ਦੇਸ਼ ਖਿਲਾਫ਼ ਜ਼ਹਿਰ ਉਗਲਣ ਵਾਲਿਆ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ : ਨਿਸ਼ਾਂਤ
Thursday, Mar 14, 2019 - 04:14 AM (IST)
ਖੰਨਾ (ਕਮਲ)-ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਪੰਜਾਬ ਭਰ ਦੇ ਵੱਡੇ ਆਗੂਆਂ ਅਤੇ ਵਰਕਰਾਂ ਨੇ ਐੱਸ. ਐੱਸ. ਪੀਜ਼ ਅਤੇ ਕਮਿਸ਼ਨਰਜ਼ ਨੂੰ ਮਾਣਯੋਗ ਡੀ. ਜੀ. ਪੀ. ਦੇ ਨਾਂ ਮੰਗ-ਪੱਤਰ ਸੌਂਪੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਅੱਜ ਪੰਜਾਬ ਭਰ ਦੇ ਸਾਰੇ ਹੀ ਜ਼ਿਲਿਆਂ ਵਿਚ ਪੁਲਸ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪ ਕੇ ਇਹ ਮੰਗ ਕੀਤੀ ਗਈ ਹੈ ਕਿ ਸਿੱਖ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਸਮੇਤ ਕਈ ਅਜਿਹੇ ਕੱਟੜਪੰਥੀ ਹਨ ਜੋ ਫੇਸਬੁਕ ਆਦਿ ਸੋਸ਼ਲ ਸਾਈਟਸ ’ਤੇ ਭਾਰਤ ਦੇ ਖਿਲਾਫ ਭਡ਼ਕਾਊ ਬਿਆਨਬਾਜ਼ੀ ਕਰ ਕੇ ਦੇਸ਼ ਦੀ ਅਖੰਡਤਾ ਨੂੰ ਖਿੰਡਤ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਭਡ਼ਕਾਊ ਪੋਸਟ ਪਾ ਕੇ ਖਾਲਿਸਤਾਨ ਸਮਰਥਕ ਪੰਜਾਬ ਵਿਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਨੂੰ ਵਰਗੇ ਖਾਲਿਸਤਾਨ ਸਮਰਥਕਾਂ ਦੀ ਫੇਸਬੁਕ ਆਦਿ ਸਾਰੇ ਸੋਸ਼ਲ ਸਾਈਟਸ ਨੂੰ ਬਲਾਕ ਕੀਤਾ ਜਾਵੇ ਅਤੇ ਅਜਿਹੇ ਸੋਸ਼ਲ ਸਾਈਟਸ ’ਤੇ ਜ਼ਹਿਰ ਉਗਲਣ ਵਾਲੇ ਦੇਸ਼ ਵਿਰੋਧੀਆਂ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇ, ਜਿਸ ਨਾਲ ਭਵਿੱਖ ’ਚ ਕੋਈ ਵੀ ਦੇਸ਼ ਨੂੰ ਤੋਡ਼ਨ ਅਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਸੋਸ਼ਲ ਸਾਈਟਸ ’ਤੇ ਦੇਸ਼ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਦੇਸ਼ ਧਰੋਹੀਆਂ ਦਾ ਕਾਲਾ ਚਿੱਠਾ ਅਸੀਂ ਸਬੂਤਾਂ ਸਮੇਤ ਪੁਲਸ ਵਿਭਾਗ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਤੋਂ ਜਲਦ ਪੁਲਸ ਵਿਭਾਗ ਦੇਸ਼ ਦੇ ਗੱਦਾਰਾਂ ’ਤੇ ਸ਼ਿਕੰਜਾ ਕੱਸਦੇ ਹੋਏ ਉਨ੍ਹਾਂ ਨੂੰ ਜੇਲਾਂ ’ਚ ਸੁੱਟੇਗਾ।