6 ਦਿਨਾਂ ਤੋਂ ਖੜ੍ਹੈ ਨਾਮਦੇਵ ਮਾਰਗ ’ਤੇ ਮੀਂਹ ਦਾ ਪਾਣੀ
Tuesday, Jun 12, 2018 - 05:04 AM (IST)

ਤਪਾ ਮੰਡੀ, (ਸ਼ਾਮ, ਗਰਗ)- ਨਾਮਦੇਵ ਮਾਰਗ, ਜਿਸ ਨੂੰ ਲਾਈਫਲਾਈਨ ਵਜੋਂ ਜਾਣਿਆ ਜਾਂਦਾ ਹੈ, ਦੀ ਹਾਲਤ ਇੰਨੀ ਖਸਤਾ ਹੋ ਗਈ ਹੈ ਕਿ 6 ਦਿਨ ਪਹਿਲਾਂ ਪਏ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ ਹੋਏ ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਸਰਕਾਰ ਅਤੇ ਪੀ. ਡਬਲਿਊ. ਡੀ. ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਾਜ਼ਰ ਰਾਹਗੀਰਾਂ ਆਤਮਾ ਰਾਮ, ਭੋਲਾ ਰਾਮ, ਅੰਗਰੇਜ਼ ਸਿੰਘ, ਬਿੱਟੂ ਸਿੰਘ, ਜਗਦੀਸ਼ ਸਿੰਘ, ਬੰਸ਼ਾ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਕਾਲਾ ਸਿੰਘ, ਰੇਸ਼ਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਅਾਪਣੇ ਕੰਮ ’ਤੇ ਪੈਦਲ ਜਾਂ 2 ਪਹੀਆ ਵਾਹਨਾਂ ’ਤੇ ਜਾਣਾ ਪੈਂਦਾ ਹੈ ਅਤੇ ਸੜਕ ’ਚ ਪਏ ਟੋਇਆਂ ’ਚ ਡਿੱਗ ਕੇ ਉਹ ਅਾਪਣੀਆਂ ਲੱਤਾਂ, ਬਾਂਹਾਂ ਤੁਡ਼ਵਾ ਚੁੱਕੇ ਹਨ। ਦਿਨ-ਰਾਤ ਚੱਲਦੇ ਹੈਵੀ ਵ੍ਹੀਕਲ ਨੇ ਸਡ਼ਕ ਦਾ ਸੱਤਿਆਨਾਸ਼ ਕਰ ਦਿੱਤਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੂੰ ਇਹ ਕਦਮ ਕਰਨਾ ਪਿਆ।
ਦੁਕਾਨਦਾਰਾਂ ਹਰਦੇਵ ਸਿੰਘ, ਮਦਨ ਲਾਲ ਪੱਖੋ, ਪਾਲ ਸਿੰਘ, ਕੁਲਦੀਪ ਸਿੰਘ, ਰਘੁਵੀਰ ਸਿੰਘ ਆਦਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਡ਼ਕ ’ਚ ਘੱਟੋ-ਘੱਟ 2 ਫੁੱਟ ਤੱਕ ਦੇ ਟੋਏ ਪਏ ਹੋਏ ਹਨ ਪਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟੋਏ ਪਾਣੀ ਨਾਲ ਭਰੇ ਪਏ ਹਨ ਅਤੇ ਪਾਣੀ ਗਰਮ ਹੋਣ ਕਾਰਨ ਬਦਬੂ ਮਾਰ ਰਿਹਾ ਹੈ। ਸਾਰਾ ਕਾਰੋਬਾਰ ਠੱਪ ਹੋ ਜਾਣ ਕਾਰਨ ਦੁਕਾਨਦਾਰ ਭੁੱਖਮਰੀ ਦਾ ਸ਼ਿਕਾਰ ਹੋਣ ਕੰਢੇ ਹਨ।
ਪੀ. ਡਬਲਿਊ. ਡੀ. ਵਿਭਾਗ ਦੇ ਦਾਇਰੇ ’ਚ ਆਉਣ ਕਾਰਨ ਲਟਕੀ ਸੜਕ : ਪ੍ਰਧਾਨ
ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਦਾ ਕਹਿਣਾ ਹੈ ਕਿ ਇਹ ਸਡ਼ਕ ਪੀ. ਡਬਲਿਊ. ਡੀ. ਵਿਭਾਗ ਦੇ ਦਾਇਰੇ ’ਚ ਆਉਣ ਕਾਰਨ ਲਟਕੀ ਪਈ ਹੈ ਪਰ ਫਿਰ ਵੀ ਪ੍ਰਸ਼ਾਸਨ ਨੂੰ ਸਡ਼ਕ ਬਣਾਉਣ ਲਈ ਲਿਖਿਆ ਗਿਆ ਹੈ।
ਕਈ ਵਾਰ ਐਸਟੀਮੇਟ ਬਣਾ ਕੇ ਭੇਜਿਐ : ਐਕਸੀਅਨ
ਐਕਸੀਅਨ ਪੀ. ਡਬਲਿਊ. ਡੀ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਡ਼ਕ ਦਾ ਐਸਟੀਮੇਟ ਕਈ ਵਾਰ ਬਣਾ ਕੇ ਸਰਕਾਰ, ਅਧਿਕਾਰੀਆਂ ਅਤੇ ਨਗਰ ਕੌਂਸਲ ਨੂੰ ਭੇਜਿਆ ਜਾ ਚੁੱਕਾ ਹੈ ਪਰ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੀ ਪਿਆ ਹੈ।
ਜਲਦੀ ਹੀ ਸੜਕ ਦਾ ਕੰਮ ਸ਼ੁਰੂ ਕਰਵਾਵਾਂਗੇ : ਵਿਜੇਇੰਦਰ ਸਿੰਗਲਾ
ਇਸ ਸਬੰਧੀ ਪੀ. ਡਬਲਿਊ. ਡੀ. ਮੰਤਰੀ ਵਿਜੇਇੰਦਰ ਸਿੰਗਲਾ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਧਿਆਨ ਨਾਮਦੇਵ ਮਾਰਗ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਦਾ ਐਸਟੀਮੇਟ ਪਾਸ ਕਰ ਕੇ ਸਡ਼ਕ ਦਾ ਨਿਰਮਾਣ ਸ਼ੁਰੂ ਕਰਵਾਉਣਗੇ।