ਵੇਲੇ ਪੰਜਾਬ ਵਿਚੋਂ ਅੱਤਵਾਦ, ਵੱਖਵਾਦ ਤੇ ਦਹਿਸ਼ਤਵਾਦ ਨੂੰ ਖ਼ਤਮ ਕੀਤਾ ਸੀ, ਉਵੇਂ ਹੀ ਹੁਣ ਕਾਂਗਰਸ ਪਾਰਟੀ ਗੈਂਗਸਟਰਵਾਦ ਦਾ ਖ਼ਾਤਮਾ ਕਰੇਗੀ ਤੇ ਲੋਕਾਂ ਨਾਲ ਵਾਅਦਾ ਕਰਾਂਗੇ ਕਿ ਅਸੀਂ ਸਾਫ਼-ਸੁਥਰਾ ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ਸੁਚਾਰੂ ਰੱਖਾਂਗੇ।

ਪ੍ਰਤਾਪ ਬਾਜਵਾ ਨਾਲ ਸਹਿਮਤ ਹੋ?

ਪੰਜਾਬ ਦੇ ਆਰਥਿਕ ਹਾਲਾਤ ਤਾਂ ਬਹੁਤ ਤਰਸਯੋਗ ਹਨ। ਪ੍ਰਤਾਪ ਸਿੰਘ ਬਾਜਵਾ ਦਾ ਵਪਾਰ ਬਾਰੇ ਜੋ ਵਿਜ਼ਨ ਹੈ, ਉਹ ਅਪਨਾਉਣਾ ਪਵੇਗਾ। ਪੰਜਾਬ ਦਾ ਇੰਟਰਨੈਸ਼ਨਲ ਟਰੇਡ ਖੁੱਲ੍ਹੇ। ਇਕੱਲੇ ਰੇਤੇ ਨਾਲ ਪੰਜਾਬ ਦਾ ਕੁਝ ਨਹੀਂ ਬਣ ਸਕਦਾ। ਪੰਜਾਬ ਦੀ ਅਰਥਵਿਵਸਥਾ ਨੂੰ ਵਧਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ।

‘ਆਪ’ ਵਿਧਾਇਕ ਤੁਹਾਡਾ ਨਾਂ ਸ਼ਰਾਬ ਦੀ ਫੈਕਟਰੀ ਨਾਲ ਜੋੜਦੇ ਹਨ, ਪੂਰਾ ਮਸਲਾ ਕੀ ਹੈ?

ਇਹ ਸਭ ਝੂਠ ਹੈ। ਉਹ ਜਿਹੜੀ ਸ਼ਰਾਬ ਫੈਕਟਰੀ ਸੀ, 2020 ਵਿਚ ਕਾਂਗਰਸ ਦੇ ਰਾਜ ਵੇਲੇ ਫੜੀ ਗਈ। ਜਿਹੜੇ ਬੰਦੇ ਉਸ ਨਾਲ ਜੁੜੇ ਸੀ, ਉਹ ਫੜੇ ਗਏ, ਚਲਾਨ ਪੇਸ਼ ਹੋ ਗਏ ਤੇ ਉਨ੍ਹਾਂ ਦੀਆਂ ਤਰੀਕਾਂ ਪੈਂਦੀਆਂ ਹਨ। ਕਿਸੇ ’ਤੇ ਦੂਸ਼ਣਬਾਜ਼ੀ ਲਗਾ ਕੇ ਕਿਸੇ ਦੀ ਕਿਰਦਾਰਕੁਸ਼ੀ ਕਰਨਾ ਗਲਤ ਹੈ। ਅਸੀਂ ਬਹੁਤ ਇਲਜ਼ਾਮ ਲਗਾ ਸਕਦੇ ਹਾਂ ਪਰ ਜਦੋਂ ਤਕ ਕੋਈ ਠੋਸ ਸਬੂਤ ਨਾ ਹੋਣ, ਕਿਸੇ ਦੀ ਕਿਰਦਾਰਕੁਸ਼ੀ ਨਹੀਂ ਕਰਨੀ ਚਾਹੀਦੀ। ਸਰਕਾਰ ਨੂੰ ਇਸ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਪੰਜਾਬ ਕਾਂਗਰਸ ’ਚ ਦਲਿਤ ਲੀਡਰਸ਼ਿਪ ਨੂੰ ਕਿਵੇਂ ਵੇਖਦੇ ਹੋ?

ਪੰਜਾਬ ’ਚ ਦਲਿਤਾਂ ਦੀ ਆਬਾਦੀ 35 ਫ਼ੀਸਦੀ ਹੈ। ਰਾਹੁਲ ਗਾਂਧੀ ਨੇ ਪੂਰੇ ਦੇਸ਼ ਵਿਚ ਇਹ ਨਾਅਰਾ ਦਿੱਤਾ ਕਿ ‘ਜਿਸ ਦੀ ਜਿੰਨੀ ਭਾਗੀਦਾਰੀ, ਓਨੀ ਉਸ ਦੀ ਹਿੱਸੇਦਾਰੀ’। ਇਸ ਤਹਿਤ ਜੇ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਇਹ ਕਾਂਗਰਸ ਦੇ ਮਾਧਿਅਮ ਤੋਂ ਹੀ ਮਿਲਿਆ। ਪੰਜਾਬ ਵਿਚ ਕਿਸੇ ਪਾਰਟੀ ਨੇ ਵੀ ਅੱਜ ਤਕ ਦਲਿਤ ਨੂੰ ਮੁੱਖ ਮੰਤਰੀ ਨਹੀਂ ਬਣਾਇਆ। ਚਰਨਜੀਤ ਚੰਨੀ ਨੂੰ ਵੀ ਚਾਹੀਦਾ ਹੈ ਕਿ ਜੇ ਉਹ, ਪਾਰਟੀ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਲੀਡਰਾਂ ਨਾਲ ਤਾਲਮੇਲ ਨਾਲ ਚੱਲਣਗੇ ਤਾਂ ਅਸੀਂ ਅੱਗੇ ਦਲਿਤਾਂ ਦੀ ਸਥਿਤੀ ਵੀ ਸੁਧਾਰ ਸਕਦੇ ਹਾਂ ਤੇ ਪੰਜਾਬ ਦੀ ਸਥਿਤੀ ਵਿਚ ਵੀ ਸੁਧਾਰ ਹੋ ਸਕਦਾ ਹੈ। ਉਂਝ ਪੰਜਾਬ ਅੰਦਰ ਦਲਿਤਾਂ ਦੀ ਸਥਿਤੀ ਬਾਕੀ ਸੂਬਿਆਂ ਨਾਲੋਂ ਬਹੁਤ ਵਧੀਆ ਹੈ। ਹੋਰ ਸੂਬਿਆਂ ਵਿਚ ਦਲਿਤਾਂ ਨਾਲ ਬਹੁਤ ਧੱਕਾ ਹੁੰਦਾ ਹੈ ਪਰ ਪੰਜਾਬ ਵਿਚ ਗੁਰੂਆਂ-ਪੀਰਾਂ ਦੀ ਧਰਤੀ ਹੋਣ ਕਾਰਨ ਇਥੇ ਸਾਰੇ ਬਰਾਬਰ ਹਨ।

 


author

Anmol Tagra

Content Editor

Related News