ਸੂਬੇ ਦੀ ਤਰੱਕੀ ਲਈ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਭਾਜਪਾ ਦਾ ਪੰਜਾਬ ਪਲਾਨ

Thursday, Feb 01, 2024 - 07:02 PM (IST)

ਸੂਬੇ ਦੀ ਤਰੱਕੀ ਲਈ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਭਾਜਪਾ ਦਾ ਪੰਜਾਬ ਪਲਾਨ

ਜਲੰਧਰ (ਰਮਨਦੀਪ ਸਿੰਘ ਸੋਢੀ) : ਭਾਜਪਾ ਵਲੋਂ ਲੋਕ ਸਭਾ ਚੋਣਾਂ ਲਈ ਪੰਜਾਬ ਦੀ ਤਿਆਰੀ ਤੇ ਕਾਂਗਰਸੀ ਆਗੂਆਂ ਵਿਚਕਾਰ ਪੈਦਾ ਹੋਏ ਕਾਟੋ-ਕਲੇਸ਼ ’ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੇਵਲ ਸਿੰਘ ਢਿੱਲੋਂ ਨੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਜਿਥੇ ਵਾਹਘਾ ਬਾਰਡਰ ਰਾਹੀਂ ਕਾਰੋਬਾਰ ਸ਼ੁਰੂ ਕਰਨ ਦੀ ਗੱਲ ਕਰਦਿਆਂ ਇਸ ਮਾਮਲੇ ਨੂੰ ਕੇਂਦਰ ਦੇ ਵਿਚਾਰ ਅਧੀਨ ਦੱਸਿਆ, ਉਥੇ ਹੀ ਉਨ੍ਹਾਂ ਨੇ ਪੰਜਾਬ ਦੇ ਸਮੁੱਚੇ ਵਿਕਾਸ ਲਈ ਭਾਜਪਾ ਦੇ ਪਲਾਨ ’ਤੇ ਵੀ ਖੁੱਲ ਕੇ ਚਰਚਾ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

• ਪੰਜਾਬ ’ਚ ਪੈਪਸੀਕੋ ਲਿਆਉਣ ਦਾ ਸਬੱਬ ਕਿਵੇਂ ਬਣਿਆ?
ਪੈਪਸੀਕੋ ਬਾਰੇ ਗੱਲ ਕਰਦਿਆਂ ਢਿੱਲੋਂ ਨੇ ਕਿਹਾ ਕਿ ਪੰਜਾਬ ’ਚ ਅੱਤਵਾਦ ਦੇ ਸਮੇਂ ਤੇ ਉਹ ਪੰਜਾਬ ’ਚ ਪੈਪਸੀਕੋ ਲੈ ਕੇ ਆਏ ਸਨ। ਇਹ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਪਲਾਂਟ ਸੀ। ਮੈਂ ਰਾਜੀਵ ਗਾਂਧੀ ਨਾਲ ਮਿਲ ਕੇ ਇਹ ਪਲਾਂਟ ਪੰਜਾਬ ਵਿੱਚ ਲਿਆਂਦਾ। ਉਨ੍ਹਾਂ ਦਿਨਾਂ ’ਚ ਭਾਰਤ ’ਚ ਕੋਈ ਅੰਤਰਾਸ਼ਟਰੀ ਕੰਪਨੀ ਆਪਣਾ ਪਲਾਂਟ ਨਹੀਂ ਲਾ ਰਹੀ ਸੀ ਪਰ ਅਸੀਂ ਪੈਪਸੀਕੋ ਲੈ ਕੇ ਆਏ। ਉਨ੍ਹਾਂ ਦਿਨਾਂ ਵਿੱਚ ਪੈਪਸੀਕੋ ਵੀ ਆਪਣਾ ਪਲਾਂਟ ਸੀਕ੍ਰੇਟ ਫਾਰਮੂਲੇ ਦੇ ਕਾਰਨ ਬਾਹਰ ਨਹੀਂ ਸੀ ਲਗਾਉਂਗੀ ਪਰ ਇਹ ਪਲਾਂਟ ਜਦ ਪੰਜਾਬ ਵਿੱਚ ਚਾਲੂ ਹੋਇਆ ਤਾਂ ਫਿਰ ਇਥੋਂ ਹੀ ਕਈ ਦੇਸ਼ਾਂ ਵਿੱਚ ਸਾਮਾਨ ਸਪਲਾਈ ਹੋਣ ਲੱਗਾ। ਹੁਣ ਚੰਨ੍ਹੋ ਸੰਗਰੂਰ ’ਚ ਸਿਰਫ ਇਕ ਲੱਖ ਹੈਕਟੇਅਰ ’ਚ ਆਲੂਆਂ ਦੀ ਪੈਦਾਵਾਰ ਕਰ ਕੇ ਆਲੂ ਚਿਪਸ ਲਈ ਵਿਦੇਸ਼ ਭੇਜਿਆ ਜਾਂਦਾ ਹੈ। ਹਜ਼ਾਰਾਂ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ, ਜਿਸ ਨਾਲ ਕਈ ਘਰ ਚੱਲ ਰਹੇ ਹਨ।

ਇਹ ਵੀ ਪੜ੍ਹੋ : ਰਾਮ ਮੰਦਰ ਦੇ ਨਿਰਮਾਣ ਮਗਰੋਂ ਲੋਕ ਸਭਾ ਚੋਣਾਂ ’ਚ ਜ਼ਿਆਦਾ ਹਿੰਦੂ ਉਮੀਦਵਾਰ ਉਤਾਰਣ ਦੀ ਮੰਗ ਨੇ ਫੜਿਆ ਜ਼ੋਰ

• ਸਰਕਾਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਕਾਣੀ ਵੰਡ ਕਰਦੀ ਹੈ?
ਵੇਖੋ ਕੇਂਦਰ ਵਿੱਚ ਇਸ ਵੇਲੇ ਭਾਜਪਾ ਦੀ ਅਗਵਾਈ ਵਾਲੀ ਇਕ ਸੈਕੂਲਰ ਸਰਕਾਰ ਹੈ। ਗਡਕਰੀ ਸਾਹਿਬ ਪੰਜਾਬ ਦੌਰੇ ’ਤੇ ਆਏ, ਜੋ ਪੰਜਾਬ ਦੀ ਮੰਗ ਸੀ ਉਹ ਪੂਰੀ ਕਰ ਕੇ ਗਏ ਹਨ। ਦੂਜੇ ਪਾਸੇ ਤੁਸੀਂ ਫਿਰ ਵੀ ਕਹਿ ਦਿਓ ਕਿ ਸਾਨੂੰ ਕੇਂਦਰ ਦੀ ਤਾਂ ਲੋੜ ਹੀ ਨਹੀਂ, ਫਿਰ ਰੌਲਾ ਕਿਸ ਗੱਲ ਦਾ। ਜੇਕਰ ਕੇਂਦਰ ਨੇ ਕੋਈ ਫੰਡ ਦਿੱਤੇ ਨੇ ਤਾਂ ਉਨ੍ਹਾਂ ਦੀ ਡਿਟੇਲ ਤਾਂ ਕੇਂਦਰ ਸਰਕਾਰ ਨੂੰ ਦੇਣੀ ਹੀ ਪਵੇਗੀ। ਇਹੀ ਕਾਰਨ ਹੈ ਕਿ ਰੂਰਲ ਡਿਵੈਲਪਮੈਂਟ ਦੇ ਫੰਡ ਰੁਕੇ ਹੋਏ ਹਨ।

• ਕੀ ਲੁਧਿਆਣਾ ਜਾਂ ਅਨੰਦਪੁਰ ਸਾਹਿਬ ਤੋਂ ਚੋਣ ਲੜ ਸਕਦੇ ਨੇ ਢਿੱਲੋਂ ?
ਮੈਂ ਅਕਟਿਵ ਸਿਆਸਤ ’ਚ ਨਹੀਂ ਆਉਣਾ ਚਾਹੁੰਦਾ, ਮੈਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਹਾਂ। ਅੱਜ ਯੂ. ਪੀ. ਤੇ ਗੁਜਰਾਤ ਵਿਕਸਤ ਹੋ ਰਹੇ ਹਨ ਤਾਂ ਪੰਜਾਬ ਕਿਉਂ ਨਹੀਂ। ਮੈਂ ਭਾਜਪਾ ਤੋਂ ਬਹੁਤ ਪ੍ਰਭਾਵਿਤ ਹਾਂ। ਮੈਂ ਪੰਜਾਬ ਨੂੰ ਵਿਕਸਤ ਦੇਖਣਾ ਚਾਹੁੰਦਾ ਹਾਂ, ਜਿੱਥੋਂ ਪਾਰਟੀ ਹੁਕਮ ਕਰੇਗੀ ਮੈਂ ਤਿਆਰ ਹਾਂ। ਮੇਰੇ ਲੁਧਿਆਣਾ ਤੇ ਅਨੰਦਪੁਰ ਸਾਹਿਬ ਤੋਂ ਚੋਣ ਲੜਣ ਦੀਆਂ ਗੱਲਾਂ ਸਿਰਫ ਧਾਰਨਾਵਾਂ ਹਨ ਪਰ ਜੋ ਪਾਰਟੀ ਹੁਕਮ ਕਰੇਗੀ, ਉਹ ਆਖਰੀ ਹੋਵੇਗਾ।

• ਕੀ ਅਕਾਲੀ-ਭਾਜਪਾ ਗੱਠਜੋੜ ਹੋਵੇਗਾ?
ਅਕਾਲੀ ਦਲ ਤੇ ਭਾਜਪਾ ਵਿਚਕਾਰ ਗਠਜੋੜ ਦੀਆਂ ਕਿਆਸਅਰਾਈਆਂ ’ਤੇ ਢਿੱਲੋਂ ਨੇ ਦੱਸਿਆ ਕਿ ਗੱਠਜੋੜ ਦਾ ਵਿਸ਼ਾ ਹਾਈਕਮਾਂਡ ਦੇ ਹੱਥ ਹੈ। ਉਹ ਇਸ ਬਾਰੇ ਕੀ ਸੋਚਦੀ ਹੈ, ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਹਾਈਕਮਾਂਡ ਹੀ ਸਾਰਾ ਫੈਸਲਾ ਕਰਦੀ ਹੈ। ਗੱਠਜੋੜ ਦੇ ਮੁੱਦੇ ’ਤੇ ਉਹ ਸਭ ਦੀ ਗੱਲ ਸੁਣਦੇ ਹਨ ਪਰ ਫੈਸਲਾ ਹਾਈਕਮਾਂਡ ਦਾ ਹੀ ਰਹੇਗਾ। ਮੇਰਾ ਖੁਦ ਦਾ ਸੋਚਣਾ ਇਹ ਹੈ ਕਿ ਪੰਜਾਬ ਦੇ ਭਲੇ ਲਈ ਇੱਕਠਿਆਂ ਰਲ ਕੇ ਹੀ ਕੰਮ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਨਾਂ ਸੁਖਬੀਰ ਬਾਦਲ ਦੀ ਸ਼ਖਸੀਅਤ ਬਾਰੇ ਪੁੱਛੇ ਸਵਾਲ ’ਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਬੇਹੱਦ ਵਧੀਆ ਇਨਸਾਨ ਹਨ। ਉਨ੍ਹਾਂ ਨੇ ਪੰਜਾਬ ਦਾ ਵਿਕਾਸ ਕਰਵਾਇਆ ਹੈ ਭਾਵੇਂ ਇਹ ਵਿਕਾਸ ਕੇਂਦਰ ਨੇ ਹੀ ਕਰਵਾਇਆ ਹੈ ਪਰ ਫਿਰ ਵੀ ਕੇਂਦਰ ਕੋਲ ਅਜਿਹੇ ਪ੍ਰਾਜੈਕਟ ਲਿਜਾ ਕੇ ਉਨ੍ਹਾਂ ’ਤੇ ਕੰਮ ਕਰਵਾਉਣਾ ਕਾਫੀ ਸ਼ਲਾਘਾ ਵਾਲਾ ਕੰਮ ਹੈ, ਜਦਕਿ ਕਾਂਗਰਸ ਦੀ ਸਰਕਾਰ ਵੇਲੇ ਅਜਿਹਾ ਕੋਈ ਵਿਕਾਸ ਨਹੀਂ ਹੋਇਆ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ

• ਕਾਂਗਰਸ ’ਚ ਨਹੀਂ ਮੁੱਕ ਸਕਦੀ ਕੁਰਸੀ ਦੀ ਲੜਾਈ?
ਕਾਂਗਰਸ ’ਚ ਚੱਲਦੀ ਕੁਰਸੀ ਦੀ ਲੜਾਈ ਦੀ ਗੱਲ ’ਤੇ ਢਿੱਲੋਂ ਨੇ ਕਿਹਾ ਕਿ ਕਾਂਗਰਸ ’ਚ ਚੱਲ ਰਹੀ ਚੌਧਰ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ। ਇਹ ਸਾਰੀ ਲੜਾਈ ਦਿੱਲੀ ਵਾਲੇ ਹੀ ਕਰਵਾ ਰਹੇ ਹਨ। ਹਮੇਸ਼ਾ ਪੰਜਾਬ ਦਾ ਇੰਚਾਰਜ ਬਾਹਰਲੇ ਸੂਬੇ ਦਾ ਲਗਾ ਦਿੱਤਾ ਜਾਂਦਾ ਹੈ, ਜੋ ਸਭ ਨੂੰ ਹੀ ਥੱਲੇ ਲਾਉਣ ’ਚ ਲੱਗਾ ਰਹਿੰਦਾ ਹੈ। ਮੈਂ ਕੈਪਟਨ ਨੂੰ ਉਤਾਰਨ ਲਈ ਨਵਜੋਤ ਸਿੱਧੂ ਨੂੰ ਦੋਸ਼ ਨਹੀਂ ਦਿੰਦਾ, ਇਹ ਸਭ ਦਿੱਲੀ ਵਾਲਿਆਂ ਦਾ ਹੀ ਚੱਕਰ ਚਲਾਇਆ ਹੋਇਆ ਸੀ। ਅੱਜ ਵੀ ਦੇਖ ਲਓ ਪੰਜਾਬ ਕਾਂਗਰਸ ’ਚ ਮੁੱਖ ਮੰਤਰੀ ਚਿਹਰੇ ਲਈ ਕਿੰਨੇ ਦਾਅਵੇਦਾਰ ਹਨ। ਇਸ ਪਾਰਟੀ ’ਚ ਕੁਰਸੀ ਦੀ ਲੜਾਈ ਨਹੀਂ ਮੁੱਕ ਸਕਦੀ। ਕਾਂਗਰਸ ’ਚ ਚੰਗੇ ਆਦਮੀ ਦੀ ਕੋਈ ਬੁੱਕਤ ਨਹੀਂ। ਕਾਂਗਰਸ ’ਚ ਲੱਤਾਂ ਖਿੱਚਣ ਵਾਲੇ ਬਹੁਤੇ ਹਨ। ਮੈਂ 33 ਸਾਲ ਕਾਂਗਰਸ ਲਈ ਕੰਮ ਕੀਤਾ ਤੇ ਫਿਰ ਭਾਜਪਾ ’ਚ ਆ ਗਿਆ। ਭਾਜਪਾ ਕਾਫੀ ਮਜ਼ਬੂਤ ਢਾਂਚੇ ਵਾਲੀ ਪਾਰਟੀ ਹੈ। ਇਥੇ ਕਾਂਗਰਸ ਵਾਂਗ ਚੌਧਰ ਦੀ ਲੜਾਈ ਨਹੀਂ ਹੈ।

• ਪਾਕਿਸਤਾਨ ਨਾਲ ਵਾਹਗਾ ਰਾਹੀਂ ਹੋਵੇ ਵਪਾਰ
ਪੰਜਾਬੀ ਸਭ ਤੋਂ ਵੱਧ ਭਾਵੁਕ ਤੇ ਭੋਲੇ-ਭਾਲੇ ਹਨ। ਪੰਜਾਬ ਦੇ ਲੋਕ ਹੀ ਪੂਰੇ ਦੇਸ਼ ਲਈ ਆਪਣਾ ਘਰ ਫੂਕ ਕੇ ਅੰਨਦਾਤਾ ਬਣੇ। ਅੱਜ ਪੰਜਾਬ ਦਾ ਪਾਣੀ 800 ਫੁੱਟ ’ਤੇ ਚਲਿਆ ਗਿਆ। ਅੱਜ ਆਂਧਰਾਂ ਤੇ ਤਾਮਿਲਨਾਡੂ ਆਪਣਾ ਚਾਵਲ ਪੈਦਾ ਕਰ ਰਹੇ ਹਨ। ਕੁਝ ਪੰਜਾਬੀ ਖੁਦ ਮੱਧ ਪ੍ਰਦੇਸ਼ ਦੀ ਕਣਕ ਮੰਗਵਾ ਕੇ ਖਾ ਰਹੇ ਹਨ। ਇਸ ਲਈ ਪੰਜਾਬ ਦੇ ਵਿਕਾਸ ਲਈ ਹੁਣ ਵਾਹਗਾ ਬਾਰਡਰ ਰਾਹੀਂ ਵਪਾਰ ਖੋਲ੍ਹ ਦੇਣਾ ਚਾਹੀਦਾ ਹੈ। ਪਾਕਿਸਤਾਨ ਛੱਡ, ਅਫਗਾਨਿਸਤਾਨ ਤੇ ਹੋਰ 7 ਦੇਸ਼ਾਂ ਲਈ ਵੀ ਵਾਪਰ ਖੋਲ੍ਹਣ ਨਾਲ ਪੰਜਾਬ ਤਰੱਕੀ ਦੀ ਰਾਹ ’ਤੇ ਤੁਰੇਗਾ। ਅੱਜ ਭਾਰਤ ਸਰਕਾਰ ਨੂੰ ਇਹ ਬਾਰਡਰ ਵਪਾਰ ਲਈ ਖੋਲ੍ਹਣ ਦੀ ਲੋੜ ਹੈ ਪਰ ਹਰ ਵਾਰ ਪਾਕਿਸਤਾਨ ਹੀ ਅੜਿੱਕਾ ਬਣ ਰਿਹਾ ਹੈ। ਭਾਜਪਾ ਬਾਰਡਰ ਸਟੇਟ ਨੂੰ ਵੇਖਦੇ ਹੋਏ ਕਦਮ ਚੁੱਕ ਰਹੀ ਹੈ। ਸਾਡੀ ਕੇਂਦਰ ਸਰਕਾਰ ਦੇ ਲੀਡਰਾਂ ਨਾਲ ਇਸ ਬਾਰੇ ਗੱਲ ਹੋ ਚੁੱਕੀ ਹੈ ਤੇ ਉਹ ਵਿਚਾਰ ਵੀ ਕਰ ਰਹੇ ਹਨ।

• 17 ਮਿੰਟ ਹੋਈ ਪ੍ਰਧਾਨ ਮੰਤਰੀ ਮੋਦੀ ਨਾਲ ਪਹਿਲੀ ਮੁਲਾਕਾਤ
ਪੀ.ਐੱਮ. ਨਰਿੰਦਰ ਮੋਦੀ ਨਾਲ ਹੋਈ ਮੁਲਾਕਤ ਬਾਰੇ ਗੱਲ ਕਰਦਿਆਂ ਭਾਜਪਾ ਆਗੂ ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮੇਰੀ ਮੁਲਾਕਾਤ ਪਹਿਲੀ ਵਾਰ ਮੋਹਾਲੀ ’ਚ ਹੋਈ ਸੀ। ਉਸ ਵੇਲੇ ਉਨ੍ਹਾਂ ਨਾਲ 17 ਮਿੰਟ ਤੱਕ ਗੱਲਬਾਤ ਹੋਈ। ਉਨ੍ਹਾਂ ਨੂੰ ਮੇਰੇ ਵਲੋਂ ਇਸ ਮੁਲਾਕਾਤ ਦੌਰਾਨ ਪੰਜਾਬ ’ਚ ਨਸ਼ੇ, ਬੇਰੋਜ਼ਗਾਰੀ ਤੇ ਅੱਤਵਾਦ ਵਰਗੇ ਮੁੱਦਿਆਂ ਦੀ ਅਸਲੀਅਤ ਤੋਂ ਜਾਣੂੰ ਕਰਵਾਇਆ ਗਿਆ ਸੀ। ਉਨ੍ਹਾਂ ਨਾਲ ਪੰਜਾਬ ਦੇ ਮਾੜੇ ਹੁੰਦੇ ਜਾ ਰਹੇ ਆਰਥਿਕ ਹਾਲਾਤਾਂ ’ਤੇ ਵੀ ਚਰਚਾ ਹੋਈ ਸੀ। ਮੋਦੀ ਸਾਬ ਪੰਜਾਬ ਦੇ ਵਿਕਾਸ ਲਈ ਹਮੇਸ਼ਾ ਤਤਪਰ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ, ਸਖ਼ਤ ਹਦਾਇਤਾਂ ਜਾਰੀ

• ਮੁੱਖ ਮੰਤਰੀ ਮੇਰਾ ਗਲਤ ਮਜ਼ਾਕ ਉਡਾਉਂਦੇ ਹਨ
ਮੁੱਖ ਮੰਤਰੀ ਵਲੋਂ ਜੈਕਟਾਂ, ਘੜੀਆਂ ਬਾਰੇ ਮਜ਼ਾਕ ਉਡਾਉਣ ਦੀ ਗੱਲ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੇਰੀਆਂ ਜੈਕੇਟ ਤੇ ਘੜੀਆਂ ਵਗੈਰਾ ਦੀ ਗਲਤ ਧਾਰਨਾ ਹੈ। ਮੈਨੂੰ ਅਮੀਰ ਹੋਣ ਦਾ ਭੋਰਾ ਮਾਣ ਨਹੀਂ ਹੈ। ਮੈ ਤਾਂ ਆਮ ਜਿਹਾ ਬੰਦਾ ਹਾਂ, ਸੀ. ਐੱਮ. ਸਾਬ੍ਹ ਤੁਸੀਂ ਪੰਜਾਬ ਦੇ ਲੋਕਾਂ ਬਾਰੇ ਜ਼ਰੂਰ ਸੋਚੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਲਈ ਤੇ ਖਾਸ ਕਰਕੇ ਮਾਲਵੇ ਦਾ ਕੋਈ ਭਲਾ ਜ਼ਰੂਰ ਕਰੋ।

• ਜਾਣੋ ਕੀ ਹੈ ਢਿੱਲੋਂ ਦਾ ਪੰਜਾਬ ਵਿਜ਼ਨ?
ਪੰਜਾਬ ਵਿਜ਼ਨ ਦੀ ਗੱਲ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਅੱਤਵਾਦ ਦੇ ਸਮੇਂ ਪੰਜਾਬ ਆਇਆ, ਜਦੋਂ ਬਹੁਤੇ ਲੋਕ ਪੰਜਾਬ ਛੱਡ ਜਾ ਰਹੇ ਸਨ। ਪੰਜਾਬ ਆਪਣਾ ਹੈ, ਸੋ ਆਪਾਂ ਕਿੱਥੇ ਭੱਜਾਂਗੇ। ਮੈਂ ਅੱਜ ਵੀ ਇਹੀ ਆਖਦਾ ਕਿ ਅੱਜ ਦੇ ਹਾਲਾਤ ਵੀ ਠੀਕ ਨਹੀਂ ਹਨ। ਪੰਜਾਬ ਨੂੰ ਠੀਕ ਕਰਨ ਲਈ ਇਸ ਦੀ ਆਰਥਿਕ ਹਾਲਤ ਨੂੰ ਠੀਕ ਕਰਨਾ ਪਵੇਗਾ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਇਸ ਵੇਲੇ ਸਾਨੂੰ ਚਾਹੀਦਾ ਹੈ ਰੋਜ਼ਗਾਰ ਤੇ ਇਨਵੈਸਟਮੈਂਟ ਪਰ ਇਨ੍ਹਾਂ ਦੋਵਾਂ ਵੱਲ ਕਿਸੇ ਵੀ ਨਜ਼ਰ ਨਹੀਂ। ਸਿਆਸੀ ਲੀਡਰ ਸੌਂਕਣਾ ਵਾਂਗ ਲੜ ਰਹੇ ਹਨ ਤੇ ਇਕ-ਦੂਜੇ ਦਾ ਅਕਸ ਖਰਾਬ ਕਰਨ ਦੀ ਰਾਜਨੀਤੀ ਹੋ ਰਹੀ ਹੈ। ਮੈਂ ਹਮੇਸ਼ਾ ਵਿਕਾਸ ਦੀ ਗੱਲ ਕੀਤੀ ਹੈ। ਇਸ ਵੇਲੇ ਜੇਕਰ ਕੇਂਦਰ ਦੀ ਗੱਲ ਕਰੀਏ ਤਾਂ ਮੈਂ ਭਾਜਪਾ ਕਰਕੇ ਨਹੀਂ ਗੱਲ ਕਰਦਾ, ਸਗੋਂ ਇਕ ਆਧਾਰ ’ਤੇ ਗੱਲ ਕਰ ਰਿਹਾ। 20 ਸੂਬਿਆਂ ’ਚ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ। ਗੁਜਰਾਤ ’ਚ ਭਾਜਪਾ 7-8 ਵਾਰ ਜਿੱਤ ਚੁੱਕੀ , ਮੱਧ-ਪ੍ਰਦੇਸ਼ 4 ਵਾਰ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਭਾਜਪਾ ਕੋਲ ਫੋਕਸ ਹੈ। ਇਹ ਵਿਕਾਸ ਕਰਵਾ ਰਹੇ ਹਨ ਤਾਂ ਹੀ ਜਿੱਤ ਰਹੇ ਨੇ।

ਪੰਜਾਬ ’ਚ ਇਸ ਵੇਲੇ ਘਾਟ ਹੈ ਤਾਂ ਸਹੀ ਵਿਜ਼ਨ ਦੀ ਹੈ। ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਸਹੀ ਵੱਡੇ ਨਿਵੇਸ਼ਕ ਲਿਆਉਣੇ ਪੈਣਗੇ। ਕਦੇ ਨਿਵੇਸ਼ ਦੇ ਮਾਮਲੇ ’ਚ ਪੰਜਾਬ ਦੂਜੇ ਨੰਬਰ ’ਤੇ ਸੀ ਤੇ ਯੂ. ਪੀ. 16ਵੇਂ ਨੰਬਰ ’ਤੇ ਹੁੰਦਾ ਸੀ ਪਰ ਅੱਜ ਸਥਿਤੀ ਉਲਟ ਹੋਈ ਪਈ ਹੈ, ਜਿਸ ਬਾਰੇ ਗੰਭੀਰਤਾ ਦੀ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News