ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ’ਤੇ ਪੱਥਰ ਲਾਉਣ ਦੀ ਕਾਰਸੇਵਾ ਸ਼ੁਰੂ

Saturday, Mar 23, 2019 - 04:26 AM (IST)

ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ’ਤੇ ਪੱਥਰ ਲਾਉਣ ਦੀ ਕਾਰਸੇਵਾ ਸ਼ੁਰੂ
ਕਪੂਰਥਲਾ (ਧੀਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਪੱਥਰ ਲਾਉਣ ਦੀ ਕਾਰਸੇਵਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਾਰਸੇਵਾ ਗੁਰਦੁਆਰਾ ਬੇਰ ਸਾਹਿਬ ਦੇ ਲਹਿੰਦੇ ਪਾਸੇ ਸ਼ੁਰੂ ਕੀਤੀ ਗਈ ਹੈ। ਵਿਸ਼ਵ ਸੰਸਾਰ ਜਲ ਦਿਵਸ ਮੌਕੇ ਸ਼ੁਰੂ ਕੀਤੀ ਗਈ ਕਾਰ ਸੇਵਾ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿਚ ਪਾਣੀਆਂ ਦਾ ਗੰਭੀਰ ਸੰਕਟ ਬਣਿਆ ਹੋਇਆ ਹੈ। ਸੂਬੇ ਦੇ ਦਰਿਆ ਤੇ ਨਦੀਆਂ ਪ੍ਰਦੂਸ਼ਣ ਦੀ ਮਾਰ ਹੇਠਾਂ ਹਨ, ਜਿਨ੍ਹਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋਡ਼ ਬਣ ਗਈ ਹੈ। ਵੇਈਂ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਵੀ ਸਹਿਯੋਗ ਕਰ ਰਹੀ ਹੈ। ਸਰਕਾਰ ਵੱਲੋਂ ਪੱਥਰ ਤੇ ਹੋਰ ਸਾਮਾਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਦਕਿ ਤਕਨੀਕੀ ਤੌਰ ’ਤੇ ਸਾਰੀਆਂ ਸੇਵਾਵਾਂ ਸੰਤ ਸੀਚੇਵਾਲ ਜੀ ਮੁਹੱਈਆ ਕਰਵਾ ਰਹੇ ਹਨ ਤੇ ਸਾਰੇ ਕੰਮਾਂ ਦੀ ਨਿਗਰਾਨੀ ਵੀ ਆਪ ਕਰ ਰਹੇ ਹਨ। ਸੰਗਤਾਂ ਵੱਲੋਂ ਬਾਬੇ ਨਾਨਕ ਦੀ ਵੇਈਂ ਦੀ ਕਾਰਸੇਵਾ ਨੂੰ ਹੱਥੀਂ ਕਰਨ ਦਾ ਚਾਅ ਹੈ। ਇਹ ਕਾਰਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕਰਨੇ ਹਨ। ਇਨ੍ਹਾਂ ਸੇਵਾ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਸੰਤ ਸੀਚੇਵਾਲ ਜੀ ਵੱਲੋਂ ਇਕ ਐਕਸਾਵੇਟਰ ਮਸ਼ੀਨ ਨਵੀਂ ਖਰੀਦ ਕੇ ਕਾਰਸੇਵਾ ਵਿਚ ਲਗਾਈ ਗਈ ਹੈ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਕਾਰਸੇਵਾ ਵਿਚ ਹਫਤੇ ਵਿਚ ਇਕ ਦਿਨ ਜ਼ਰੂਰ ਸੇਵਾ ਵਿਚ ਲਗਾਉਣ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਬਾਬੇ ਨਾਨਕ ਦੀ ਵੇਈਂ ਦੀ ਚੱਲ ਰਹੀ ਕਾਰਸੇਵਾ ਵਿਚ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾਉਣ।ਇਸ ਮੌਕੇ ਸੰਤ ਸੁਖਜੀਤ ਸਿੰਘ, ਗੁਰਦੇਵ ਸਿੰਘ ਫੌਜੀ, ਅਮਰੀਕ ਸਿੰਘ ਸੰਧੂ, ਗੁਰਦੀਪ ਸਿੰਘ, ਸੁਖਜੀਤ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਦਇਆ ਸਿੰਘ ਅਤੇ ਸੰਗਤਾਂ ਹਾਜ਼ਰ ਸਨ।

Related News