ਕਰਨਾਟਕ ਚੋਣਾਂ ਦੇ ਨਤੀਜਿਆਂ ਨਾਲ ਹੀ ਬਸਪਾ-ਕਾਂਗਰਸ ਦੇ ਗਠਜੋੜ ਨੂੰ ਮਿਲੇਗੀ ਸਹੀ ਦਿਸ਼ਾ!

04/26/2018 6:47:31 AM

ਜਲੰਧਰ  (ਬੁਲੰਦ) - ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕੁਝ ਦਿਨ ਹੀ ਬਾਕੀ ਬਚੇ ਹਨ। ਚੋਣ ਨਤੀਜਿਆਂ ਵੱਲ ਮੁੱਖ ਤੌਰ 'ਤੇ ਕਾਂਗਰਸ ਅਤੇ ਬਸਪਾ ਦੇ ਨੇਤਾਵਾਂ ਅਤੇ ਵਰਕਰਾਂ ਦੀ ਨਜ਼ਰ ਟਿਕੀ ਹੋਈ ਹੈ। ਸਿਆਸੀ ਜਾਣਕਾਰਾਂ ਦੀ ਮੰਨੀਏ ਤਾਂ ਕਈ ਸੂਬਿਆਂ ਵਿਚ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਗਠਜੋੜ ਦੀਆਂ ਸੰਭਾਵਨਾਵਾਂ ਚੱਲ ਰਹੀਆਂ ਹਨ। ਇਸ ਲੜੀ ਵਿਚ ਬਸਪਾ ਅਤੇ ਕਾਂਗਰਸ ਵਿਚਾਲੇ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਸੰਭਾਵਨਾ ਮੁੱਖ ਤੌਰ 'ਤੇ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਟਿਕੀ ਹੋਈ ਹੈ। ਸਿਆਸੀ ਜਾਣਕਾਰ ਦੱਸਦੇ ਹਨ ਕਿ ਆਉਣ ਵਾਲੀਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਬਸਪਾ ਅਤੇ ਕਾਂਗਰਸ ਵਿਚਾਲੇ ਗਠਜੋੜ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਚੱਲ ਰਹੀ ਹੈ। ਵਿਧਾਨ ਸਭਾ ਚੋਣਾਂ ਵਿਚ ਕਿਸ ਨੂੰ ਕਿੰਨਾ ਫਾਇਦਾ ਅਤੇ ਨੁਕਸਾਨ ਹੋਵੇਗਾ, ਇਸ ਬਾਰੇ ਮੁਲਾਂਕਣ ਜਾਰੀ ਹੈ ਤਾਂ ਕਿ ਜਿੱਤ ਨੂੰ ਯਕੀਨੀ ਕੀਤਾ ਜਾ ਸਕੇ। ਇਸ ਸਿਲਸਿਲੇ ਵਿਚ ਬਸਪਾ ਨਾਲ ਕਾਂਗਰਸ ਦਾ ਗਠਜੋੜ ਸਿਆਸੀ ਮਜਬੂਰੀ ਬਣਦਾ ਜਾ ਰਿਹਾ ਹੈ। ਕਾਂਗਰਸ ਦੀ ਦਲਿਤ ਸਿਆਸਤ ਲਗਾਤਾਰ ਤੇਜ਼ੀ ਫੜਦੀ ਜਾ ਰਹੀ ਹੈ। ਦਰਅਸਲ ਚੋਣਾਂ ਵਿਚ ਕਾਂਟੇ ਦੀ ਟੱਕਰ ਵਿਚਾਲੇ ਇਕ-ਇਕ ਵੋਟ ਦੀ ਅਹਿਮੀਅਤ ਨੂੰ ਸਿਆਸੀ ਮਾਹਿਰ ਮੁਲਾਂਕਣ ਵਿਚ ਲੱਗੇ ਹਨ। ਸਿਆਸਤਦਾਨਾਂ ਨੂੰ ਪਤਾ ਹੈ ਕਿ ਕੁਝ ਕੁ ਵੋਟਾਂ ਹੀ ਚੋਣ ਪਾਸਾ ਪਲਟ ਦਿੰਦੀਆਂ ਹਨ ਅਤੇ ਸਾਰੇ ਸਮੀਕਰਨ ਧਰੇ-ਧਰਾਏ ਰਹਿ ਜਾਂਦੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ  ਤੇ ਉੱਤਰ ਪ੍ਰਦੇਸ਼ ਉਪ ਚੋਣਾਂ ਵਿਚ ਇਹੀ ਸਭ ਦੇਖਿਆ ਗਿਆ ਹੈ। ਜਾਣਕਾਰ ਦੱਸਦੇ ਹਨ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨਾਲ ਗਠਜੋੜ ਲਈ ਬਸਪਾ ਅਤੇ ਐੱਨ. ਸੀ. ਪੀ. ਦੀਆਂ ਸੀਟਾਂ ਦੀ ਮੰਗ ਨਹੀਂ ਮੰਨੀ ਅਤੇ ਉਨ੍ਹਾਂ ਨਾਲ ਗਠਜੋੜ ਨਹੀਂ ਹੋ ਸਕਿਆ। ਜਦੋਂ ਚੋਣਾਂ ਦੇ ਨਤੀਜੇ ਆਏ ਤਾਂ ਕਾਂਗਰਸ ਦੇ ਸੁਪਨਿਆਂ 'ਤੇ ਪਾਣੀ ਫਿਰ ਗਿਆ। ਕਈ ਥਾਵਾਂ 'ਤੇ ਕੁਝ ਵੋਟਾਂ ਨਾਲ ਹੀ ਕਾਂਗਰਸ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਦੋਂ ਕਾਂਗਰਸ ਨੂੰ ਕੁਝ ਵੋਟਾਂ ਦੀ ਅਹਿਮੀਅਤ ਸਮਝ ਵਿਚ ਆਈ।
ਜਾਣਕਾਰਾਂ ਅਨੁਸਾਰ ਜੇ ਗੁਜਰਾਤ ਵਿਚ ਕਾਂਗਰਸ ਅਤੇ ਬਸਪਾ ਦਾ ਗਠਜੋੜ ਹੋ ਜਾਂਦਾ ਹੈ ਤਾਂ ਅੱਜ ਗੁਜਰਾਤ ਦੀ ਸਿਆਸੀ ਤਸਵੀਰ ਕੁਝ ਹੋਰ ਹੁੰਦੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਦੀਆਂ ਦੋ ਉਪ-ਚੋਣਾਂ ਲਈ ਸਪਾ ਅਤੇ ਬਸਪਾ ਦੇ ਗਠਜੋੜ ਨੇ ਕਮਾਲ ਕਰ ਦਿੱਤਾ। ਨਤੀਜਿਆਂ ਨਾਲ ਸਿਆਸੀ ਹਲਕੇ ਹੈਰਾਨ ਹੋ ਗਏ। ਇਸ ਤੋਂ ਬਾਅਦ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਤੀਜਾ ਮੋਰਚਾ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ ਪਰ ਲੋਕਸਭਾ ਚੋਣਾਂ ਤੋਂ ਪਹਿਲਾਂ 3 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਸ ਲਈ ਗਠਜੋੜ ਬਣਾਉਣ ਵਿਚ ਸਾਰੀਆਂ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਹਨ।
ਫਿਲਹਾਲ ਬਸਪਾ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਜੀ. ਡੀ. ਐੱਸ. ਨਾਲ ਗਠਜੋੜ ਕਰਕੇ ਚੋਣ ਲੜ ਰਹੀ ਹੈ। ਜੀ. ਡੀ. ਐੱਸ. ਨੂੰ 204 ਸੀਟਾਂ ਅਤੇ ਬਸਪਾ ਨੂੰ 20 ਸੀਟਾਂ 'ਤੇ ਚੋਣ ਲੜਨ 'ਤੇ ਸਹਿਮਤੀ ਬਣੀ ਹੈ। ਹਾਲਾਂਕਿ ਕਰਨਾਟਕ ਵਿਚ ਕਾਂਗਰਸ ਸੱਤਾ ਵਿਚ ਹੈ ਅਤੇ ਉਸ ਦੇ ਸਾਹਮਣੇ ਇਕ ਪਾਸੇ ਭਾਜਪਾ ਖੜ੍ਹੀ ਹੈ ਅਤੇ ਦੂਜੇ ਪਾਸੇ ਜੇ. ਡੀ. ਐੱਸ.-ਬਸਪਾ ਉਸ ਨੂੰ ਟੱਕਰ ਦੇਣ ਜਾ ਰਹੀ ਹੈ।
ਫਿਲਹਾਲ ਕਰਨਾਟਕ ਵਿਚ 40 ਸੀਟਾਂ 'ਤੇ ਜੇ. ਡੀ. ਐੱਸ. ਕਾਬਜ਼ ਹੈ ਅਤੇ ਬਸਪਾ ਆਪਣੇ ਪ੍ਰੰਪਰਾਗਤ ਦਲਿਤ ਵੋਟ ਨੂੰ ਦੇਖ ਕੇ ਚੱਲ ਰਹੀ ਹੈ। ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ 'ਚੋਂ 36 ਸੀਟਾਂ ਅਨੁਸੂਚਿਤ ਜਾਤੀ ਅਤੇ 15 ਅਨੁਸੂਚਿਤ ਜਨਜਾਤੀ ਲਈ ਸੁਰੱਖਿਅਤ ਹੈ। ਬਸਪਾ ਦਾ ਮੰਨਣਾ ਹੈ ਕਿ ਇਸ ਵਾਰ ਉਸ ਨੂੰ ਗਠਜੋੜ ਦਾ ਭਾਰੀ ਫਾਇਦਾ ਮਿਲੇਗਾ। ਉਸ ਦੇ ਵੋਟ ਫੀਸਦੀ ਵਿਚ ਵੀ ਵਾਧਾ ਹੋਵੇਗਾ।
ਜਾਣਕਾਰ ਦੱਸਦੇ ਹਨ ਕਿ ਜੇ ਕਰਨਾਟਕ ਵਿਚ ਬਸਪਾ ਨੂੰ ਸਫਲਤਾ ਮਿਲਦੀ ਹੈ ਤੇ ਉਸ ਦੀ ਵੋਟ ਫੀਸਦੀ ਵਧਦੀ ਹੈ ਤਾਂ ਬਸਪਾ ਦਾ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਮਜ਼ਬੂਤ ਆਧਾਰ ਦੇਖਦੇ ਹੋਏ ਕਾਂਗਰਸ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਬਸਪਾ ਨਾਲ ਗਠਜੋੜ ਕਰ ਸਕਦੀ ਹੈ, ਜਿਸ ਨਾਲ ਵਿਰੋਧੀਆਂ ਨੂੰ ਕਾਂਗਰਸ-ਬਸਪਾ ਦਾ ਗਠਜੋੜ ਚੁਣੌਤੀ ਦੇ ਸਕਦਾ ਹੈ। ਜੇ ਗੱਲ ਬੀਤੀਆਂ ਵਿਧਾਨ ਸਭਾ ਚੋਣਾਂ ਦੀ ਕਰੀਏ ਤਾਂ ਇਸ ਲਿਹਾਜ ਨਾਲ ਜੇ ਦੋਹਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਗਠਜੋੜ ਹੁੰਦਾ ਹੈ ਤਾਂ ਇਹ ਦੋਵੇਂ ਪਾਰਟੀਆਂ ਨੂੰ ਫਾਇਦਾ ਦੇਣ ਵਾਲਾ ਹੋਵੇਗਾ। ਪਰ ਸਭ ਤੋਂ ਪਹਿਲਾਂ ਨਜ਼ਰ ਕਰਨਾਟਕ ਵਿਧਾਨ ਸਭਾ ਚੋਣਾਂ 'ਤੇ ਹੈ ਤਾਂ ਕਿ ਉਸ ਦੇ ਨਤੀਜੇ ਦੇਖ ਕੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ।
ਸੂਬਾ (ਸਾਲ 2013) - ਕਾਂਗਰਸ (ਸੀਟਾਂ/ਵੋਟ) - ਬਸਪਾ (ਸੀਟਾਂ/ਵੋਟ)
ਮੱਧ ਪ੍ਰਦੇਸ਼ - 58 ਸੀਟਾਂ, 36.79% - 4 ਸੀਟਾਂ, 6.42%
ਰਾਜਸਥਾਨ - 21 ਸੀਟਾਂ, 3.31% - 3 ਸੀਟਾਂ, 3.48%
ਛੱਤੀਸਗੜ੍ਹ - 39 ਸੀਟਾਂ, 40.43% - 1 ਸੀਟ, 4.30%


Related News