ਅਹਿੰਕਾਰ ਨੂੰ ਮਿਟਾਉਣ ਲਈ ਤਪਸਿਆ ਹੀ ਇਕ ਮਾਤਰ ਸਾਧਨ ਹੈ : ਸੰਤ ਪ੍ਰਭਾਸ਼ ਮੁਨੀ
Tuesday, Mar 26, 2019 - 04:57 AM (IST)

ਕਪੂਰਥਲਾ (ਧੀਰ)-ਦੁਨਿਆਵੀ ਰਿਸ਼ਤਿਆਂ ਦੇ ਮੋਹ ਨੂੰ ਘੱਟ ਕਰਨ ਦੀ ਪ੍ਰਕ੍ਰਿਆ ਨੂੰ ਹੀ ਤਪ ਕਹਿੰਦੇ ਹਨ। ਚਿੰਤਨ ’ਚ ਗਹਿਰੇ ਉਤਰ ਜਾਣਾ ਧਿਆਨ ਹੈ, ਜਿਸ ਨਾਲ ਪ੍ਰਾਣੀ ਨੂੰ ਆਤਮ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਹ ਸ਼ਬਦ ਐਤਵਾਰ ਨੂੰ ਭਾਰਾ ਮੱਲ ਮੰਦਰ ’ਚ ਹੈਲਪਿੰਗ ਹੈਂਡ ਗਰੁੱਪ ਵੱਲੋਂ ਆਯੋਜਿਤ ਅੱਖਾਂ ਦੇ ਮੁਫਤ ਚੈੱਕਅਪ ਕੈਂਪ ਦੇ ਉਦਘਾਟਨ ਤੋਂ ਪਹਿਲਾਂ ਪ੍ਰਵਚਨ ਕਰਦੇ ਹੋਏ ਜੈਨ ਸੰਤ ਪ੍ਰਭਾਸ਼ ਮੁਨੀ ਜੀ ਮਹਾਰਾਜ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ ਸੁਵਿਧਾਵਾਂ ਦੇ ਵੱਧ ਜਾਣ ਨਾਲ ਜੀਵਨ ਵਿਲਾਸਤਾ ਪੂਰਨ ਹੋ ਗਿਆ ਤੇ ਹਰ ਤਰ੍ਹਾਂ ਨਾਲ ਅਤਿ ਸੰਚੈ ਨਾਲ ਸਮਝਾ ’ਚ ਅਹਿੰਕਾਰ ਦੀ ਉਤਪਤੀ ਹੁੰਦੀ ਹੈ। ਅਹਿੰਕਾਰ ਨੂੰ ਮਿਟਾਉਣ ਲਈ ਤਪਸਿਆ ਹੀ ਇਕ ਮਾਤਰ ਸਾਧਨ ਹੈ। ਉਨ੍ਹਾਂ ਕਿਹਾ ਕਿ ਨਿਮਰਤਾ ਨਾਲ ਸੇਵਾ ਦੀ ਪ੍ਰਾਪਤੀ ਹੁੰਦੀ ਹੈ ਤੇ ਨਿਸ਼ਕਮਾਰ ਸੇਵਾ ਭਾਵ ਨਾਲ ਆਤਮਾ ਵੀ ਪਰਮਾਤਮਾ ਸਵਰੂਪ ਹੋ ਜਾਂਦੀ ਹੈ। ਸ਼੍ਰੀ ਪ੍ਰਭਾਸ ਮੁਨੀ ਜੀ ਮਹਾਰਾਜ ਨੇ ਗੁਰੂ ਵੰਦਨਾ ਕਰਦੇ ਹੋਏ ਰਬ ਮੇਰਾ ਸਤਿਗੁਰ ਬਣ ਕੇ ਆਇਆ, ਮੈਨੂੰ ਦੇਖ ਲੈਣ ਦੇ ਭਜਨ ਪੇਸ਼ ਕੀਤਾ ਤੇ ਸਾਰੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਉਪਰੰਤ ਸ਼੍ਰੀ ਪ੍ਰਭਾਸ ਮੁਨੀ ਜੀ ਮਹਾਰਾਜ, ਮਹਾਸਾਧਵੀ ਡਾ. ਪ੍ਰਵੀਨ ਜੀ ਮਹਾਰਾਜ ਨੇ ਵੀ ਆਪਣੀ ਮਧੁਰ ਵਾਣੀ ’ਚ ਪ੍ਰਵਚਨ ਕੀਤੇ ਤੇ ਸ਼੍ਰੀ ਜਿਤੇਂਦਰ ਮੁਨੀ ਜੀ ਮਹਾਰਾਜ, ਸ਼੍ਰੀ ਪ੍ਰਭੁਮਿਤ ਮੁਨੀ ਜੀ ਮਹਾਰਾਜ ਤੇ ਮਹਾਸਾਧਵੀ ਸ਼੍ਰੀ ਸਵਰਤਾ ਜੀ ਮਹਾਰਾਜ ਤੇ ਸਾਧਵੀ ਸ਼੍ਰੀ ਹਿਤਾਂਸ਼ੀ ਜੀ ਮਹਾਰਾਜ ਨੇ ਅੱਖਾਂ ਦੇ ਕੈਂਪ ਨੂੰ ਸ਼ੁਰੂ ਕਰਨ ਦੀ ਮੰਗਲ ਆਗਿਆ ਦਿੱਤੀ। ਕੈਂਪ ਦੌਰਾਨ ਸੀ. ਐੱਮ. ਸੀ. ਲੁਧਿਆਣਾ ਦੇ ਡਾਕਟਰਾਂ ਨੇ ਲਗਭਗ 500 ਨੇਤਰ ਰੋਗੀਆਂ ਦੀ ਜਾਂਚ ਕੀਤੀ ਤੇ 20 ਨੇਤਰ ਰੋਗੀਆਂ ਨੂੰ ਮੁਫਤ ਆਪ੍ਰੇਸ਼ਨ ਲਈ ਚੁਣਿਆ ਗਿਆ। ਇਸ ਮੌਕੇ ਮੰਚ ਸੰਚਾਲਨ ਪ੍ਰਵੀਨ ਜੈਨ ਨੇ ਕੀਤਾ। ਇਸ ਮੌਕੇ ਤਰੁਣ ਜੈਨ, ਘਣਸ਼ਾਮ ਧੀਰ, ਸਤਪਾਲ ਕਮੇਰੀਆ, ਵਿਨੋਦ ਕੁਮਾਰ ਗੁਪਤਾ, ਅਸ਼ੋਕ ਕੁਮਾਰ, ਮਾ. ਸੋਹਨ ਲਾਲ, ਰਜਿੰਦਰ ਧੀਰ, ਜੁਗਲ ਕੋਹਲੀ, ਵਰਿੰਦਰ ਪਸਰੀਚਾ, ਅਸ਼ੋਕ ਧੀਰ, ਤਿਨੇਸ਼ ਸ਼ਰਮਾ, ਅਦੀਸ਼ ਜੈਨ, ਰੋਹਿਤ ਗੁਜਰਾਲ, ਪ੍ਰਮੋਦ ਗੁਪਤਾ ਤੇ ਪ੍ਰਥਮੇਸ਼ ਜੈਨ ਆਦਿ ਹਾਜ਼ਰ ਸਨ।