ਆਰ ਨਾਨਕ ਪਾਰ ਨਾਨਕ : ਹੱਦਾਂ-ਸਰਹੱਦਾਂ ''ਤੇ ਤੁਰੀ ਮੁਹੱਬਤਾਂ ਦੀ ਕਹਾਣੀ

11/30/2018 3:19:25 PM

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ/ਰਮਨਦੀਪ ਸਿੰਘ ਸੋਢੀ) : ਅਨਾਮ ਜ਼ਕਰੀਆ ਦੀ ਕਿਤਾਬ 'ਦਿ ਫੁੱਟ ਪ੍ਰਿੰਟਸ ਆਫ ਪਾਰਟੀਸ਼ਨ' ਦੇ ਪਹਿਲੇ ਪਾਠ ਦਾ ਸਿਰਲੇਖ ਹੈ 'ਆਜ਼ਾਦ ਕੈਦੀ'। ਮੁਲਕਾਂ ਦੀ ਤਕਸੀਮ 'ਚ ਜਿਹੜੀ ਧਰਤੀ ਬਣੀ ਉਸ 'ਤੇ ਰਹਿਣ ਵਾਲੇ ਬੰਦੇ ਉਜਾੜੇ ਤੋਂ ਬਾਅਦ ਇਹੋ ਤਾਂ ਹੋ ਗਏ ਸਨ। ਅਫ਼ਜ਼ਲ ਸਾਹਿਰ ਹੁਸ਼ਿਆਰਪੁਰ ਦੀਆਂ ਗੱਲਾਂ ਬੜੇ ਚਾਅ ਨਾਲ ਸੁਣਾਉਂਦਾ ਹੈ। ਮੇਰੇ ਚੇਤਿਆਂ 'ਚ ਉਹ ਧਰਤੀ ਉਕਰੀ ਪਈ ਹੈ ਜਿਹੜੀ ਮੇਰੇ ਦਾਦੇ ਦੀ ਜਨਮ ਭੋਇ ਸੀ। ਲਾਇਲਪੁਰ ਅੱਜ ਫੈਸਲਾਬਾਦ ਹੋ ਗਿਆ ਹੈ ਇੰਝ ਹੀ ਜਿਵੇਂ ਇਲਾਹਾਬਾਦ ਪ੍ਰਯਾਗਰਾਜ ਹੋ ਗਿਆ ਹੈ ਪਰ ਚੇਤਿਆਂ 'ਚ ਤਾਂ ਲਾਇਲਪੁਰ ਹੀ ਰਹੇਗਾ। ਮੇਰੇ ਭਾਪਾ ਜੀ ਆਖਰੀ ਸਾਹਾਂ ਨਾਲ ਉਹ ਇਸ ਦੁਨੀਆਂ ਤੋਂ ਵਿਦਾ ਤਾਂ ਹੋ ਗਏ ਪਰ ਮੇਰੇ ਚੇਤਿਆਂ 'ਚ ਆਪਣਾ ਲਾਇਲਪੁਰ ਛੱਡ ਗਏ। ਮਿੱਟੀ ਦੇ ਇਸ ਮੋਹ ਨੂੰ ਨਾ ਜਿਹਨੀਅਤ ਅਲਵਿਦਾ ਕਹਿੰਦੀ ਹੈ ਅਤੇ ਨਾ ਪਾਕ ਮੁਹੱਬਤਾਂ ਦੇ ਫਲਸਫੇ ਇਸ ਦੀ ਇਜਾਜ਼ਤ ਦੇਣਗੇ। 

PunjabKesari
4 ਜਨਵਰੀ, 1948 ਨੂੰ ਅਕਾਲੀ ਦਲ ਵੱਲੋਂ ਮਤਾ ਪੇਸ਼ ਕੀਤਾ ਗਿਆ ਸੀ ਕਿ ਗੁਰਧਾਮਾਂ ਦੇ  ਦਰਸ਼ਨਾਂ ਦੀ ਆਗਿਆ ਹੋਵੇ। 21 ਦਸੰਬਰ, 1959 ਤੱਕ ਆਉਂਦੇ- ਆਉਂਦੇ ਚੀਫ ਖ਼ਾਲਸਾ ਦੀਵਾਨ ਨੇ  ਕਰਤਾਰਪੁਰ ਸਾਹਿਬ ਦੀ ਗੱਲ ਅੱਗੇ ਤੋਰੀ। ਫਿਰ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਨੇ ਹਰ ਮੱਸਿਆ 'ਤੇ ਡੇਰਾ ਬਾਬਾ ਨਾਨਕ ਤੋਂ ਅਰਦਾਸ ਕਰਨੀ ਸ਼ੁਰੂ ਕੀਤੀ। ਇਹ ਕਾਫਲਾ 26-28 ਨਵੰਬਰ  ਦੇ ਇਨ੍ਹਾਂ ਦਿਨਾਂ 'ਚ ਆਪਣੇ ਸੁਨਹਿਰੇ ਇਤਿਹਾਸ ਨਾਲ ਦਰਜ ਹੋ ਚੁੱਕਾ ਹੈ।
ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਕੀਹਨੇ ਸੋਚਿਆ ਸੀ ਕਿ ਬਰਲਿਨ ਦੀਆਂ ਕੰਧਾਂ ਢਹਿ ਸਕਦੀਆਂ ਹਨ? ਇਸ ਬਿਆਨ ਦੇ ਕੁਝ ਸਾਰਥਕ ਮਾਇਨੇ ਹਨ। ਬੇਸ਼ੱਕ ਡੇਰਾ ਬਾਬਾ ਨਾਨਕ 'ਚ ਸ਼ਰਧਾ ਦੇ ਪੰਡਾਲ 'ਚ ਸਿਆਸਤ ਦੀਆਂ ਨਲਾਇਕੀਆਂ ਦਾ ਜੰਮ ਕੇ ਮੁਜ਼ਾਹਰਾ ਹੋਇਆ। ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਭਾਸ਼ਣ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ  ਰੂਹਾਨੀਅਤ ਦਾ ਜੋ ਗੁਣਗਾਨ ਸੀ, ਮੁਹੱਬਤ ਦੇ ਸਿੰਜੇ ਸ਼ਬਦ ਤਾਂ ਇਹੋ ਯਾਦ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਕਿੱਥੇ ਯਾਦ ਰਹਿਣਗੇ? ਸਿਆਸਤਦਾਨਾਂ ਦੀ ਬਹੁਤੀ ਤਾਰੀਫ਼ ਨਹੀਂ ਕਰਨੀ ਚਾਹੀਦੀ ਪਰ ਨਵਜੋਤ ਸਿੱਧੂ ਨੇ ਵੱਡਾ ਬੰਦਾ ਹੋਣ ਦੀ ਮਿਸਾਲ ਪੇਸ਼ ਕੀਤੀ ਹੈ। ਰਾਵੀ ਦੇ ਇਸ ਪਾਰ, ਜੋ ਕੈਪਟਨ ਅਮਰਿੰਦਰ ਅਤੇ ਹਰਸਿਮਰਤ ਬਿਆਨ ਦੇ ਰਹੇ ਸਨ, ਨਵਜੋਤ ਸਿੱਧੂ ਵੇਲੇ ਦਾ ਤਕਾਜ਼ਾ ਸਮਝਦਿਆਂ, ਰੂਹਾਨੀਅਤ ਦੇ ਇਕੱਠ 'ਚ ਪਿਆਰੀਆਂ ਗੱਲਾਂ ਰੱਖਦੇ ਗਏ ਹਨ। 
ਅੱਤਵਾਦ ਜਿਹੇ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਨਿਰੰਤਰ ਹੋਣੀ ਚਾਹੀਦੀ ਹੈ। ਇਸ  ਖੂਨ-ਖਰਾਬੇ 'ਚ ਦੋਵਾਂ ਪਾਸੇ ਮੁਲਕਾਂ ਨੇ ਬਹੁਤ ਕੁਝ ਗਵਾਇਆ ਹੈ। ਉਸਤਾਦ ਦਾ ਮਨ ਦਾ ਕਿਹਾ ਯਾਦ ਕਰੋ- 
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ 
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ 
ਕੁੱਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ 
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੁਨੀਰ ਨਿਆਜ਼ੀ ਦੇ ਸ਼ੇਅਰ ਨਾਲ ਅੱਗੇ ਵਧਣ ਦਾ ਜਿਹੜਾ ਇਸ਼ਾਰਾ ਕਰਦੇ ਹਨ, ਉਹ ਨਵੀਂ ਉਮੀਦ ਤਾਂ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਜਦੋਂ ਕਹਿੰਦੇ ਹਨ ਕਿ ਦੋ ਐਟਮੀ ਦੇਸ਼ਾਂ ਦਾ ਆਪਸ 'ਚ ਲੜਨਾ ਖੁਦਕੁਸ਼ੀ ਤੋਂ ਵੱਧ ਕੇ ਕੁਝ ਨਹੀਂ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਦੂਰੀਆਂ ਅਤੇ ਫਾਸਲੇ ਖਤਮ ਕਰਨ ਦਾ ਮੌਕਾ ਹੈ ਅਤੇ ਸਾਨੂੰ ਦਿਲ ਮਿਲਾਉਣੇ ਚਾਹੀਦੇ ਹਨ ਤਾਂ ਯਕੀਨਨ ਸੰਵਾਦ ਸ਼ੁਰੂ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸੰਦੇਸ਼ 'ਚ ਸਾਂਝੀਵਾਲਤਾ, ਈਮਾਨਦਾਰੀ ਅਤੇ ਅਮਨ ਦੇ ਇਸ਼ਾਰੇ ਹਨ। ਇਮਰਾਨ ਖ਼ਾਨ ਹਵਾਲਾ ਦਿੰਦੇ ਹਨ,''ਸੰਸਾਰ ਜੰਗ 'ਚ ਇਕ ਦੂਜੇ ਦੇ ਦੁਸ਼ਮਣ ਫਰਾਂਸ ਅਤੇ ਜਰਮਨ ਅੱਜ ਗੂੜ੍ਹੇ ਮਿੱਤਰ ਹਨ ਤਾਂ ਅਸੀਂ ਗੁਆਂਢੀ ਵੀ ਹੋ ਸਕਦੇ ਹਾਂ।” 
ਉਮੀਦ ਕਿਉਂ ਨਹੀਂ ਹੋ ਸਕਦੀ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਸਣੇ ਨੇਪਾਲ, ਭੂਟਾਨ, ਚੀਨ, ਮਿਆਂਮਾਰ ਇਕ ਦੂਜੇ ਕੋਲ ਬਿਨਾਂ ਵੀਜ਼ਾ ਆ-ਜਾ ਸਕਣ। ਇਹ ਕੋਈ ਖਿਆਲੀ ਗੱਲ ਨਹੀਂ। ਅਸੀਂ ਵੀ ਆਪਣੇ ਗੁਆਂਢ 'ਚ ਸ਼ਨਗੰਨ ਵੀਜ਼ਾ ਲੈ ਕੇ ਘੁੰਮ ਰਹੇ ਹੋਈਏ। ਇਕ ਸੂਫੀ ਕਥਾ ਹੈ ਕਿ ਮੱਖੀਆਂ ਨੇ ਕਿਹਾ ਬਾਦਸ਼ਾਹ ਨੂੰ ਸਾਨੂੰ ਵੀ ਪਰਵਾਨਿਆਂ ਵਾਲਾ ਦਰਜਾ ਦਿੱਤਾ ਜਾਵੇ ਕਿਉਂਕਿ ਸਾਡੇ ਵੀ ਖੰਭ ਨੇ, ਅਸੀਂ ਵੀ ਉੱਡਦੀਆਂ ਹਾਂ। ਬਾਦਸ਼ਾਹ ਬੋਲੇ ਠੀਕ ਹੈ, ਇਸ ਫੈਸਲੇ 'ਤੇ ਪਹੁੰਚਣ ਲਈ ਤੁਸੀ ਰੌਸ਼ਨੀ ਲੱਭ ਕੇ ਲਿਆਓ। ਮੱਖੀਆਂ ਤੇ ਪਰਵਾਨੇ ਤੁਰ ਗਏ ਰੌਸ਼ਨੀ ਲੱਭਣ ਅਤੇ 15 ਕੁ ਮਿੰਟਾਂ ਬਾਅਦ ਮੱਖੀਆਂ ਵਾਪਸ ਆਈਆਂ ਤੇ ਕਹਿੰਦੀਆਂ,''ਇਸ ਪਿੰਡ ਦੇ ਦੂਜੇ ਪਾਸੇ ਇਕ ਦੀਵਾ ਜਗਦੈ ਅਤੇ ਫਲਾਣੇ ਪਿੰਡ ਫਲਾਣੇ ਘਰ ਰੌਸ਼ਨੀ ਸੀ। ਸੋ ਪਰਵਾਨੇ ਆਉਣਗੇ ਤੇ ਫੈਸਲਾ ਕਰ ਦਿਓ ਇਸ ਆਧਾਰ 'ਤੇ ਕਿ ਜ਼ਿਆਦਾ ਰੌਸ਼ਨੀ ਲੱਭਣ 'ਚ ਕੌਣ ਵਧੇਰੇ ਕਾਮਯਾਬ ਰਿਹਾ। 

PunjabKesari
ਬਾਦਸ਼ਾਹ ਕਹਿੰਦਾ ਮੱਖੀਓ ਫੈਸਲਾ ਤਾਂ ਹੋ ਗਿਆ, ਜਿਨ੍ਹਾਂ ਨੂੰ ਰੌਸ਼ਨੀ ਮਿਲ ਗਈ ਉਹ ਵਾਪਸ ਨਹੀਂ ਪਰਤੇ। ਉਮੀਦ ਵਾਲਿਆਂ ਦੇ ਤਰਾਨੇ ਸਦਾ ਸਲਾਮਤ ਹਨ ਤੇ ਨਫਰਤਾਂ ਵਾਲਿਆਂ ਦੇ ਚਾਹੇ ਲੱਖ ਬੁਲਾਰੇ ਹੋਣ...... ਆਮੀਨ!
ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ 
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ 
ਆਖਰੀ ਖਿਆਲ ਮਨ 'ਚ ਇਹੋ ਰੱਖੀਏ ਤਾਂ ਸਾਂਝੀਵਾਲਤਾ, 
ਮੁਹੱਬਤ ਦਾ ਗੁਆਂਢ ਬਣੇਗਾ ਅਤੇ ਦੁਨੀਆਂ ਵੀ ਆਬਾਦ ਹੋਵੇਗੀ। 
ਸਭੈ ਸਾਂਝੀਵਾਲਤਾ ਸਦਾਇਣ ਤੂ ਕਿਸੇ ਨ ਦਿਸਹਿ ਬਾਹਰਾ ਜੀਓ।।


Anuradha

Content Editor

Related News