ਸ਼ਰਧਾਲੂਆਂ ਨੂੰ ਨਿੱਤ ਉਡੀਕਦੀ ਹੈ ਕਰਤਾਰਪੁਰ ਕੋਰੀਡੋਰ ਤੱਕ ਜਾਣ ਵਾਲੀ ਬੱਸ

Monday, Nov 25, 2019 - 03:16 PM (IST)

ਸ਼ਰਧਾਲੂਆਂ ਨੂੰ ਨਿੱਤ ਉਡੀਕਦੀ ਹੈ ਕਰਤਾਰਪੁਰ ਕੋਰੀਡੋਰ ਤੱਕ ਜਾਣ ਵਾਲੀ ਬੱਸ

ਡੇਰਾ ਬਾਬਾ ਨਾਨਕ (ਵਤਨ) : ਸੰਗਤਾਂ ਵਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਤੱਕ ਸਰਕਾਰ ਵਲੋਂ ਆਉਣ ਜਾਣ ਲਈ ਪੰਜਾਬ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੇ ਵਾਹਨ ਦਾ ਇੰਤਜਾਮ ਨਾ ਕਰਨ ਦਾ ਪਿਛਲੇ ਕਈ ਦਿਨਾਂ ਤੋਂ ਮੁੱਦਾ ਚੁੱਕਿਆ ਗਿਆ ਸੀ। ਹੁਣ 23 ਨਵੰਬਰ ਤੋਂ ਪੰਜਾਬ ਸਰਕਾਰ ਵਲੋਂ ਸਵੇਰੇ 8.45 ਵਜੇ ਸਥਾਨਕ ਬੱਸ ਅੱਡੇ ਤੋਂ ਕਰਤਾਰਪੁਰ ਕੋਰੀਡੋਰ ਤੱਕ ਸੰਗਤਾਂ ਨੂੰ ਲਿਜਾਉਣ ਲਈ 28 ਸੀਟਾਂ ਵਾਲੀ ਇਕ ਵਿਸੇਸ਼ ਮਿੰਨੀ ਬੱਸ ਲਗਾ ਦਿੱਤੀ ਗਈ ਹੈ ਪਰ ਤਿੰਨ ਦਿਨਾਂ 'ਚ ਇੱਕਾ ਦੁੱਕਾ ਸ਼ਰਧਾਲੂ ਹੀ ਇਸ ਬੱਸ ਰਾਹੀਂ ਕਰਤਾਰਪੁਰ ਕੋਰੀਡੋਰ ਤੱਕ ਗਏ ਹਨ। ਦੱਸਣਯੋਗ ਹੈ ਕਿ ਬੱਸ ਅਜੇ ਖਾਲੀ ਹੀ ਕੋਰੀਡੋਰ ਤੱਕ ਆ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸ ਦੇ ਕੰਡਕਟਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ 23 ਨਵੰਬਰ ਤੋਂ ਡੇਰਾ ਬਾਬਾ ਨਾਨਕ ਦੇ ਬਸ ਅੱਡੇ ਤੋਂ ਕਰਤਾਰਪੁਰ ਕੋਰੀਡੋਰ ਲਈ ਪੰਜਾਬ ਸਰਕਾਰ ਵਲੋਂ ਵਿਸੇਸ਼ ਮਿੰਨੀ ਬਸ ਲਗਾਈ ਗਈ ਹੈ ਅਤੇ ਇਸ ਦਾ ਕਿਰਾਇਆ 10 ਰੁਪਏ ਪ੍ਰਤੀ ਸਵਾਰੀ ਰੱਖਿਆ ਗਿਆ ਹੈ ਪਰ ਸੰਗਤ ਵਲੋਂ ਇਸ ਬਸ ਰਾਹੀਂ ਸਫਰ ਹੀ ਨਹੀਂ ਕੀਤਾ ਜਾ ਰਿਹਾ ਹੈ। ਉੁਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਬਹੁਤੀ ਸੰਗਤ ਤਾਂ ਰਾਤ ਨੂੰ ਡੇਰਾ ਬਾਬਾ ਨਾਨਕ ਪਹੁੰਚਦੀ ਹੈ ਅਤੇ ਕਸਬੇ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਸ਼ਰਾਮ ਕਰਦੀ ਹੈ ਅਤੇ ਸਵੇਰ ਕਸਬੇ 'ਚੋਂ ਹੀ ਸ਼ਾਰਟ ਕੱਟ ਪੈਂਦੀ ਸੜਕ ਰਾਹੀਂ ਪੈਦਲ ਹੀ ਕਰਤਾਰਪੁਰ ਕੋਰੀਡੋਰ ਪਹੁੰਚ ਜਾਂਦੀ ਹੈ ਜਾਂ ਫਿਰ ਬਹੁਤੇ ਸ਼ਰਧਾਲੂ ਆਪੋ ਆਪਣੇ ਵਾਹਨਾਂ 'ਤੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਗਾਈ ਗਈ ਬੱਸ ਕਰਤਾਰਪੁਰ ਕੋਰੀਡੋਰ ਦੇ ਮੁੱਖ ਮਾਰਗ ਰਾਹੀਂ ਕਰਤਾਰਪੁਰ ਕੋਰੀਡੋਰ ਪਹੁੰਚਦੀ ਹੈ ਅਤੇ ਜੇਕਰ ਉਹ ਕਿਸੇ ਸ਼ਰਧਾਲੂ ਨੂੰ ਬੱਸ 'ਚ ਬੈਠਣ ਲਈ ਵੀ ਕਹਿੰਦੇ ਹਨ ਤਾਂ ਉਹ ਪੈਦਲ ਹੀ ਕੋਰੀਡੋਰ ਨੂੰ ਚੱਲਣ ਦਾ ਕਹਿ ਦਿੰਦੇ ਹਨ ਜਦਕਿ ਦੂਸਰੇ ਪਾਸੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਜਾਣ ਵਾਲੀ ਸੰਗਤ ਉਨ੍ਹਾਂ ਨੂੰ ਫਰੀ ਧੁੱਸੀ ਬੰਨ ਤੱਕ ਪਹੁੰਚਾਊਣ ਲਈ ਕਹਿੰਦੇ ਹਨ, ਜਿਸ ਤੋਂ ਉਹ ਮਨਾ ਕਰ ਦਿੰਦੇ ਹਨ। ਫਿਲਹਾਲ ਪੰਜਾਬ ਸਰਕਾਰ ਵਲੋਂ ਸੰਗਤ ਨੂੰ ਦਿੱਤੀ ਗਈ ਸਹੂਲਤ ਦਾ ਸੰਗਤ ਅਜੇ ਲਾਭ ਨਹੀਂ ਲੈ ਰਹੀ। ਐਤਵਾਰ ਨੂੰ ਭਾਂਵੇ 1450 ਦੇ ਕਰੀਬ ਸੰਗਤ ਕੋਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੀ ਪਰ ਐਤਵਾਰ ਨੂੰ ਵੀ ਇੱਕਾ ਦੁੱਕਾ ਸ਼ਰਧਾਲੂ ਨੇ ਹੀ ਬਸ ਰਾਹੀਂ ਸਫਰ ਕੀਤਾ।


author

Anuradha

Content Editor

Related News