ਕੇਜਰੀਵਾਲ ਨੇ ਸ਼ੁਰੂ ਕੀਤਾ 'ਮਿਸ਼ਨ ਨਵਾਂ ਅਤੇ ਸੁਨਹਿਰਾ ਪੰਜਾਬ', ਮਿਸ ਕਾਲ ਜ਼ਰੀਏ ਜੁੜ ਸਕਦੇ ਨੇ ਲੋਕ

Friday, Dec 17, 2021 - 06:10 PM (IST)

ਜਲੰਧਰ : ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੀਡੀਓ ਜਾਰੀ ਕਰਦਿਆਂ 'ਮਿਸ਼ਨ ਨਵਾਂ ਅਤੇ ਸੁਨਹਿਰਾ ਪੰਜਾਬ' ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕਰਦਿਆਂ ਇਕ ਮੋਬਾਇਲ ਨੰਬਰ ਵੀ ਜਾਰੀ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਸ ਮਿਸ਼ਨ ਦਾ ਟੀਚਾ 3 ਕਰੋੜ ਲੋਕਾਂ ਨੂੰ ਜੋੜਨਾ ਹੈ ਤਾਂ ਜੋ ਪੰਜਾਬ ਦੇ ਵਰਤਮਾਨ ਹਾਲਾਤ ਨੂੰ ਬਦਲ ਕੇ ਸੁਨਹਿਰਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਅਤੇ ਇਕ ਨਵਾਂ ਤੇ ਸੁਨਹਿਰਾ ਪੰਜਾਬ ਬਣਾਉਣ ਲਈ ਪੰਜਾਬੀਆਂ ਨੂੰ ਜੋੜਨ ਦਾ ਮਿਸ਼ਨ ਹੈ। ਇਸ ਮਿਸ਼ਨ ’ਚ ਹਰ ਧਰਮ ਅਤੇ ਵਰਗ ਦੇ ਲੋਕ ਜੁੜ ਸਕਦੇ ਹਨ। ਬੱਚੇ, ਬਜ਼ਰੁਗ, ਆਦਮੀ, ਔਰਤਾਂ ਭਾਵ ਹਰ ਉਹ ਸ਼ਖ਼ਸ, ਜੋ ਪੰਜਾਬ ਨੂੰ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਮਿਸ਼ਨ ਨਾਲ ਜੁੜਨਾ ਚਾਹੀਦਾ ਹੈ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਇਥੋਂ ਦੇ ਲੋਕ ਮਿਹਨਤੀ ਤੇ ਈਮਾਨਦਾਰ ਹਨ ਪਰ ਫਿਰ ਵੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ। ਬੱਚਿਆਂ ਕੋਲ ਨੌਕਰੀ ਨਹੀਂ ਹੈ, ਉਹ ਵਿਦੇਸ਼ਾਂ ਨੂੰ ਜਾ ਰਹੇ ਹਨ ਜਾਂ ਨਸ਼ਿਆਂ ’ਚ ਗ੍ਰਸਤ ਹੋ ਰਹੇ ਹਨ। ਪੜ੍ਹ-ਲਿਖ ਕੇ ਨੌਕਰੀਆਂ ਲਈ ਜੂਝ ਰਹੇ ਹਨ।ਕੇਜਰੀਵਾਲ ਨੇ ਪੰਜਾਬ ਦੇ ਅਜਿਹੇ ਹਾਲਾਤ ਲਈ ਇਥੋਂ ਦੇ ਸਿਆਸੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਹੀ ਸੂਬੇ ਨੂੰ ਬਚਾ ਸਕਦੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਵੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ 7070237070 ਨੰਬਰ ’ਤੇ ਮਿਸ ਕਾਲ ਕਰੋ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਰਲ ਕੇ ਪੰਜਾਬ ਦੀ ਖ਼ੁਸ਼ਹਾਲੀ ਲਈ ਖਰੜਾ ਤਿਆਰ ਕਰਾਂਗੇ ਅਤੇ ਬਿਜਲੀ, ਪਾਣੀ, ਖੇਤੀ, ਵਪਾਰ ਆਦਿ ਹਰ ਖੇਤਰ ਲਈ ਪਲਾਨ ਬਣਾਇਆ ਜਾਵੇਗਾ।

ਇਹ ਵੀ ਪੜ੍ਹੋਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਅਰਵਿੰਦ ਕੇਜਰੀਵਾਲ, ਜਲੰਧਰ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੌਰੇ 'ਤੇ ਆਏ ਕੇਜਰੀਵਾਲ ਨੇ ਜਲੰਧਰ ਵਿਖੇ ਤਿਰੰਗਾ ਯਾਤਰਾ ਦੀ ਅਗਵਾਈ ਕਰਦਿਆਂ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਆਉਣ 'ਤੇ ਜਲੰਧਰ ਵਿਖੇ ਕੌਮਾਂਤਰੀ ਹਵਾਈ ਅੱਡਾ ਅਤੇ ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਕੇਜਰੀਵਾਲ ਪਹਿਲਾਂ ਵੀ ਪੰਜਾਬੀਆਂ ਨੂੰ ਬਿਜਲੀ, ਸਿਹਤ, ਸਿੱਖਿਆ ਸਬੰਧੀ ਗਾਰੰਟੀਆਂ ਦੇ ਚੁੱਕੇ ਹਨ। 

 

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?
 


Harnek Seechewal

Content Editor

Related News