'ਆਪ' ਉਮੀਦਵਾਰ ਨੇ ਵਾਇਰਲ ਹੋ ਰਹੀ ਵੀਡੀਓ ਬਾਰੇ ਦਿੱਤੀ ਸਫਾਈ
Friday, Apr 19, 2019 - 12:40 PM (IST)

ਖਡੂਰ ਸਾਹਿਬ (ਗਿੱਲ, ਬਲਵਿੰਦਰ ਕੌਰ) : ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਜਿਨ੍ਹਾਂ ਦੀ ਬੀਤੇ ਕੱਲ ਗੁਰੂ ਸਾਹਿਬ ਨਾਲ ਤੁਲਨਾ ਕੀਤੇ ਜਾਣ ਨੂੰ ਲੈ ਕੇ ਫੇਸਬੁੱਕ 'ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਦੀ ਸਫਾਈ ਉਨ੍ਹਾਂ ਵਲੋਂ ਮੀਡੀਆ ਸਾਹਮਣੇ ਆ ਕੇ ਦਿੱਤੀ ਹੈ। ਮਨਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਵਾਇਰਲ ਹੋਈ ਵੀਡੀਓ 'ਚ ਵਿਰੋਧੀ ਧਿਰਾਂ ਵਲੋਂ ਉਨ੍ਹਾਂ ਦੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਤੁਲਨਾ ਗੁਰੂ ਮਹਾਰਾਜ ਜੀ ਨਾਲ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਪਰ ਫਿਰ ਵੀ ਉਹ ਸਿੱਖ ਜਗਤ ਕੋਲੋਂ ਖਿਮਾ ਮੰਗਦੇ ਹਨ।
ਖਿਮਾ ਜਾਚਨਾ ਕਰਨ ਲਈ ਮਨਜਿੰਦਰ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਅੱਠ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ 'ਤੇ ਸੁਸ਼ੋਭਿਤ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਖੱਡੀ ਸਾਹਿਬ ਸ੍ਰੀ ਖਡੂਰ ਸਾਹਿਬ ਵਿਖੇ ਪਹੁੰਚੇ ਤੇ ਉਨ੍ਹਾਂ ਵਲੋਂ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾਈ ਗਈ ਤੇ ਮੱਥਾ ਟੇਕ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਖਿਮਾ ਜਾਚਨਾ ਕੀਤੀ ਗਈ।