ਕਪੂਰਥਲਾ : ਨੌਜਵਾਨਾਂ ਵਲੋਂ ਪੁਲਸ ''ਤੇ ਫਾਇਰਿੰਗ, ਹਥਿਆਰਾਂ ਸਣੇ 2 ਕਾਬੂ
Monday, Oct 30, 2017 - 10:38 PM (IST)
ਕਪੂਰਥਲਾ (ਭੂਸ਼ਣ)- ਜ਼ਿਲਾ ਪੁਲਸ ਨੇ ਸੂਬੇ ਦੇ ਵੱਖ-ਵੱਖ ਥਾਣਾ ਇਲਾਕਿਆਂ 'ਚ ਟਰੱਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਮੁਲਜ਼ਮਾਂ ਤੋਂ 2 ਪਿਸਤੌਲ, 2 ਟਰੱਕ ਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜ਼ਮਾਂ ਨੇ ਨਾਕਾਬੰਦੀ ਦੌਰਾਨ ਰੋਕਣ 'ਤੇ ਮੌਕੇ 'ਤੇ ਮੌਜੂਦ ਪੁਲਸ ਟੀਮ 'ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਪੁਲਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਦੋਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਜ਼ਿਲਾ ਪੁਲਸ ਲਾਈਨ 'ਚ ਜਲੰਧਰ ਡੀ. ਆਈ. ਜੀ. ਜਸਕਰਨ ਸਿੰਘ ਨੇ ਦੱਸਿਆ ਕਿ ਕਪੂਰਥਲਾ 'ਚ 27 ਸਤੰਬਰ 2017 ਨੂੰ ਹਰਦੀਪ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਉੱਚਾ ਦੀ ਸ਼ਿਕਾਇਤ 'ਤੇ ਉਸ ਦੇ ਟਰੱਕ ਦੇ ਚੋਰੀ ਹੋਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਜਿਸ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਫੱਤੂਢੀਂਗਾ ਦੀ ਪੁਲਸ ਨੇ 2 ਅਕਤੂਬਰ 2017 ਨੂੰ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ ਤੇ ਗੁਰਦੇਵ ਸਿੰਘ ਪੁੱਤਰ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਸ ਦੌਰਾਨ 6-7 ਅਕਤੂਬਰ ਦੀ ਰਾਤ ਉਕਤ ਦੋਨੋਂ ਮੁਲਜ਼ਮ ਥਾਣਾ ਫੱਤੂਢੀਂਗਾ ਦੀ ਹਵਾਲਾਤ ਦੇ ਰੋਸ਼ਨਦਾਨ ਨੂੰ ਤੋੜ ਕੇ ਭੱਜ ਨਿਕਲੇ ਸਨ, ਜਿਸ ਦੇ ਸੰਬੰਧ 'ਚ ਥਾਣਾ ਫੱਤੂਢੀਂਗਾ ਪੁਲਸ ਨੇ ਫਰਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਭੱਜਦੇ ਸਮੇਂ ਦੋਵੇਂ ਮੁਲਜ਼ਮ ਦਾਣਾ ਮੰਡੀ ਫੱਤੂਢੀਂਗਾ ਤੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਸਨ। ਜਿਸ ਸੰੰਬੰਧੀ ਸੋਮਵਾਰ ਦੀ ਸਵੇਰ ਥਾਣਾ ਫੱਤੂਢੀਂਗਾ ਪੁਲਸ ਨੂੰ ਸੂਚਨਾ ਮਿਲੀ ਕਿ ਥਾਣਾ ਫੱਤੂਢੀਂਗਾ ਦੀ ਹਵਾਲਾਤ ਤੋਂ ਫਰਾਰ ਹੋਏ ਦੋਵੇਂ ਮੁਲਜ਼ਮ ਇਸ ਸਮੇਂ ਪਿੰਡ ਭੰਡਾਲ ਬੇਟ, ਸੁਰਖਪੁਰ 'ਚ ਘੁੰਮ ਰਹੇ ਹਨ। ਜਿਸ 'ਤੇ ਐੱਸ. ਐੱਚ. ਓ. ਫੱਤੂਢੀਂਗਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਨਾਕਾਬੰਦੀ ਕਰਕੇ ਜਦੋਂ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੌਰਾਨ ਪਿੰਡ ਸੁਰਖਪੁਰ ਤੋਂ ਆ ਰਹੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਪੁਲਸ ਵੱਲੋਂ ਪਿੱਛਾ ਕਰਨ 'ਤੇ ਮੁਲਜ਼ਮਾਂ ਨੇ ਆਪਣਾ ਮੋਟਰਸਾਈਕਲ ਖੇਤਾਂ 'ਚ ਸੁੱਟ ਦਿੱਤਾ ਤੇ ਆਪਣੀਆਂ-ਆਪਣੀਆਂ ਜੇਬਾਂ ਤੋਂ ਪਿਸਤੌਲ ਕੱਢ ਕੇ ਪੁਲਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਪੁਲਸ ਟੀਮ ਬਾਲ-ਬਾਲ ਬੱਚ ਗਈ। ਜਿਸ ਤੋਂ ਬਾਅਦ ਐੱਸ. ਐੱਚ. ਓ. ਫੱਤੂਢੀਂਗਾ ਪਰਮਿੰਦਰ ਸਿੰਘ ਬਾਜਵਾ ਤੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ਨਾਲ 2-2 ਫਾਇਰ ਕੀਤੇ ਤੇ ਦੋਵੇਂ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਨਜ਼ਦੀਕੀ ਖੇਤਾਂ ਤੋਂ ਗ੍ਰਿਫਤਾਰ ਕਰ ਲਿਆ।
ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਨੂੰ 315 ਬੋਰ ਦੇ 2 ਪਿਸਤੌਲ, 4 ਜ਼ਿੰਦਾ ਕਾਰਤੂਸ, 2 ਖੋਲ, ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ। ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 1 ਮਈ 2017 ਨੂੰ ਦਾਣਾ ਮੰਡੀ ਰਈਆ ਤੋਂ ਇਕ 10 ਟਾਇਰ ਟਰੱਕ ਚੋਰੀ ਕੀਤਾ ਸੀ , ਉਥੇ ਹੀ ਉਨ੍ਹਾਂ ਨੇ ਤਰਨਤਾਰਨ ਦੇ ਸ਼ਹਿਰੀ ਇਲਾਕੇ ਤੋਂ ਅਗਸਤ 2017 ਨੂੰ ਇਕ ਟਰੱਕ ਚੋਰੀ ਕੀਤਾ ਸੀ ਤੇ ਇਸ ਦੌਰਾਨ 16 ਸਤੰਬਰ ਨੂੰ ਉਨ੍ਹਾਂ ਨੇ ਪਿੰਡ ਚੰਬੇ ਕਲਾਂ ਥਾਣਾ ਚੋਹਲਾ ਸਾਹਿਬ ਜ਼ਿਲਾ ਤਰਨਤਾਰਨ ਤੋਂ ਇਕ ਟਰੱਕ ਚੋਰੀ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 28 ਸਤੰਬਰ ਨੂੰ ਪਿੰਡ ਉੱਚਾ ਬੇਟ ਤੋਂ ਇਕ ਟਰੱਕ ਚੋਰੀ ਕੀਤਾ ਸੀ। ਜਿਸ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮਾਂ ਤੋਂ 2 ਚੋਰੀਸ਼ੁਦਾ ਟਰੱਕ ਬਰਾਮਦ ਕਰ ਲਏ। ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਬਰਾਮਦ ਪਿਸਟੌਲ ਉੱਤਰ ਪ੍ਰਦੇਸ਼ ਤੋਂ ਲਏ ਸਨ । ਜਿਸ ਸੰਬੰਧੀ ਜਾਂਚ ਜਾਰੀ ਹੈ। ਇਸ ਪੱਤਰਕਾਰ ਸੰੰਮੇਲਨ 'ਚ ਹੋਰ ਅਧਿਕਾਰੀ ਵੀ ਮੌਜੂਦ ਸਨ ।