ਕਪੂਰਥਲਾ ਬਾਈਸਾਈਕਲ ਕਲੱਬ ਨੇ ਚਲਾਈ ਨਵੀਂ ਨੁਹਾਰ

07/27/2017 1:24:39 PM

ਕਪੂਰਥਲਾ(ਗੌਰਵ)— ਵਰਤਮਾਨ ਸਮੇਂ 'ਚ ਮਸ਼ੀਨੀ ਯੁੱਗ ਨੇ ਇਨਸਾਨ ਨੂੰ ਮਿਹਨਤਕਸ਼ ਜ਼ਿੰਦਗੀ ਤੋਂ ਦੂਰ ਕਰ ਦਿੱਤਾ ਹੈ, ਜਿਸ ਕਾਰਨ ਇਨਸਾਨ ਦਾ ਸਰੀਰ ਬੀਮਾਰੀਆਂ ਦਾ ਘਰ ਬਣ ਚੁੱਕਾ ਹੈ। ਤੰਦਰੁਸਤ ਸਰੀਰ ਲਈ ਇਨਸਾਨ ਨੂੰ ਰੋਜ਼ਾਨਾ ਕਸਰਤ, ਸੰਤੁਲਿਤ ਭੋਜਨ ਅਤੇ ਸਾਈਕਲ ਚਲਾਉਣਾ ਬੇਹੱਦ ਲਾਭਕਾਰੀ ਹੁੰਦਾ ਹੈ। ਉਕਤ ਸ਼ਬਦ ਗੀਤਾਂਜੇ ਘਈ ਫਾਊਂਡਰ ਮੈਂਬਰ ਕਪੂਰਥਲਾ ਬਾਈਸਾਈਕਲ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ ਤੋਂ ਚਾਰ ਦਹਾਕੇ ਪਹਿਲਾਂ ਲੋਕ ਆਪਣੇ ਰੋਜ਼ਾਨਾ ਦੇ ਕੰਮਕਾਜ ਕਰਨ ਲਈ ਸਾਈਕਲ ਚਲਾਉਂਦੇ ਸੀ ਅਤੇ ਉਸ ਵੇਲੇ ਲੋਕਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਤੇ ਹਾਰਟ ਅਟੈਕ ਵਰਗੀਆਂ ਖਤਰਨਾਕ ਜਾਨਲੇਵਾ ਬੀਮਾਰੀਆਂ ਕਾਫੀ ਹੱਦ ਤੱਕ ਘੱਟ ਹੁੰਦੀਆਂ ਸੀ ਪਰ ਜਦੋਂ ਦਾ ਮਸ਼ੀਨੀ ਯੁੱਗ 'ਚ ਇਨਸਾਨ ਨੇ ਪ੍ਰਵੇਸ਼ ਕੀਤਾ ਹੈ, ਉਸ ਦਿਨ ਤੋਂ ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਦੀ ਵਰਤੋਂ ਦੇ ਨਾਲ ਸਾਈਕਲ ਚਲਾਉਣਾ ਬਿਲਕੁਲ ਹੀ ਛੱਡ ਦਿੱਤਾ ਹੈ, ਜਿਸ ਨਾਲ ਮੌਜੂਦਾ ਸਮੇਂ 'ਚ ਇਨਸਾਨ ਦਾ ਸਰੀਰ ਬੀਮਾਰੀਆਂ ਦਾ ਘਰ ਬਣ ਚੁਕਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਗੀਤਾਂਜੇ ਘਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਪੂਰਥਲਾ ਬਾਈਸਾਈਕਲ ਕਲੱਬ ਬਣਾ ਕੇ ਰੋਜ਼ਾਨਾ ਸਵੇਰੇ 10 ਤੋਂ 15 ਕਿਲੋਮੀਟਰ ਸਾਈਕਲ ਚਲਾਉਣਾ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੀ ਕਲੱਬ ਦੇ ਨਾਲ ਜੁੜ ਕੇ ਆਪਣਾ ਸਰੀਰ ਤੰਦਰੁਸਤ ਰੱਖਣ ਲਈ ਅਪੀਲ ਕੀਤੀ। ਇਸ ਮੌਕੇ ਗੀਤਾਂਜੇ ਘਈ ਤੋਂ ਇਲਾਵਾ ਵਿਸ਼ਾਲ ਆਹੂਜਾ, ਅਮਰ ਘਈ, ਰਮਨ ਵਰਮਾ, ਸ਼ਿਵ ਰਤਨ ਅਗਰਵਾਲ, ਨਿਤੀਸ਼ ਚੋਪੜਾ, ਗੁਰਪ੍ਰੀਤ ਸਹਾਏ, ਰਮਿਤ ਚੌਹਾਨ, ਦੀਪਕ ਕਾਲੀਆ ਆਦਿ ਮੌਜੂਦ ਸਨ।


Related News