ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਾਮਲਾ, ਸਰਹੱਦ ਨੇੜੇ 11 ਸਾਲ ਪੁਰਾਣੀ ਦਰਸ਼ਨੀ ਥਾਂ ਨੂੰ ਤੋੜਿਆ ਜਾਏਗਾ

04/28/2019 2:41:00 PM

ਜਲੰਧਰ (ਧਵਨ)— ਭਾਰਤ-ਪਾਕਿ ਦਰਮਿਆਨ ਪ੍ਰਸਤਾਵਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਦੇਖਦੇ ਹੋਏ 11 ਸਾਲ ਪੁਰਾਣੀ ਸਰਹੱਦ ਨੇੜੇ ਬਣੀ ਦਰਸ਼ਨੀ ਥਾਂ ਨੂੰ ਤੋੜਿਆ ਜਾਏਗਾ। ਡੇਰਾ ਬਾਬਾ ਨਾਨਕ ਨੇੜੇ ਉਕਤ ਦਰਸ਼ਨੀ ਥਾਂ ਇਸ ਲਈ ਬਣਾਈ ਗਈ ਸੀ ਤਾਂ ਜੋ ਇਥੇ ਆਉਣ ਵਾਲੇ ਸ਼ਰਧਾਲੂ ਦੂਰ ਤੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕਣ। ਬੀ. ਐੱਸ. ਐੱਫ. ਨੇ ਇਸ ਦਰਸ਼ਨੀ ਥਾਂ ਦਾ ਕੰਟਰੋਲ ਸੰਭਾਲਿਆ ਹੋਇਆ ਸੀ। ਹੁਣ ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਇਆ ਜਾਣਾ ਹੈ, ਬੀ. ਐੱਸ. ਐੱਫ. ਦੇ ਕਮਾਡੈਂਟ ਐੱਨ. ਐੱਸ. ਔਜਲਾ ਨੇ ਦੱਸਿਆ ਕਿ ਮੌਜੂਦਾ ਦਰਸ਼ਨੀ ਥਾਂ ਨੂੰ ਹਟਾ ਕੇ ਉਥੇ ਇਕ ਵੱਡਾ ਢਾਂਚਾ ਤਿਆਰ ਕੀਤਾ ਜਾਏਗਾ। ਇਸ ਢਾਂਚੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਯੋਜਨਾ ਅਧੀਨ ਬਣਾਇਆ ਜਾਏਗਾ। ਇਸ ਨੂੰ 6 ਮਈ 2008 ਨੂੰ ਬਣਾਇਆ ਗਿਆ ਸੀ।
ਬੀ. ਐੱਸ. ਐੱਫ. ਨੇ ਸ਼ਰਧਾਲੂਆਂ ਲਈ ਦਰਸ਼ਨੀ ਥਾਂ 'ਤੇ ਦੂਰਬੀਨ ਦੇ ਸੈੱਟ ਵੀ ਲਾਏ ਹੋਏ ਸਨ। ਇਸ ਰਾਹੀਂ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਸਾਨੀ ਨਾਲ ਕਰ ਲੈਂਦੇ ਸਨ। ਇਹ ਥਾਂ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਹੈ। ਇਥੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੀ ਦੂਰ ਨਹੀਂ ਹੈ। ਇਸ ਲਈ ਇਥੇ ਸ਼ਰਧਾਲੂ ਭਾਰੀ ਗਿਣਤੀ 'ਚ ਆਉਂਦੇ ਰਹਿੰਦੇ ਹਨ। ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਅਧੀਨ ਡੇਰਾ ਬਾਬਾ ਨਾਨਕ ਵਿਖੇ ਉਸਾਰੀ ਦੇ ਕੰਮ ਹੋਏ ਹਨ, ਇਸ ਲਈ ਇਸ ਥਾਂ 'ਤੇ ਆਰਜ਼ੀ ਤੌਰ 'ਤੇ ਬਣਾਈ ਗਈ ਦਰਸ਼ਨੀ ਥਾਂ ਨੂੰ ਹਟਾ ਦਿੱਤਾ ਜਾਏਗਾ। ਡੇਰਾ ਬਾਬਾ ਨਾਨਕ ਵਿਖੇ ਪ੍ਰਸਤਾਵਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੀ ਥਾਂ ਦਾ ਦੌਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਕਰ ਚੁੱਕੇ ਹਨ।
ਭਾਰਤੀ ਖੇਤਰ 'ਚ ਸਰਹੱਦ ਨੇੜੇ 4.1 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਸਤੰਬਰ ਤੱਕ ਮੁਕੰਮਲ ਕਰ ਲਈ ਜਾਏਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਨਵੰਬਰ 'ਚ ਆ ਰਿਹਾ ਹੈ। ਉਸ ਤੋਂ ਪਹਿਲਾਂ ਇਹ ਲਾਂਘਾ ਬਣਾਇਆ ਜਾਣਾ ਹੈ। ਦੋਹਾਂ ਦੇਸ਼ਾਂ ਦਰਮਿਆਨ ਵਫਦ ਪੱਧਰ ਦੀ ਗੱਲਬਾਤ ਹੋ ਰਹੀ ਹੈ। ਜਲਦੀ ਹੀ ਇਕ ਹੋਰ ਬੈਠਕ ਹੋਏਗੀ। ਉਸ 'ਚ ਤਕਨੀਕੀ ਮਸਲੇ ਹੱਲ ਕੀਤੇ ਜਾਣਗੇ। ਰੰਧਾਵਾ ਨੇ ਕਿਹਾ ਕਿ ਭਾਰਤੀ ਖੇਤਰ 'ਚ ਲਾਂਘੇ ਦਾ ਕੰਮ ਮਿਥੀ ਸਮਾਂ ਹੱਦ ਤਕ ਪੂਰਾ ਕਰ ਲਿਆ ਜਾਏਗਾ।


Related News