ਸਿੱਧੂ ਨੂੰ ਠਿੱਬੀ ਲਾਉਣ ਲਈ ਕੈਪਟਨ ਦੇ ਰਿਹਾ ਪੁੱਠੇ-ਸਿੱਧੇ ਬਿਆਨ : ਚੀਮਾ (ਵੀਡੀਓ)

12/11/2018 1:20:20 PM

ਸੰਗਰੂਰ(ਪ੍ਰਿੰਸ)— ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਕੈਪਟਨ ਵਲੋਂ ਦਿੱਤੇ ਬਿਆਨ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਾਬ੍ਹ ਬੀ.ਜੇ.ਪੀ. ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲਾਂਘਾ ਖੁੱਲ੍ਹਦਾ ਹੈ ਤਾਂ ਉਥੇ ਸਕਿਓਰਿਟੀ ਵਧਾ ਦਿੱਤੀ ਜਾਏਗੀ, ਫਿਰ ਕਿਹੜਾ ਅੱਤਵਾਦੀ ਇੱਧਰ ਤੋਂ ਉਧਰ ਜਾ ਸਕਦਾ ਹੈ ਜਾਂ ਉਧਰੋਂ ਇਧਰ ਆ ਸਕਦਾ ਹੈ। ਚੀਮਾ ਦਾ ਕਹਿਣਾ ਹੈ ਕਿ ਕੈਪਟਨ ਰਾਜਨੀਤੀ ਕਰ ਰਹੇ ਹਨ, ਕਿਉਂਕਿ ਇਸ ਲਾਂਘੇ ਦਾ ਸਿਹਰਾ ਨਵਜੋਤ ਸਿੱਧੂ ਨੂੰ ਜਾਂਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਨੀਵਾਂ ਦਿਖਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ।

ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ 3 ਦਿਨਾਂ ਭੁੱਲ ਬਖ਼ਸ਼ਾਊ ਸਮਾਗਮ ਤੋਂ ਬਾਅਦ ਉਨ੍ਹਾਂ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਭੁੱਲਾਂ ਬਖ਼ਸ਼ਾਊਣ ਤੋਂ ਪਹਿਲਾਂ ਬਾਦਲ ਪਰਿਵਾਰ ਨੂੰ ਉਨ੍ਹਾਂ ਕੋਲੋਂ ਹੋਈਆਂ ਭੁੱਲਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਸੀ ਕਿ ਉਨ੍ਹਾਂ ਕੋਲੋਂ ਕਿਹੜੀਆਂ-ਕਿਹੜੀਆਂ ਭੁੱਲਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੇ ਬਾਰੇ ਵਿਚ ਅਕਸਰ ਸੁਣਨ ਨੂੰ ਮਿਲਦਾ ਸੀ ਕਿ ਉਹ ਬਹੁਤ ਵੱਡੇ ਡਰਾਮੇਬਾਜ਼ ਹਨ ਅਤੇ ਅੱਜ ਦੇਖਣ ਨੂੰ ਵੀ ਮਿਲ ਰਿਹਾ ਹੈ ਕਿ ਉਹ ਸੱਚੀ ਵਿਚ ਡਰਾਮੇਬਾਜ਼ੀ ਕਰ ਰਹੇ ਹਨ।

ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਦੇ ਸਮੇਂ ਬੇਅਦਬੀਆਂ ਹੋਈਆਂ, ਦੋ ਸਿੱਖ ਨੌਜਵਾਨਾਂ ਦਾ ਕਤਲ ਹੋਇਆ ਪਰ ਬਾਦਲ ਸਾਬ੍ਹ ਚੁੱਪ ਬੈਠੇ ਰਹੇ। ਪੰਥ ਦੇ ਨਾਂ 'ਤੇ ਵੋਟ ਬਟੋਰਨ ਵਾਲੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਬਾਦਲ ਸਾਬ੍ਹ ਦੀ ਇਸ ਵਿਚ ਸ਼ਮੂਲੀਅਤ ਸੀ, ਜਿਸ ਲਈ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਹੁਣ ਕੈਪਟਨ ਵੀ ਇਸ ਮਾਮਲੇ ਵਿਚ 'ਸਿੱਟ' ਬਣਾ ਕੇ ਚੁੱਪ ਬੈਠੇ ਹੋਏ ਹਨ ਅਤੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾ ਰਹੇ ਹਨ। ਬਰਗਾੜੀ ਅਤੇ ਬੇਅਦਬੀ ਮਾਮਲਿਆਂ ਵਿਚ 20 ਤੋਂ ਜ਼ਿਆਦਾ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ 'ਤੇ ਚੀਮਾ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਕਾਂਗਰਸ ਸਰਕਾਰ ਇਨ੍ਹਾਂ ਲੋਕਾਂ ਨੂੰ ਭਜਾਉਣਾ ਚਾਹੁੰਦੀ ਹੈ, ਕਿਉਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਨਾ ਤਾਂ ਇਨ੍ਹਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਅਤੇ ਨਾ ਹੀ ਪਾਸਪੋਰਟ ਜ਼ਬਤ ਕੀਤੇ ਗਏ ਹਨ।


cherry

Content Editor

Related News