ਕਰਤਾਰਪੁਰ ਕਾਰੀਡੋਰ : ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਸੜਕਾਂ ਚੌੜੀਆਂ ਕਰਨ ਦਾ ਕੰਮ
Saturday, Jul 06, 2019 - 12:23 AM (IST)

ਡੇਰਾ ਬਾਬਾ ਨਾਨਕ,(ਕੰਵਲਜੀਤ): ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਰਸਤੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਜਿੱਥੇ ਕੇਂਦਰ ਸਰਕਾਰ ਵਲੋਂ ਗੁਰਦਾਸਪੁਰ, ਬਟਾਲਾ ਤੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਲੋਂ ਆਉਂਦੀਆਂ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਚਲ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਵੀ ਸੜਕਾਂ ਦੇ ਨਿਰਮਾਣ ਕਾਰਜਾਂ 'ਚ ਆਪਣਾ ਯੋਗਦਾਨ ਦੇਣ ਲਈ ਚੌਕ ਕਾਹਲਾਂਵਾਲੀ ਤੋਂ ਲੈ ਕੇ ਡੇਰਾ ਬਾ;ਨਾਨਕ, ਡੇਰਾ ਬਾਬਾ ਨਾਨਕ ਤੋਂ ਲੈ ਕੇ ਫਤਿਹਗੜ੍ਹ ਚੂੜੀਆ ਚੌਕ ਤੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਰਮਦਾਸ ਰੋਡ 'ਤੇ ਪਿੰਡ ਠੇਠਰਕੇ ਦਾ ਪੁਲੀ ਤਕ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜੇ. ਈ. ਜਗਦੀਸ਼ ਸਿੰਘ ਪੀ. ਡਬਲਿਊ. ਡੀ. (ਬੀ. ਐਂਡ. ਆਰ.) ਨੇ ਦੱਸਿਆ ਕਿ ਨਵੰਬਰ 2019 ਨੂੰ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਇਨ੍ਹਾਂ ਸੜਕਾਂ ਨੂੰ ਸਾਢੇ 5-5 ਫੁੱਟ ਤਕ ਚੌੜਾ ਕਰ ਦਿੱਤਾ ਜਾਵੇਗਾ ਤੇ ਇਸ ਕੰਮ ਨੂੰ ਸਮਾਂ ਰਹਿੰਦੇ ਹੀ ਪੂਰਾ ਕਰ ਲਿਆ ਜਾਵੇਗਾ।