ਪੰਜਾਬ ਵਾਸੀਆਂ ਲਈ ਮੰਡਰਾ ਰਿਹਾ ਵੱਡਾ ਖ਼ਤਰਾ! ਹੜ੍ਹਾਂ ਮਗਰੋਂ ਨਵੀਂ ਮੁਸੀਬਤ ''ਚ ਘਿਰ ਰਹੇ ਲੋਕ
Saturday, Sep 13, 2025 - 01:29 PM (IST)

ਸੁਲਤਾਨਪੁਰ ਲੋਧੀ (ਧੀਰ)- ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ’ਚ ਬਿਜਲੀ ਅਤੇ ਜਲ ਸਪਲਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਗਈ ਸੀ, ਜਿਸ ਕਰਕੇ ਇਸ ਖੇਤਰ ਦੇ ਨਾਲ ਲੱਗਦੇ ਕਈ ਹੋਰ ਪਿੰਡਾਂ ’ਚ ਵੀ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਥੇ ਹੀ ਹੁਣ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਸ਼ੁੱਕਰਵਾਰ ਦੋਬਾਰਾ ਬਿਜਲੀ ਸਪਲਾਈ ਸ਼ੁਰੂ ਹੋਣ ’ਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਤਲਵੰਡੀ ਚੌਧਰੀਆਂ ਫੀਡਰ ਦੇ ਜੇ. ਈ. ਇੰਜੀਨੀਅਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੰਡ ਖੇਤਰ ਦੇ ਜ਼ਿਆਦਾ ਪਿੰਡਾਂ ’ਚ ਬਿਜਲੀ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਹੜ੍ਹ ਦੀ ਮਾਰ ਹੇਠਾਂ ਆਉਣ ਕਾਰਨ ਬਿਜਲੀ ਵਿਭਾਗ ਦੇ ਕਈ ਗਰਿੱਡ ਪੂਰੀ ਤਰ੍ਹਾਂ ਬੰਦ ਹੋ ਗਏ ਸਨ ਅਤੇ ਕਈ ਗਰਿੱਡਾਂ ’ਚ ਪਾਣੀ ਵੀ ਭਰ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਜਿਸ ਜਗ੍ਹਾ ਤੋਂ ਬੰਨ੍ਹ ਟੁੱਟਿਆ ਸੀ, ਉਥੇ ਦੇ ਕੁਝ ਏਰੀਏ ਤੇ ਡੇਰਿਆਂ ’ਚ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਬਿਜਲੀ ਮੁਲਾਜ਼ਮ ਬਿਜਲੀ ਦਾ ਦੀ ਸਪਲਾਈ ਲਈ ਲੱਗੇ ਹੋਏ ਹਨ ਅਤੇ ਜਿਉਂ ਪਾਣੀ ਦਾ ਪੱਧਰ ਹੋਰ ਘਟੇਗਾ ਤੁਰੰਤ ਹੀ ਇਨ੍ਹਾਂ ਡੇਰਿਆਂ ’ਚ ਵੀ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ DAV ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਬਾਈਕ ਸਵਾਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਦਰਿਆ ’ਚ ਪਾਣੀ ਦਾ ਪੱਧਰ ਘੱਟ ਹੋਣ ਦੇ ਬਾਵਜੂਦ ਪਿੰਡਾਂ ’ਚ ਹਾਲੇ ਸਥਿਤੀ ਚਿੰਤਾਜਨਕ
ਮੰਡ ਖੇਤਰ ’ਚ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਭਾਵੇਂ ਕਾਫ਼ੀ ਘੱਟ ਗਿਆ ਹੈ ਪਰ ਹਾਲੇ ਵੀ ਕਈ ਪਿੰਡ 5 ਤੋਂ 6 ਫੁੱਟ ਪਾਣੀ ’ਚ ਘਿਰੇ ਹੋਏ ਹਨ, ਜਿੱਥੇ ਹਾਲੇ ਵੀ ਸਥਿਤੀ ਚਿੰਤਾਜਨਕ ਹੈ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਹਾਲੇ ਸਿਰਫ਼ 10 ਫ਼ੀਸਦੀ ਲੋਕ ਆਪਣੇ ਘਰਾਂ ’ਚ ਪਹੁੰਚੇ ਹਨ, ਕਿਉਂਕਿ ਪਾਣੀ ਕਾਰਨ ਹਾਲੇ ਹਾਲਾਤ ਪਹਿਲਾਂ ਵਾਂਗ ਨਹੀਂ ਹੋਏ ਹਨ।
ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਭਾਵੇਂ ਘੱਟ ਹੋ ਗਿਆ ਹੈ ਪਰ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਿਸਾਨ ਆਗੂ ਬਾਊਪੁਰ ਨੇ ਦੱਸਿਆ ਕਿ ਭਾਵੇਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਪਰ ਇਹ ਰੇਤ ਨਹੀਂ ਹੈ, ਇਸ ’ਚ ਗੰਦੀ ਮਿੱਟੀ ਮਿਲੀ ਹੋਈ ਹੈ, ਜਿਸ ਕਾਰਨ ਇਸ ਰੇਤ ਨੂੰ ਵੇਚਿਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਖੇਤਾਂ ’ਚ ਪੰਜ ਫੁੱਟ ਦੇ ਕਰੀਬ ਰੇਤ ਪਿਆ ਹੈ, ਜਿਸ ਨੂੰ ਚੁੱਕਣਾ ਜਲਦ ਸੰਭਵ ਨਹੀਂ ਹੈ। ਕਿਸਾਨ ਬਲਵਿੰਦਰ ਸਿੰਘ ਪ੍ਰਤਾਪ ਸਿੰਘ ਨੇ ਦੱਸਿਆ ਕਿ ਖੇਤ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਕੀ ਸਾਡੇ ਹੀ ਖੇਤ ਹਨ, ਜਿੱਥੇ ਇਕ ਮਹੀਨਾ ਪਹਿਲਾਂ ਝੋਨੇ ਦੀ ਫ਼ਸਲ ਲਹਿਰਾ ਰਹੀ ਸੀ ਅਤੇ ਹੁਣ ਇਹ ਜ਼ਮੀਨ ਨੇ ਰੇਗਿਸਤਾਨ ਦਾ ਰੂਪ ਧਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ! ਨਵੇਂ ਹੁਕਮ ਹੋ ਗਏ ਜਾਰੀ
ਸੜਕਾਂ ’ਤੇ ਆਵਾਜਾਈ ਹਾਲੇ ਪੂਰੀ ਤਰ੍ਹਾਂ ਨਹੀਂ ਹੋਈ ਬਹਾਲ
ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਪੁਲ ਤੋਂ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਹਾਲੇ ਵੀ ਪਿੰਡਾਂ ਨੂੰ ਜਾਣ ਵਾਲੀ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ, ਕਿਉਂਕਿ ਪਿੰਡਾਂ ਨੂੰ ਜਾਣ ਵਾਲੇ ਰਸਤੇ ਅਤੇ ਆਲੇ-ਦੁਆਲੇ ਹਾਲੇ ਵੀ ਦਰਿਆ ’ਚ ਪਾਣੀ ਦੀਆਂ ਛੱਲਾਂ ਵੱਜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਾਲੇ ਵੀ ਕਈ ਪਿੰਡਾਂ ’ਚ ਕਿਸ਼ਤੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਠੀਕ ਹੋਣ ਦਾ ਘੱਟ ਤੋਂ ਘੱਟ 4 ਤੋਂ 5 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਜੇ ਸਰਕਾਰ ਜਾਂ ਪ੍ਰਸ਼ਾਸਨ ਗੰਭੀਰ ਹੋਵੇ।
ਸਮਾਜ ਸੇਵੀ ਸੰਗਠਨਾਂ ਤੋਂ ਲੈ ਕੇ ਕਲਾਕਾਰ ਲਗਾਤਾਰ ਕਰ ਰਹੇ ਨੇ ਮਦਦ
ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਗਠਨ ਕਲਾਕਾਰ ਅਤੇ ਹੋਰ ਧਾਰਮਿਕ ਸੰਗਠਨ ਲਗਾਤਾਰ ਮਦਦ ਕਰ ਰਹੇ ਹਨ। ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ, ਨਿੱਝਰ, ਮਨਪ੍ਰੀਤ ਔਲਖ, ਅਦਾਕਾਰ ਸੋਨੂ ਸੂਦ ਤੋਂ ਇਲਾਵਾ ਵੱਡੀ ਗਿਣਤੀ ’ਚ ਧਾਰਮਿਕ ਸੰਗਠਨਾਂ ਨੇ ਵੀ ਹੜ੍ਹ ਪੀੜਤਾਂ ਦੀ ਮਦਦ ’ਚ ਕੋਈ ਕਸਰ ਨਹੀਂ ਛੱਡੀ। ਸਰਬੱਤ ਦਾ ਭਲਾ ਫਾਊਂਡੇਸ਼ਨ ਵੱਲੋਂ ਵੀ ਵੱਡੀ ਮਾਤਰਾ ’ਚ ਹਰਾ ਚਾਰਾ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਗ੍ਰੰਥੀ ਤੇ ਸੇਵਾਦਾਰ ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਕਿਸਾਨਾਂ ਦੀਆਂ ਫ਼ਸਲਾਂ ਹੜ੍ਹ ਕਾਰਨ ਬਰਬਾਦ
ਮੰਡ ਖੇਤਰ ’ਚ ਕਈ ਪਿੰਡਾਂ ’ਚ ਕਿਸਾਨਾਂ ਵਲੋਂ ਠੇਕੇ ’ਤੇ ਜ਼ਮੀਨਾਂ ਲੈ ਕੇ ਵਾਹੀ ਕਰਨ ਵਾਲਿਆਂ ਨੂੰ ਫ਼ਸਲਾਂ ਦੇ ਖ਼ਰਾਬ ਹੋਣ ਕਾਰਨ ਉਨ੍ਹਾਂ ਉੱਪਰ ਮੁਸੀਬਤਾਂ ਦਾ ਪਹਾੜ ਡਿੱਗ ਪਿਆ, ਕਿਉਂਕਿ ਕਿਸਾਨਾਂ ਨੂੰ ਆਮਦ ਦਾ ਕੋਈ ਵੀ ਸਾਧਨ ਵਿਖਾਈ ਨਹੀਂ ਦਿੰਦਾ ਅਤੇ ਉੱਪਰੋਂ ਜ਼ਮੀਨਾਂ ਦੇ ਮਾਲਕਾਂ ਨੂੰ ਇਹ ਠੇਕਾ ਵੀ ਦੇ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਹਲੀ ਵਾਲਾ ਬੰਨ੍ਹ ਟੁੱਟਣ ਕਾਰਨ ਜੋ ਤਿੰਨ ਤੋਂ 4 ਹਜ਼ਾਰ ਏਕੜ ਫ਼ਸਲ ਖ਼ਰਾਬ ਹੋ ਗਈ ਹੈ, ਉਨ੍ਹਾਂ ’ਚ ਕਈ ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਫ਼ਸਲ ਦੀ ਬਿਜਾਈ ਕੀਤੀ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਕਿਸਾਨਾਂ ਨੂੰ ਵੀ ਮੁਆਵਜ਼ੇ ਦੀ ਰਾਸ਼ੀ ’ਚ ਵਾਧਾ ਕਰਕੇ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e