ਕਰਤਾਰਪੁਰ ਵਿਖੇ ਪ੍ਰਵਾਸੀ ਮਜ਼ਦੂਰ ਦਾ ਕੀਤਾ ਬੇਰਹਿਮੀ ਨਾਲ ਕਤਲ

Monday, Aug 16, 2021 - 11:14 AM (IST)

ਕਰਤਾਰਪੁਰ ਵਿਖੇ ਪ੍ਰਵਾਸੀ ਮਜ਼ਦੂਰ ਦਾ ਕੀਤਾ ਬੇਰਹਿਮੀ ਨਾਲ ਕਤਲ

ਕਰਤਾਰਪੁਰ (ਸਾਹਨੀ)–ਥਾਣਾ ਕਰਤਾਰਪੁਰ ਅਧੀਨ ਪਿੰਡ ਕਾਲਾ ਬਾਹੀਆਂ ਦੇ ਕਮਾਦ ਦੇ ਖੇਤਾਂ ਵਿਚੋਂ ਮਿਲੀ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ ਕੀਤੀ ਗਈ, ਜਿਸ ਦਾ ਬਰੇਹਿਮੀ ਨਾਲ ਕਤਲ ਕੀਤਾ ਗਿਆ। ਇਸ ਸਬੰਧੀ ਡੀ. ਐੱਸ. ਪੀ. ਸੁਖਪਾਲ ਸਿੰਘ ਰੰਧਾਵਾ ਅਤੇ ਥਾਣਾ ਮੁੱਖੀ ਅਰੁਣ ਮੁੰਢਨ ਨੇ ਦੱਸਿਆ ਕਿ ਬੀਤੀ 12 ਅਗਸਤ ਨੂੰ ਜਲੰਧਰ ਦੇ ਡਿਵੀਜਨ ਨੰ. 8 ਵਿਚ ਦਰਜ ਇਕ ਪ੍ਰਵਾਸੀ ਮਜ਼ਦੂਰ ਦੀ ਗੁੰਮਸ਼ੁਦਗੀ ਸਬੰਧੀ ਮਾਮਲਾ ਹੱਲ ਹੋ ਗਿਆ ਹੈ, ਜੋ ਕਿ ਮ੍ਰਿਤਕ ਦੇ ਪਤਨੀ ਦੇ ਬਿਆਨ ਦੇ ਆਧਾਰ ’ਤੇ 2 ਵਿਅਕਤੀਆਂ ਵੱਲੋਂ ਕਤਲ ਕੀਤੇ ਜਾਣ ਦਾ ਹੈ। 

ਇਹ ਵੀ ਪੜ੍ਹੋ: 75ਵੇਂ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਓ. ਪੀ. ਸੋਨੀ ਨੇ ਜਲੰਧਰ ’ਚ ਲਹਿਰਾਇਆ ‘ਤਿਰੰਗਾ’

ਇਸ ਸਬੰਧੀ ਜਾਂਚ ਕਰ ਰਹੇ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਕੋਮਲ (20 ਸਾਲ) ਪਤਨੀ ਪਿੰਟੂ ਉਰਫ਼ ਕਾਲੀ (26 ਸਾਲ) ਹਾਲ ਵਾਸੀ ਬਚਿੰਤ ਨਗਰ ਟਰਾਂਸਪੋਰਟ ਨਗਰ ਜਲੰਧਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਪਤੀ ਨਾਲ ਉੱਕਤ ਪਤੇ ’ਤੇ ਰਹਿੰਦੀ ਹੈ ਅਤੇ ਉਸ ਦਾ ਪਤੀ ਪਿੰਟੂ ਪੁੱਤਰ ਜੈ ਸਿੰਘ ਵਾਸੀ ਖਿਰੋਣਾ ਥਾਣਾ ਬਖਸ਼ਾ ਜ਼ਿਲ੍ਹਾ ਜੋਨਪੁਰ ਯੂ. ਪੀ. ਕਰੀਬ ਤਿੰਨ ਸਾਲ ਤੋਂ ਪੰਜਾਬ ਵਿਚ ਰਹਿ ਰਹੇ ਹਨ ਅਤੇ ਕਰੀਬ 8 ਮਹੀਨਿਆਂ ਤੋਂ ਉਸ ਦਾ ਪਤੀ ਪਿੰਟੂ ਜਲੰਧਰ ਦੇ ਹੀ ਹਰਿਗੋਬਿੰਦ ਨਗਰ ਵਾਸੀ ਸੁਰਿੰਦਰ ਰਾਏ ਪੁੱਤਰ ਸਤਿ ਨਿਰੰਜਣ ਕੋਲ ਟਰੈਕਟਰ-ਟਰਾਲੀ ’ਤੇ ਡਰਾਈਵਰ ਵਜੋਂ ਕੰਮ ਕਰਦਾ ਸੀ, ਜੋਕਿ ਮਿੱਟੀ ਆਦਿ ਸੁੱਟਣ ਦਾ ਕੰਮ ਕਰਦੇ ਹਨ। ਬੀਤੀ 12 ਅਗਸਤ ਨੂੰ ਸਵੇਰੇ ਉਸ ਦੇ ਪਤੀ ਨੂੰ ਕੁਲਦੀਪ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਰੰਧਾਵਾ ਮਸੰਦਾਂ ਅਤੇ ਜਤਿੰਦਰ ਪੁੱਤਰ ਬੂਟਾ ਰਾਮ ਵਾਸੀ ਫਾਜ਼ਲਪੁਰ ਦਾ ਫੋਨ ਮਿੱਟੀ ਸੁੱਟਣ ਲਈ ਆਇਆ ਅਤੇ ਉਸ ਦਾ ਪਤੀ ਸਵੇਰੇ ਕਰੀਬ 6 ਵਜੇ ਇਹ ਕਹਿ ਕੇ ਗਿਆ ਕਿ ਉਹ 8 ਵਜੇ ਤੱਕ ਆ ਜਾਵੇਗਾ ਅਤੇ ਆ ਕੇ ਹੀ ਨਾਸ਼ਤਾ ਕਰੇਗਾ ਪਰ 9 ਵਜੇ ਤੱਕ ਵੀ ਨਾ ਆਉਣ ’ਤੇ ਉਸ ਵੱਲੋਂ ਆਪਣੇ ਪਤੀ ਨੂੰ ਫੋਨ ਕੀਤਾ ਗਿਆ ਤਾਂ ਮੋਬਾਇਲ ਬੰਦ ਸੀ, ਉਸ ਨੇ ਆਪਣੇ ਪੱਧਰ ’ਤੇ ਭਾਲ ਕੀਤੀ ਅਤੇ ਕਾਫ਼ੀ ਉਡੀਕ ਤੋਂ ਬਾਅਦ ਉਸ ਨੇ ਟਰੈਕਟਰ ਮਾਲਕ ਸੁਰਿੰਦਰ ਰਾਏ ਨੂੰ ਜਾਣਕਾਰੀ ਦਿੱਤੀ, ਜਿਸ ਸਬੰਧੀ ਥਾਣਾ ਡਿਵੀਜ਼ਨ ਨੰ. 8 ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। 

ਇਹ ਵੀ ਪੜ੍ਹੋ: ਹੁਣ ਮਾਹਿਲਪੁਰ ਦੇ ਪਿੰਡ ਮੋਤੀਆਂ ਵਿਚ ਪਾਕਿਸਤਾਨੀ ਝੰਡਾ ਅਤੇ ਮਿਲੇ ਗੁਬਾਰੇ

ਇਸ ਸਬੰਧੀ ਕਾਲਾ ਬਾਹੀਆਂ ਵਿਖੇ ਮਿਲੀ ਇਕ ਨੌਜਵਾਨ ਦੀ ਲਾਸ਼ ਦੀ ਜਦੋਂ ਸ਼ਿਨਾਖਤ ਕੀਤੀ ਗਈ ਤਾਂ ਉਹ 12 ਅਗਸਤ ਨੂੰ ਗੁਆਚੇ ਪਿੰਟੂ ਵਜੋਂ ਹੋਈ, ਜਿਸ ਦੇ ਸਿਰ ’ਤੇ ਗੰਭੀਰ ਸੱਟਾਂ ਲਗੀਆਂ ਸਨ। ਪੁਲਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਵੀ ਟਰੈਕਟਰ-ਟਰਾਲੀ ਨਹੀਂ ਮਿਲਿਆ। ਹੋ ਸਕਦੈ ਕਿ ਟਰੈਕਟਰ-ਟਰਾਲੀ ਖੋਹਣ ਦੀ ਨਿਅਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਧਾਰਾ 302, 201, 379ਬੀ, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News