ETO ਰਣਜੀਤ ਸਿੰਘ ਖ਼ੁਦਕੁਸ਼ੀ ਮਾਮਲੇ ''ਚ 2 ਮੁਲਜ਼ਮਾਂ ਨੂੰ ਸਜ਼ਾ, ਪੜ੍ਹੋ ਕੀ ਹੈ ਪੂਰਾ ਮਾਮਲਾ

Wednesday, May 20, 2026 - 01:24 PM (IST)

ETO ਰਣਜੀਤ ਸਿੰਘ ਖ਼ੁਦਕੁਸ਼ੀ ਮਾਮਲੇ ''ਚ 2 ਮੁਲਜ਼ਮਾਂ ਨੂੰ ਸਜ਼ਾ, ਪੜ੍ਹੋ ਕੀ ਹੈ ਪੂਰਾ ਮਾਮਲਾ

ਮੋਹਾਲੀ (ਜਸਬੀਰ ਜੱਸੀ) : ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਈ. ਟੀ. ਓ ਰਣਜੀਤ ਸਿੰਘ ਖ਼ੁਦਕੁਸ਼ੀ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ 'ਚ ਹੋਈ। ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਤਕਾਲੀ ਐੱਸ. ਪੀ ਅਮਨਦੀਪ ਕੌਰ ਅਤੇ ਇਕ ਪ੍ਰਾਈਵੇਟ ਵਿਅਕਤੀ ਰਜਿੰਦਰ ਸਿੰਘ ਉਰਫ਼ ਗੋਪੀ ਨੂੰ 3-3 ਸਾਲ ਦੀ ਕੈਦ ਅਤੇ ਦੋਹਾਂ ਨੂੰ 10-10 ਹਜ਼ਾਰ ਰੁਪਏ (ਕੁੱਲ 20 ਹਜ਼ਾਰ ਰੁਪਏ) ਜੁਰਮਾਨੇ ਦੀ ਸਜਾ ਸੁਣਾਈ ਗਈ ਹੈ, ਜਦੋਂ ਕਿ ਮੁਲਜ਼ਮ ਪਰਮਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਨਾਮਜ਼ਦ 2 ਮੁਲਜ਼ਮਾਂ ਰਾਜੀਵ ਸੂਦ ਅਤੇ ਹੌਲਦਾਰ ਹਰਮਿੰਦਰ ਸਿੰਘ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ।

ਅਦਾਲਤ ਨੇ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਅਦਾਲਤ ਇਸ ਵਿਚਾਰ ਅਧੀਨ ਰਾਏ 'ਤੇ ਪਹੁੰਚਦੀ ਹੈ ਕਿ ਅਮਨਦੀਪ ਕੌਰ ਅਤੇ ਰਾਜਿੰਦਰ ਉਰਫ਼ ਗੋਪੀ ਨੇ ਅਜਿਹੇ ਹਾਲਾਤ ਪੈਦਾ ਕੀਤੇ, ਜਿਨ੍ਹਾਂ ਨੇ ਮ੍ਰਿਤਕ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਸ ਤਰ੍ਹਾਂ ਦੋਵੇਂ ਆਈ. ਪੀ. ਸੀ. ਦੀ ਧਾਰਾ 306 ਦੇ ਤਹਿਤ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਦੇ ਯੋਗ ਹਨ, ਜਦੋਂ ਕਿ ਮੁਲਜ਼ਮ ਰਾਜੀਵ ਸੂਦ ਅਤੇ ਹਰਮਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਮੁਲਜ਼ਮ ਪਰਮਜੀਤ ਸਿੰਘ ਖ਼ਿਲਾਫ਼ ਕੋਈ ਦੋਸ਼ ਨਹੀਂ ਹਨ ਅਤੇ ਉਸਦੀ ਭੂਮਿਕਾ ਸਿਰਫ ਅਮਨਦੀਪ ਕੌਰ ਵਲੋਂ ਵਿਛਾਏ ਜਾ ਰਹੇ ਜਾਲ ਦਾ ਇਕ (ਗਵਾਹ) ਬਣਨ ਦੀ ਸੀ। ਇਸ ਤਰ੍ਹਾਂ ਉਸਦੇ ਖ਼ਿਲਾਫ਼ ਕਿਸੇ ਵੀ ਅਪਰਾਧ ਜਾਂ ਵਿਸ਼ੇਸ਼ਤਾ ਦੇ ਕੋਈ ਦੋਸ਼ ਨਹੀਂ ਹਨ। ਇਸ ਤਰ੍ਹਾਂ ਇਸਤਗਾਸਾ ਪੱਖ ਉਸਦੇ ਖ਼ਿਲਾਫ਼ ਆਪਣਾ ਕੇਸ ਸਾਬਤ ਨਹੀਂ ਕਰ ਸਕਿਆ। ਇਸ ਲਈ ਉਸਨੂੰ ਉਸਦੇ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਬਰੀ ਕੀਤਾ ਜਾਣਾ ਚਾਹੀਦਾ ਹੈ। 
ਜਾਣੋ ਕੀ ਹੈ ਪੂਰਾ ਮਾਮਲਾ
ਉਕਤ ਮਾਮਲਾ 2012 ਦਾ ਹੈ, ਕਰ ਅਤੇ ਆਬਕਾਰੀ ਵਿਭਾਗ ਪੰਜਾਬ ਦੇ ਈ. ਟੀ. ਓ. ਰਣਜੀਤ ਸਿੰਘ ਨੇ ਐੱਸ. ਪੀ. ਵਿਜੀਲੈਂਸ ਵਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਝੂਠੇ ਕੇਸ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਈ. ਟੀ. ਓ. ਰਣਜੀਤ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਮੋਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਵਲੋਂ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 27 ਜੁਲਾਈ 2012 ਨੂੰ ਜ਼ਿਲ੍ਹਾ ਪੁਲਸ ਮੁਖੀ ਨੂੰ ਵਿਜੀਲੈਂਸ ਅਧਿਕਾਰੀ ਸਮੇਤ ਹੋਰਨਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਬਾਅਦ 'ਚ ਪੁਲਸ ਨੇ ਡੀ. ਜੀ. ਪੀ. ਦੀ ਪ੍ਰਵਾਨਗੀ ਅਤੇ ਡੀ. ਏ. ਲੀਗਲ ਦੀ ਰਾਏ ਲੈਣ ਉਪਰੰਤ ਵਿਜੀਲੈਂਸ ਦੀ ਉਸ ਸਮੇਂ ਦੀ ਐੱਸ. ਪੀ. ਅਮਨਦੀਪ ਕੌਰ, ਹੌਲਦਾਰ ਹਰਮਿੰਦਰ ਸਿੰਘ, ਸ਼ਿਕਾਇਤਕਰਤਾ ਰਜਿੰਦਰ ਸਿੰਘ ਉਰਫ਼ ਗੋਪੀ, ਰਾਜੀਵ ਸੂਦ ਅਤੇ ਪਰਮਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਐੱਸ. ਪੀ. ਵਿਜੀਲੈਂਸ 18 ਅਗਸਤ 2012 ਨੂੰ ਮਾਮਲਾ ਦਰਜ ਹੋਣ ਤੋਂ ਬਾਅਦ ਫ਼ਰਾਰ ਰਹਿਣ ਉਪਰੰਤ 15 ਜਨਵਰੀ 2013 ਨੂੰ ਉਸ ਨੇ ਮੋਹਾਲੀ ਦੀ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਸੀ।


author

Babita

Content Editor

Related News