'ਰਾਵੀ' ਦੀਆਂ ਛੱਲਾਂ ਨਾਲ ਡੂੰਘਾ ਸਬੰਧ ਰੱਖਦਾ ਹੈ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਦਾ 'ਪ੍ਰਵਾਹ'

11/03/2019 8:37:14 AM

ਗੁਰਦਾਸਪੁਰ (ਹਰਮਨਪ੍ਰੀਤ) : ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਭਾਰਤ ਵਾਲੇ ਪਾਸੇ ਬਣਾਏ ਜਾ ਰਹੇ ਅੰਤਰਰਾਸ਼ਟਰੀ ਟਰਮੀਨਲ ਵਿਚ ਜਿਥੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਉਜਾਗਰ ਕਰਨ ਲਈ ਹੋਰ ਕਈ ਕਲਾਕ੍ਰਿਤੀਆਂ ਬਣਾਈਆਂ ਜਾਣੀਆਂ ਹਨ, ਉਥੇ ਇਸ ਆਧੁਨਿਕ ਕਿਸਮ ਦੇ ਆਲੀਸ਼ਾਨ ਟਰਮੀਨਲ 'ਚ ਇਕ ਅਜਿਹਾ ਮਿਊਜ਼ੀਅਮ ਵੀ ਤਿਆਰ ਕੀਤਾ ਜਾ ਰਿਹਾ ਹੈ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਰਾਸਤ-ਏ-ਖਾਲਸਾ ਵਾਂਗ ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ। ਇਸ ਵਿਸ਼ੇਸ਼ ਪ੍ਰਾਜੈਕਟ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਨੂੰ ਰਾਵੀ ਨਦੀ ਦੀ ਤਰਜ਼ 'ਤੇ ਬਣਾਇਆ ਜਾਣਾ ਹੈ, ਜਿਸ ਦੀ ਸਮੁੱਚੀ ਬਣਤਰ ਰਾਵੀ ਵਾਂਗ ਬਣਾ ਕੇ ਉਸ ਰਾਹੀਂ ਨਾ ਸਿਰਫ ਗੁਰੂ ਸਾਹਿਬ ਅਤੇ ਰਾਵੀ ਦਰਿਆ ਨਾਲ ਜੁੜੇ ਡੂੰਘੇ ਸਬੰਧਾਂ ਦੀ ਪੇਸ਼ਕਾਰੀ ਹੋਵੇਗੀ ਸਗੋਂ ਇਸ ਮਿਊਜ਼ੀਅਮ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਕਿ ਸ਼ੁਰੂ ਤੋਂ ਹੀ ਰਾਵੀ ਦੀਆਂ ਛੱਲਾਂ 'ਚ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਪ੍ਰਵਾਹ ਚਲਦਾ ਰਿਹਾ ਹੈ ਅਤੇ ਰਾਵੀ ਦੇ ਕਿਨਾਰੇ ਵਸੇ ਕਈ ਸ਼ਹਿਰਾਂ ਅਤੇ ਪਿੰਡਾਂ ਦੀ ਧਰਤੀ ਦਾ ਗੁਰੂ ਸਾਹਿਬ ਨਾਲ ਗੂੜ੍ਹਾ ਸਬੰਧ ਰਿਹਾ ਹੈ।

PunjabKesari

ਗੁਰੂ ਸਾਹਿਬ ਦੇ ਦੁਨਿਆਵੀ ਜੀਵਨ 'ਚ ਅਹਿਮ ਹੈ ਰਾਵੀ
ਰਾਵੀ ਦਰਿਆ ਭੂਗੋਲਿਕ ਪੱਖ ਤੋਂ ਤਾਂ ਅਹਿਮ ਰਿਹਾ ਹੈ ਪਰ ਜੇਕਰ ਇਸ ਨੂੰ ਇਤਿਹਾਸਕ ਅਤੇ ਧਾਰਮਕ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਦਰਿਆ ਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਇੰਨਾ ਗੂੜ੍ਹਾ ਸਬੰਧ ਰਿਹਾ ਹੈ ਕਿ ਉਨ੍ਹਾਂ ਦੇ ਜਨਮ ਲੈਣ ਤੋਂ ਜੋਤੀ-ਜੋਤ ਸਮਾਉਣ ਤੱਕ ਦੀਆਂ ਕਈ ਅਹਿਮ ਯਾਦਾਂ ਇਸ ਦਰਿਆ ਨਾਲ ਜੁੜੀਆਂ ਹੋਈਆਂ ਹਨ। ਗੁਰੂ ਸਾਹਿਬ ਦਾ ਜਨਮ ਅਸਥਾਨ ਵੀ ਰਾਵੀ ਤੋਂ ਜ਼ਿਆਦਾ ਦੂਰ ਨਹੀਂ ਹੈ, ਜਿਸ ਤੋਂ ਬਾਅਦ ਬਟਾਲਾ, ਅੱਚਲ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ ਵੀ ਰਾਵੀ ਦੇ ਨੇੜੇ-ਤੇੜੇ ਰਹੇ ਹਨ। ਭਾਵੇਂ ਬਟਾਲਾ ਅਤੇ ਅੱਚਲ ਸਾਹਿਬ ਦੀ ਭੂਗੋਲਿਕ ਦੂਰੀ ਰਾਵੀ ਦੇ ਮੌਜੂਦਾ ਵਹਾਅ ਵਾਲੇ ਸਥਾਨ ਤੋਂ ਕੁਝ ਦੂਰੀ 'ਤੇ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਅਸਥਾਨਾਂ ਨੂੰ ਰਾਵੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਇਲਾਕੇ ਦੀ ਧਰਤੀ ਗੁਰੂ ਸਾਹਿਬ ਦੇ ਜੀਵਨ 'ਚ ਵੱਡੀ ਮਹੱਤਤਾ ਰੱਖਦੀ ਹੈ। ਇਹ ਧਰਤੀ ਸਿਰਫ ਇਸ ਕਰ ਕੇ ਮਹਾਨ ਨਹੀਂ ਹੈ ਕਿ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਕਰੀਬ 17 ਸਾਲ ਇਸ ਧਰਤੀ 'ਤੇ ਬਿਤਾਏ ਹਨ ਸਗੋਂ ਇਸ ਧਰਤੀ ਦੀ ਮਹਾਨਤਾ ਇਸ ਕਰ ਕੇ ਹੋਰ ਵੀ ਵਧ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਉਦਾਸੀਆਂ ਮੁਕੰਮਲ ਕਰਨ ਤੋਂ ਬਾਅਦ ਇਸ ਅਸਥਾਨ 'ਤੇ ਹੀ ਪਹਿਲਾ ਸ਼ਹਿਰ ਵਸਾਇਆ, ਸੰਗਤ-ਪੰਗਤ ਦੀ ਪ੍ਰਥਾ ਸ਼ੁਰੂ ਕੀਤੀ, ਸੰਗਤ ਨੂੰ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੰਦੇ ਹੋਏ ਆਪਣੇ ਹੱਥੀਂ ਕਿਰਤ ਕੀਤੀ, ਨਾਮ ਜਪਣ ਲਈ ਪ੍ਰੇਰਿਤ ਕੀਤਾ ਅਤੇ ਦੂਸਰੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਗੱਦੀ ਸੌਂਪੀ। ਇਸ ਅਸਥਾਨ ਦੀਆਂ ਹੋਰ ਵੀ ਅਨੇਕਾਂ ਮਹੱਤਤਾਵਾਂ ਹਨ।

PunjabKesari

ਇਤਿਹਾਸਕ ਪੱਖ ਤੋਂ ਵੀ ਮਹਾਨ ਹੈ ਰਾਵੀ ਦੀ ਗਾਥਾ
ਰਾਵੀ ਦੇ ਕੰਢਿਆਂ 'ਤੇ ਕਲਾਨੌਰ, ਲਾਹੌਰ, ਸਿਆਲਕੋਟ, ਚੰਬਾ ਵਰਗੇ ਅਨੇਕਾਂ ਇਤਿਹਾਸਕ ਸ਼ਹਿਰ ਵੀ ਮੌਜੂਦ ਹਨ ਜਿਨ੍ਹਾਂ 'ਚ ਕਈ ਇਤਿਹਾਸਕ ਘਟਨਾਵਾਂ ਵਾਪਰੀਆਂ ਹੋਈਆਂ ਹਨ। ਅਕਬਰ ਦੀ ਤਾਜਪੋਸ਼ੀ ਵਾਲਾ ਸਥਾਨ ਕਲਾਨੌਰ ਇਸੇ ਰਾਵੀ ਦੇ ਕਿਨਾਰੇ 'ਤੇ ਹੈ। ਇਸੇ ਤਰ੍ਹਾਂ ਸਿੱਖ ਰਾਜ ਅਤੇ ਪੂਰਨ ਸਵਰਾਜ ਦੀ ਸਥਾਪਨਾ ਵੀ ਰਾਵੀ ਨੇੜੇ ਹੋਈ ਸੀ। ਇਨ੍ਹਾਂ ਪ੍ਰਮੁੱਖ ਘਟਨਾਵਾਂ ਦੇ ਨਾਲ-ਨਾਲ ਹੋਰ ਵੀ ਦਰਜਨ ਦੇ ਕਰੀਬ ਅਹਿਮ ਵਰਤਾਰੇ ਰਾਵੀ ਦਰਿਆ ਅਤੇ ਇਸ ਦੇ ਕਿਨਾਰਿਆਂ 'ਤੇ ਵਸੇ ਹੋਏ ਸ਼ਹਿਰਾਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਸਾਰੀਆਂ ਪ੍ਰਮੁੱਖ ਘਟਨਾਵਾਂ, ਰਾਵੀ ਨਾਲ ਜੁੜੀਆਂ ਸ਼ਖਸੀਅਤਾਂ ਅਤੇ ਹੋਰ ਵਰਤਾਰਿਆਂ ਨੂੰ ਥ੍ਰੀ-ਡੀ ਮਾਡਲਾਂ, ਆਰਟ ਗੈਲਰੀ ਅਤੇ ਹੋਰ ਆਧੁਨਿਕ ਕਿਸਮ ਦੀਆਂ ਤਕਨੀਕਾਂ ਰਾਹੀਂ ਪੇਸ਼ ਕੀਤਾ ਜਾਵੇਗਾ ਤਾਂ ਜੋ ਇਥੇ ਆਉਣ ਵਾਲੀ ਸੰਗਤ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਉਪਦੇਸ਼ਾਂ ਅਤੇ ਉਨ੍ਹਾਂ ਦੇ ਜੀਵਨ ਕਾਲ ਨਾਲ ਸਬੰਧਤ ਅਹਿਮ ਜਾਣਕਾਰੀਆਂ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਸਕੇ।

ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ ਮਿਊਜ਼ੀਅਮ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਰੂ ਸਾਹਿਬ ਦੇ ਜੀਵਨ ਵਿਚ ਵੱਡੀ ਮਹੱਤਤਾ ਰੱਖਣ ਵਾਲੇ ਰਾਵੀ ਨੂੰ ਵੀ ਇਕ ਮਿਊਜ਼ੀਅਮ ਦਾ ਰੂਪ ਦੇ ਕੇ ਰੂਪਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰਮੀਨਲ ਦੇ ਦੂਸਰੇ ਫੇਜ਼ ਦੇ ਨਿਰਮਾਣ 'ਚ ਇਸ ਮਿਊਜ਼ੀਅਮ ਦਾ ਕੰਮ ਸ਼ੁਰੂ ਹੋਵੇਗਾ ਅਤੇ ਇਹ ਮਿਊਜ਼ੀਅਮ ਵੀ ਵਰਲਡ ਕਲਾਸ ਤਕਨੀਕਾਂ ਨਾਲ ਭਰਭੂਰ ਹੋਵੇਗਾ।


cherry

Content Editor

Related News