ਖਹਿਰਾ ਤੇ ਸਿੱਧੂ ਦੇ ਮਨ ’ਚ ਪੁਲਵਾਮਾ ਦੇ ਸ਼ਹੀਦਾਂ ਲਈ ਕੋਈ ਸਤਿਕਾਰ ਨਹੀਂ : ਬੀਬੀ ਜਗੀਰ ਕੌਰ

02/20/2019 4:18:05 AM

ਕਪੂਰਥਲਾ (ਮੱਲ੍ਹੀ)-ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕਪੂਰਥਲਾ ਹਲਕੇ ਦੇ ਪਿੰਡ ਖੋਜੇਵਾਲ ਵਿਖੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਪ੍ਰਤੀ ਜੋ ਸੁਖਪਾਲ ਖਹਿਰਾ ਤੇ ਨਵਜੋਤ ਸਿੱਧੂ ਨੇ ਟਿੱਪਣੀਆਂ ਕੀਤੀਆਂ ਹਨ, ਉਹ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਤੇ ਨਵਜੋਤ ਸਿੱਧੂ ਦੀਆਂ ਸ਼ਹੀਦਾਂ ’ਤੇ ਟਿੱਪਣੀਆਂ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਦੇਸ਼ ਵਾਸੀਆਂ ਦੀ ਰੱਖਿਆ ਲਈ ਸਰਹੱਦਾਂ ’ਤੇ ਲਡ਼ ਰਹੇ ਜਵਾਨਾਂ ਤੇ ਦੇਸ਼ ਦੇ ਸ਼ਹੀਦਾਂ ਲਈ ਇਨ੍ਹਾਂ ਦੇ ਮਨਾਂ ’ਚ ਕੋਈ ਸਤਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਾਰਿਸ ਸੁਖਪਾਲ ਖਹਿਰਾ ਤੇ ਨਵਜੋਤ ਸਿੱਧੂ ਨੂੰ ਹਰਗਿਜ਼ ਮੁਆਫ ਨਹੀਂ ਕਰਨਗੇ। ਉਨ੍ਹਾਂ ਵਿਸ਼ੇਸ਼ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀ ਤਾਨਾਸ਼ਾਹੀ ਪ੍ਰਣਾਲੀ ਤੋਂ ਬੇਹੱਦ ਦੁਖੀ ਹਨ ਤੇ ਅਗਾਮੀ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਹਾਰ ਦੇਣਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ ਲਈ ਕਿਹਾ। ਉਕਤ ਮੀਟਿੰਗ ਦੌਰਾਨ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਮਾਰਕੀਟ ਕਮੇਟੀ ਕਪੂਰਥਲਾ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲਾ, ਸੀਨੀਅਰ ਅਕਾਲੀ ਆਗੂ ਸਵਰਨ ਸਿੰਘ ਜੋਸ਼, ਰਵਿੰਦਰ ਸਿੰਘ ਬੈਂਸ ਕੈਨੇਡਾ, ਬੀਬੀ ਗੁਰਸ਼ਰਨਪ੍ਰੀਤ ਕੌਰ ਦਿਓਲ, ਜਥੇ. ਸਰਬਜੀਤ ਸਿੰਘ ਦਿਓਲ, ਜਥੇ. ਦਰਸ਼ਨ ਸਿੰਘ ਕੋਟ ਕਰਾਰ ਖਾਂ, ਗੁਰਨਾਮ ਸਿੰਘ ਕਾਦੂਪੁਰ, ਹੰਸ ਰਾਜ ਦਬੁਰਜੀ ਆਦਿ ਅਕਾਲੀ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ (ਬ) ਨੂੰ ਬਦਨਾਮ ਕਰਨ ਲਈ ਹਰ ਹੀਲਾ ਕੀਤਾ ਹੈ ਪਰ ਅਕਾਲੀ ਦਲ ਕਦੇ ਵੀ ਜਨਤਾ ਦੀ ਕਚਹਿਰੀ ਤੋਂ ਦੂਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੀ ਚਡ਼੍ਹਦੀ ਕਲਾ ਲਈ ਸਖਤ ਮਿਹਨਤ ਕਰਨ ਲਈ ਤਿਆਰ ਹਨ। ਅਕਾਲੀ ਦਲ ਵਰਕਰਾਂ ਤੇ ਆਗੂਆਂ ਨੇ ਪੁਲਵਾਮਾ ਦੇ ਸ਼ਹੀਦ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ।

Related News