ਵਿਦਿਆਰਥੀ ਦੇ ਕੇਸ ਕੱਟਣ ਦੀ ਕਹਾਣੀ 'ਚ ਨਵਾਂ ਮੋੜ

Friday, Aug 09, 2019 - 01:08 PM (IST)

ਖਾਲੜਾ/ਭਿੱਖੀਵਿੰਡ (ਭਾਟੀਆ) : ਬੀਤੀ ਸ਼ਾਮ ਖਾਲੜਾ ਨੇੜੇ 11ਵੀਂ ਕਲਾਸ ਵਿਚ ਪੜ੍ਹਦੇ ਵਿਦਿਆਰਥੀ ਦੇ ਕੇਸ ਕੱਟੇ ਜਾਣ ਦੀ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ, ਜਿਸ ਤੋਂ ਬਾਅਦ ਇਸ ਗੱਲ 'ਤੇ ਯਕੀਨ ਕਰਨਾ ਮੁਸ਼ਕਲ ਹੋ ਗਿਆ ਹੈ, ਕਿ ਵਿਦਿਆਰਥੀ ਗੁਰਪ੍ਰੀਤ ਸਿੰਘ ਪਹਿਲਾਂ ਝੂਠ ਬੋਲ ਰਿਹਾ ਸੀ ਜਾਂ ਉਹ ਹੁਣ ਝੂਠ ਬੋਲ ਰਿਹਾ ਹੈ, ਕਿਉਂਕਿ ਜੋ ਬੱਚਾ ਬੀਤੀ ਸ਼ਾਮ ਪੀੜਤ ਬਣ ਕੇ ਪੁਲਸ ਥਾਣਾ ਖਾਲੜਾ ਤੇ ਮੀਡੀਆ ਕੋਲ ਇਹ ਕਹਿ ਰਿਹਾ ਸੀ ਕਿ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਜ਼ਬਰਦਸਤੀ ਕੇਸ ਕੱਟੇ ਹਨ। ਅੱਜ ਉਹ ਬੱਚਾ ਕਹਿ ਰਿਹਾ ਹੈ ਕਿ ਉਸ ਨੇ ਆਪਣੇ ਕੇਸ ਆਪ ਹੀ ਕੱਟੇ ਸਨ।

ਬੁੱਧਵਾਰ ਸ਼ਾਮ ਨੂੰ ਸਾਹਮਣੇ ਆਈ ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਮੀਡੀਆ ਦੇ ਲੋਕ ਜਦੋਂ ਅੱਜ ਉਸ ਦੇ ਘਰ ਪੁੱਜੇ ਤਾਂ ਬੱਚੇ ਦੇ ਪਰਿਵਾਰ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਬੱਚੇ ਕੋਲੋਂ ਗਲਤੀ ਹੋ ਗਈ ਹੈ। ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਦੋਕੇ, ਗ੍ਰੰਥੀ ਬਾਬਾ ਜੁਗਰਾਜ ਸਿੰਘ ਤੇ ਪ੍ਰਧਾਨ ਗੋਪਾਲ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਦੀ ਹਾਜ਼ਰੀ 'ਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੇ ਸਾਰੇ ਦੋਸਤਾਂ ਦੇ ਕੇਸ ਕੱਟੇ ਹੋਏ ਹਨ, ਜਿਸ ਕਰ ਕੇ ਉਸ ਦੇ ਮਨ 'ਚ ਖਿਆਲ ਆਇਆ ਕਿ ਉਹ ਵੀ ਆਪਣੇ ਵਾਲ ਕਟਵਾ ਦਏ। ਇਸ ਕਰ ਕੇ ੁਉਹ ਪਸ਼ੂ ਚਾਰਨ ਜਾਂਦੇ ਸਮੇਂ ਆਪਣੇ ਘਰੋਂ ਹੀ ਕੈਂਚੀ ਨਾਲ ਲੈ ਗਿਆ ਸੀ, ਉਥੇ ਜਾ ਕੇ ਉਸ ਨੇ ਆਪਣੇ ਕੇਸ ਆਪ ਹੀ ਕੱਟ ਦਿੱਤੇ। ਉਸ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਵਾਲ ਕੱਟਣ ਦੀ ਝੂਠੀ ਕਹਾਣੀ ਉਸ ਨੇ ਆਪਣੇ ਮਾਂ ਤੇ ਪਿਤਾ ਤੋਂ ਡਰਦੇ ਨੇ ਹੀ ਤਿਆਰ ਕੀਤੀ ਸੀ। ਇਸੇ ਲਈ ਉਹ ਚਿੱਕੜ 'ਚ ਡਿੱਗ ਕਿ ਲਿੱਬੜ ਗਿਆ ਸੀ ਪਰ ਬੀਤੀ ਰਾਤ ਜਦੋਂ ਪੁਲਸ ਨੇ ਉਸ ਨੂੰ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਸਾਰੀ ਸੱਚਾਈ ਉਨ੍ਹਾਂ ਨੂੰ ਦੱਸ ਦਿੱਤੀ। ਗੁਰਪ੍ਰੀਤ ਸਿੰਘ ਵੱਲੋਂ ਆਪਣੇ ਕੱਟੇ ਹੋਏ ਵਾਲ ਜੋ ਕਿ ਉਸ ਨੇ ਲਿਫਾਫੇ ਵਿਚ ਲਪੇਟ ਕੇ ਨਹਿਰ ਨੇੜੇ ਦੱਬੇ ਹੋਏ ਸਨ, ਸਿੱਖ ਆਗੂਆਂ ਸਾਹਮਣੇ ਪੇਸ਼ ਕੀਤੇ। ਗੁਰਪ੍ਰੀਤ ਸਿੰਘ ਦੇ ਪਿਤਾ ਕਰਮ ਸਿੰਘ ਨੇ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਉਨ੍ਹਾਂ ਦਾ ਲੜਕਾ ਇਹ ਕਹਿ ਰਿਹਾ ਸੀ ਕਿ ਉਸ ਦੇ ਸਿਰ 'ਚ ਜ਼ਖਮ ਹੋ ਗਏ ਹਨ, ਜਿਸ ਬਾਰੇ ਉਨ੍ਹਾਂ ਦਵਾਈ ਵੀ ਲੈ ਕੇ ਦਿੱਤੀ ਸੀ ਪਰ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਇਹ ਆਪਣੇ ਕੇਸ ਆਪ ਹੀ ਕੱਟ ਲਵੇਗਾ। ਕਰਮ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਇਸ ਘਟਨਾ ਨਾਲ ਬਹੁਤ ਠੇਸ ਪੁੱਜੀ ਹੈ। ਕਿਉਂਕਿ ਉਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਲੜਕੇ ਨੇ ਆਪਣੇ ਕੇਸ ਕਟਾ ਦਿੱਤੇ ਹਨ।

ਕੀ ਕਹਿੰਦੇ ਹਨ ਸਤਿਕਾਰ ਕਮੇਟੀ ਦੇ ਆਗੂ
ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਧੋਕੇ ਨੇ ਦੱਸਿਆ ਕਿ ਬੱਚੇ ਗੁਰਪ੍ਰੀਤ ਸਿੰਘ ਵੱਲੋਂ ਆਪਣੀ ਗਲਤੀ ਸਵੀਕਾਰ ਕਰ ਲੈਣ ਤੋਂ ਬਾਅਦ ਉਸ ਨੂੰ ਗੁਰੂ ਘਰ ਦੀ ਸੇਵਾ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਗੁਰਪ੍ਰੀਤ ਸਿੰਘ ਵੱਲੋਂ ਦੁਬਾਰਾ ਕੇਸ ਰੱਖਣ 'ਤੇ ਭੁੱਲ ਸੁਧਾਰਨ ਦੀ ਗੱਲ ਕਹਿਣ 'ਤੇ ਉਸ ਨੂੰ ਸਵਾ ਮਹੀਨਾ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਵਿਖੇ ਨਿਤਨੇਮ ਤੇ ਗੁਰੂ ਘਰ ਦੀ ਸੇਵਾ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਚਾਰ ਦੀ ਘਾਟ ਕਾਰਣ ਸਿੱਖ ਨੌਜਵਾਨਾਂ ਕੁਰਾਹੇ ਪੈ ਰਹੇ ਹਨ, ਜਿਸ ਦੀ ਇਹ ਪ੍ਰਤੱਖ ਮਿਸਾਲ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਪੰਥ ਨਾਲ ਸਬੰਧਿਤ ਥਾਵਾਂ ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੇ ਨਿਗਾਰ ਵੱਲ ਜਾ ਰਹੀ ਨਵੀਂ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਬਚਾਇਆ ਜਾ ਸਕੇ।

ਕੀ ਕਹਿੰਦੇ ਹਨ ਥਾਣਾ ਮੁਖੀ

ਇਸ ਸਬੰਧੀ ਜਦੋਂ ਥਾਣਾ ਖਾਲਡ਼ਾ ਦੇ ਮੁਖੀ ਹਰਪ੍ਰੀਤ ਸਿੰਘ ਨਾਲ ਗੱਲ ਕਰ ਕੇ ਮਾਮਲੇ ਬਾਰੇ ਜਾਣਕਾਰੀ ਦੇਣ ਦੀ ਗੱਲ ਆਖੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਲਿਖ ਦਿਉ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ।


Baljeet Kaur

Content Editor

Related News