ਗੁਲਜ਼ਾਰ ਗਰੁੱਪ ਖੰਨਾ ਨੇ 10ਵਾਂ ਸਥਾਪਨਾ ਦਿਵਸ ਮਨਾਇਆ

Thursday, Mar 14, 2019 - 04:14 AM (IST)

ਗੁਲਜ਼ਾਰ ਗਰੁੱਪ ਖੰਨਾ ਨੇ 10ਵਾਂ ਸਥਾਪਨਾ ਦਿਵਸ ਮਨਾਇਆ
ਖੰਨਾ (ਸੁਖਵਿੰਦਰ ਕੌਰ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਖੰਨਾ ਵਲੋਂ ਗਰੁੱਪ ਦਾ 10ਵਾਂ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਵਲੋਂ ਇਸ ਦਿਨ ਨੂੰ ਯਾਦਗਾਰੀ ਬਣਾਉਂਦੇ ਹੋਏ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਕੈਂਪਸ ’ਚ ਪੇਂਟਿੰਗ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ, ਭਾਸ਼ਣ ਮੁਕਾਬਲੇ, ਕਵਿਤਾ ਉਚਾਰਣ ਮੁਕਾਬਲੇ, ਲੇਖ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਵਿਸ਼ੇ ਵੀ ਸਮਾਜਿਕ ਰੱਖੇ ਗਏ ਤੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ’ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਪਿਆਰ ਨੂੰ ਵੇਖ ਕੇ ਭਾਵੁਕ ਹੁੰਦੇ ਹੋਏ ਚੇਅਰਮੈਨ ਗੁਰਚਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਤੋਂ 10 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਗੁਲਜ਼ਾਰ ਗਰੁੱਪ ਇਕ ਛੋਟਾ ਜਿਹਾ ਪਰਿਵਾਰ ਸੀ, ਜੋ ਕਿ ਸਮੇਂ ਨਾਲ ਹੁਣ ਇਕ ਵੱਡਾ ਪਰਿਵਾਰ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਗਰੁੱਪ ਦੇ ਇੱਥੇ ਤੱਕ ਪਹੁੰਚਣ ਪਿੱਛੇ ਇਸਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਲਗਾਤਾਰ ਅਣਥੱਕ ਮਿਹਨਤ ਹੈ, ਜਿਸ ਸਦਕਾ ਹੀ ਹਰ ਸਾਲ ਸਾਡੇ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਹੋਰ ਗਤੀਵਿਧੀਆਂ ’ਚ ਬਿਹਤਰੀਨ ਪੁਜ਼ੀਸ਼ਨਾਂ ਹਾਸਲ ਕਰਦੇ ਹਨ। ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਦਾ ਇਕੋ ਟੀਚਾ ਸੀ ਕਿ ਗੁਲਜ਼ਾਰ ਗਰੁੱਪ ਨੂੰ ਇਸ ਖ਼ਿੱਤੇ ਦਾ ਬਿਹਤਰੀਨ ਵਿੱਦਿਅਕ ਅਦਾਰਾ ਬਣਾਉਣ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਟੀਚੇ ਨੂੰ ਸਭ ਦੀ ਸਖ਼ਤ ਮਿਹਨਤ ਸਦਕਾ ਹਾਸਲ ਕਰ ਰਹੇ ਹਾਂ। ਇਸਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਹਰ ਕਦਮ ਚੁੱਕਣ ਦਾ ਵਾਅਦਾ ਕੀਤਾ। ਇਸ ਮੌਕੇ ਵਿਦਿਆਰਥੀਆਂ ਲਈ ਕੇਕ ਕਟਿੰਗ ਸੈਰੇਮਨੀ ਦਾ ਵੀ ਆਯੋਜਨ ਕੀਤਾ ਗਿਆ।

Related News