ਰਾਸ਼ਟਰਪਤੀ ਦੀ ਆਮਦ ਤੋਂ ਪਹਿਲਾਂ ਕੇਂਦਰੀ ਯੂਨੀਵਰਸਿਟੀ ਦੀ ਕੰਧ ''ਤੇ ਲਿਖੇ ਖਾਲਿਸਤਾਨੀ ਨਾਅਰੇ!
Monday, Mar 10, 2025 - 08:57 PM (IST)

ਬਠਿੰਡਾ (ਵਿਜੇ ਵਰਮਾ) : ਰਾਸ਼ਟਰਪਤੀ ਕੇਂਦਰੀ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਬਠਿੰਡਾ ਆ ਰਹੇ ਹਨ ਪਰ ਉਨ੍ਹਾਂ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਖਾਲਿਸਤਾਨੀ ਸਮਰਥਕਾਂ ਨੇ ਕੇਂਦਰੀ ਯੂਨੀਵਰਸਿਟੀ ਦੀ ਕੰਧ ’ਤੇ ਖਾਲਿਸਤਾਨੀ ਨਾਅਰੇ ਲਿਖੇ ਅਤੇ ਬੈਨਰ ਵੀ ਲਗਾ ਦਿੱਤੇ। ਹਾਲਾਂਕਿ ਜਿਵੇਂ ਹੀ ਪੁਲਸ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਕੰਧ ਨੂੰ ਚਿੱਟਾ ਰੰਗ ਦਿੱਤਾ। ਇਸ ਬਾਰੇ ਕਿਸੇ ਪੁਲਸ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਵਿਦੇਸ਼ ਵਿੱਚ ਬੈਠੇ ਪੰਨੂ ਨੇ ਇੰਟਰਨੈੱਟ ਮੀਡੀਆ ’ਤੇ ਇੱਕ ਵੀਡੀਓ ਪਾ ਕੇ ਦਾਅਵਾ ਕੀਤਾ ਹੈ ਕਿ ਉਸ ਦੇ ਸਾਥੀਆਂ ਨੇ ਕੇਂਦਰੀ ਯੂਨੀਵਰਸਿਟੀ ਦੀ ਕੰਧ ’ਤੇ ਪੋਸਟਰ ਅਤੇ ਨਾਅਰੇ ਲਿਖੇ ਹੋਏ ਹਨ।
ਪੁਲਸ ਪ੍ਰਸ਼ਾਸਨ ਨੂੰ ਜਿਵੇਂ ਹੀ ਉਪਰੋਕਤ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਪੋਸਟਰ ਉਤਾਰ ਕੇ ਕੰਧ ’ਤੇ ਚਿੱਟਾ ਰੰਗ ਕਰ ਦਿੱਤਾ। ਇਸ ਸਬੰਧੀ ਜਦੋਂ ਐੱਸਐੱਸਪੀ ਅਮਨੀਤ ਕੌਂਡਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਕੁਝ ਵੀ ਬਰਾਮਦ ਨਹੀਂ ਕੀਤਾ ਹੈ ਪਰ ਪੁਲਸ ਜਾਂਚ ਕਰ ਰਹੀ ਹੈ।
ਪੁਲਸ ਤੇ ਖੁਫੀਆ ਜਾਣਕਾਰੀ ਨੂੰ ਦਿੱਤਾ ਚਕਮਾ
ਦੱਸ ਦੇਈਏ ਕਿ ਦੇਸ਼ ਦੇ ਰਾਸ਼ਟਰਪਤੀ ਮੰਗਲਵਾਰ ਨੂੰ ਕੇਂਦਰੀ ਯੂਨੀਵਰਸਿਟੀ ਪਹੁੰਚਣ ਵਾਲੇ ਹਨ। ਇਸ ਤੋਂ ਪਹਿਲਾਂ ਉਕਤ ਸਥਾਨ 'ਤੇ ਵੀ.ਵੀ.ਆਈ.ਪੀ ਦੀ ਆਮਦ ਲਈ ਪੂਰੇ ਟਰੈਫਿਕ ਰੂਟ ਦੀ ਵੀ ਵਿਉਂਤਬੰਦੀ ਕੀਤੀ ਗਈ ਹੈ। ਇਸ ਤੋਂ ਇਲਾਵਾ ਉਕਤ ਇਲਾਕੇ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਤਾਇਨਾਤ ਹੈ। ਪਰ ਇਸ ਦੇ ਬਾਵਜੂਦ ਖਾਲਿਸਤਾਨੀ ਸਮਰਥਕ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਅਤੇ ਭੱਜ ਗਏ।