ਕਰਤਾਰਪੁਰ 'ਚ ਮੰਦਰ ਦੇ ਮੁੱਖ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ
Monday, Apr 08, 2019 - 10:30 AM (IST)
ਜਲੰਧਰ (ਸੋਨੂ ਮਹਾਜਨ)- ਅੱਜ ਤੜਕਸਾਰ ਕਰਤਾਰਪੁਰ 'ਚ ਗਊਸ਼ਾਲਾ ਨਜ਼ਦੀਕ ਸਥਿਤ ਇਕ ਮੰਦਰ ਬਾਬਾ ਬਾਲਕ ਨਾਥ ਜੀ ਦੇ ਮੁਖ ਸੇਵਾਦਾਰ ਦਾ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੜਕਸਾਰ ਕਰੀਬ ਸਾਡੇ 3 ਵਜੇ ਗਊਸ਼ਾਲਾ ਨੇੜੇ ਖਟੀਕਾਂ ਮੁਹੱਲੇ ਵਿਚ ਸਥਿਤ ਡੇਰਾ 108 ਸ਼੍ਰੀ ਸੁਖਦੇਵ ਨਾਥ, ਮੰਦਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਮੌਜੂਦਾ ਗੱਦੀਨਸ਼ੀਨ ਬਾਬਾ ਬਲਬੀਰ ਗਿਰੀ ਜੀ ਬੀਰਾ ਬਾਬਾ (47 ਸਾਲ) ਪੁੱਤਰ ਸੁਖਦੇਵ ਰਾਜ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਚਾਕੂ ਨਾਲ ਮੂੰਹ ਅਤੇ ਗਲੇ 'ਤੇ 8 ਤੋਂ 10 ਵਾਰ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਮ੍ਰਿਤਕ ਦੇ ਗੁਆਂਡੀ ਅਤੇ ਰਿਸ਼ਤੇਦਾਰ ਪ੍ਰਵੇਸ਼ ਕੁਮਾਰ ਮੁਤਾਬਕ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਰੋਜ਼ਾਨਾ ਵਾਂਗ ਸਵੇਰੇ ਉਠ ਕੇ ਮੰਦਰ ਦੇ ਵਿਹੜੇ 'ਚ ਆਏ ਸਨ। ਇਸ ਦੌਰਾਨ ਉਨ੍ਹਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਇਸ ਦੌਰਾਨ ਜ਼ਖਮੀ ਹਾਲਤ 'ਚ ਬਾਬਾ ਬਲਬੀਰ ਗਿਰੀ ਨੇ ਰੌਲਾ ਪਾਇਆ ਤਾਂ ਗੁਆਂਢ 'ਚ ਰਹਿੰਦਾ ਸੂਰਜ ਪ੍ਰਕਾਸ਼ ਪੁੱਤਰ ਸੋਹਨ ਲਾਲ ਬਾਹਰ ਆਇਆ। ਉਸ ਨੇ ਦੇਖਿਆ ਕਿ ਬਾਬਾ ਬਲਬੀਰ ਗਿਰੀ ਖੂਨ ਨਾਲ ਲਥਪਥ ਘਰ ਦੇ ਬਾਹਰ ਬੈਠੇ ਸਨ ਅਤੇ ਖੁਦ ਨੂੰ ਬਚਾਉਣ ਲਈ ਕਹਿ ਰਹੇ ਸਨ। ਮੌਕੇ 'ਤੇ ਆਸ-ਪਾਸ ਤੋਂ ਲੋਕ ਇਕੱਠੇ ਹੋਏ ਅਤੇ ਐਂਬੂਲੈਂਸ ਰਾਹੀਂ ਮੁਹੱਲਾ ਵਾਸੀ ਪ੍ਰਵੇਸ਼ ਕੁਮਾਰ, ਰੌਸ਼ਨ, ਯਸ਼ਪਾਲ ਜ਼ਖਮੀ ਬਲਬੀਰ ਬਾਬੇ ਨੂੰ ਜਲੰਧਰ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਜਾਂਚ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਬਾਬਾ ਬਲਬੀਰ ਗਿਰੀ ਬਾਬਾ ਬਾਲਕ ਨਾਥ ਜੀ ਦੇ ਉਪਾਸਕ ਸਨ ਅਤੇ ਉਨ੍ਹਾਂ ਦੇ ਘਰ (ਡੇਰੇ) ਵਿਖੇ ਦੂਰ-ਦੂਰ ਤੋਂ ਸੰਗਤ ਆਉਂਦੀ ਸੀ ਅਤੇ ਉਨ੍ਹਾਂ ਦੇ ਘਰ ਰਾਤ ਨੂੰ ਵੀ ਕਦੇ-ਕਦੇ ਰੁਕ ਜਾਂਦੀ ਸੀ। ਉਨ੍ਹਾਂ ਦੀ ਪਤਨੀ ਮਧੂ ਅਤੇ ਪੁੱਤਰ ਸਾਗਰ ਬੀਤੇ ਦਿਨ ਆਪਣੇ ਰਿਸ਼ਤੇਦਾਰ ਨੂੰ ਮਿਲਣ ਹਿਸਾਰ ਗਏ ਸਨ ਅਤੇ ਉਹ 'ਚ ਘਰ ਇਕੱਲੇ ਹੀ ਸਨ। ਬੀਤੀ ਰਾਤ ਵਾਰਦਾਤ ਤੋਂ ਬਾਅਦ ਜ਼ਖਮੀ ਬਾਬਾ ਬਲਬੀਰ ਗਿਰੀ ਨੇ ਆਪਣੇ 'ਤੇ ਹਮਲਾ ਕਰਨ ਵਾਲੇ ਦਾ ਨਾਂ ਵਿੱਕੀ ਜੰਮੂ ਦੱਸਿਆ ਸੀ। ਇਸ ਸਬੰਧੀ ਸੂਰਜ ਪ੍ਰਕਾਸ਼ ਦੇ ਬਿਆਨਾਂ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਡੀ. ਐੱਸ. ਪੀ. ਰਣਜੀਤ ਸਿੰਘ ਬਦੀਸ਼ਾ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਭੁਪਿੰਦਰ ਸਿੰਘ ਉਰਫ ਵਿੱਕੀ ਪੁੱਤਰ ਬਖਸ਼ੀਸ਼ ਸਿੰਘ ਵਾਸੀ ਭਗਵਤੀ ਨਗਰ ਜੰਮੂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਕਥਿਤ ਕਾਤਲ ਦਾ ਪੂਰਾ ਪਰਿਵਾਰ ਇਸ ਡੇਰੇ ਦਾ ਸ਼ਰਧਾਲੂ ਹੈ। ਪੁਲਸ ਵਲੋਂ ਮੁਲਜ਼ਮ ਦੀ ਗ੍ਰਿਫਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮ ਨੂੰ ਕਾਬੂ ਕਰ ਲੈਣ ਦਾ ਭਰੋਸਾ ਦਿੱਤਾ ਹੈ।
ਦੂਸਰੇ ਪਾਸੇ ਮੰਦਰ ਦੇ ਆਸ-ਪਾਸ ਰਹਿੰਦੇ ਲੋਕਾਂ ਨੇ ਦੱਸਿਆ ਕਿ ਬਾਬਾ ਬਲਬੀਰ ਗਿਰੀ ਬਹੁਤ ਹੀ ਸ਼ਾਂਤ ਸੁਭਾਅ ਦੇ ਅਤੇ ਮਿਲਣਸਾਰ ਵਿਅਕਤੀ ਸੀ, ਉਨ੍ਹਾਂ ਦੇ ਡੇਰੇ 'ਤੇ ਆਉਣ ਵਾਲੀ ਸੰਗਤ ਦਾ ਵੀ ਕਦੇ ਰੌਲਾ ਨਹੀਂ ਸੁਣਿਆ। ਕਤਲ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਅੰਦਾਜ਼ਾ ਨਹੀਂ ਲਾਇਆ ਜਾ ਰਿਹਾ। ਮੌਕੇ 'ਤੇ ਸਵੇਰੇ ਐੱਸ. ਪੀ. ਡੀ. ਰਾਜਬੀਰ ਸਿੰਘ ਬੋਪਾਰਾਏ ਅਤੇ ਦੇਰ ਸ਼ਾਮ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵੀ ਪੁੱਜੇ।