ਹੈਵਾਨੀਅਤ ਦੀਆਂ ਹੱਦਾਂ ਪਾਰ: ਕਪੂਰਥਲਾ ''ਚ ਮਾਨਸਿਕ ਤੌਰ ''ਤੇ ਬੀਮਾਰ ਕੁੜੀ ਨਾਲ ਜਬਰ-ਜ਼ਿਨਾਹ
Friday, Nov 20, 2020 - 09:48 AM (IST)

ਕਪੂਰਥਲਾ (ਭੂਸ਼ਣ, ਮਲਹੋਤਰਾ): ਮਾਨਸਿਕ ਤੌਰ 'ਤੇ ਬੀਮਾਰ ਇਕ ਕੁੜੀ ਨੂੰ ਘਰ 'ਚ ਵੜ ਕੇ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਉਣ ਦੇ ਮਾਮਲੇ 'ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕਰ ਕੇ ਉਸਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਬਾਅਦ 'ਚ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸਨੂੰ ਅਦਾਲਤ ਨੇ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਗੁਰਦਾਸਪੁਰ 'ਚ 14 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ
ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨੇੜਲੇ ਪਿੰਡ ਨਾਲ ਸਬੰਧਤ ਇਕ ਜਨਾਨੀ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸਦੀ ਲੜਕੀ ਮਾਨਸਿਕ ਤੌਰ 'ਤੇ ਬੀਮਾਰ ਹੈ। ਬੀਤੇ ਦਿਨ ਉਹ ਆਪਣੇ ਪਤੀ ਦੇ ਨਾਲ ਖੇਤਾਂ 'ਚ ਕੰਮ ਕਰਨ ਲਈ ਗਈ ਹੋਈ ਸੀ, ਜਿਸ ਦੌਰਾਨ ਜਦੋਂ ਉਹ ਵਾਪਸ ਘਰ ਆਈ ਤਾਂ ਉਸਦੀ ਕੁੜੀ ਬੇਹੱਦ ਡਰੀ ਤੇ ਸਹਿਮੀ ਹੋਈ ਸੀ, ਜਦੋਂ ਉਸਨੇ ਆਪਣੀ ਬੇਟੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਘਰ 'ਚ ਵੜ ਕੇ ਜਬਰ-ਜ਼ਨਾਹ ਕੀਤਾ ਹੈ।
ਇਹ ਵੀ ਪੜ੍ਹੋ : ਆਪਰੇਸ਼ਨ ਦੇ 4 ਮਹੀਨੇ ਬਾਅਦ ਵੀ ਤੜਫ਼ਦੀ ਰਹੀ ਜਨਾਨੀ, ਐਕਸਰੇ ਰਿਪੋਰਟ ਨੇ ਉਡਾਏ ਪਰਿਵਾਰ ਦੇ ਹੋਸ਼
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ-ਡਵੀਜ਼ਨ ਸੁਰਿੰਦਰ ਸਿੰਘ ਤੇ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਮੌਕੇ 'ਤੇ ਪਹੁੰਚੇ। ਲੜਕੀ ਦੇ ਬੇਹੱਧ ਡਰੇ ਹੋਣ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਦੇ ਕਾਰਣ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਪਛਾਣ ਨਹੀਂ ਹੋ ਰਹੀ ਸੀ, ਜਿਸ 'ਤੇ ਥਾਣਾ ਸਦਰ ਪੁਲਸ ਨੇ ਖੇਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਦੋਂ ਜਾਂਚ ਕੀਤੀ ਤਾਂ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਪਿੰਡ 'ਚ ਥ੍ਰੀ-ਵ੍ਹੀਲਰ 'ਤੇ ਸਬਜ਼ੀ ਵੇਚਣ ਵਾਲੇ ਕੁਲਦੀਪ ਸਿੰਘ ਉਰਫ ਬਿੱਟੂ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕੋਹਾਲਾ ਥਾਣਾ ਲਾਂਬੜਾ ਜ਼ਿਲਾ ਜਲੰਧਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ 'ਤੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਕੁਲਦੀਪ ਸਿੰਘ ਉਰਫ ਬਿੱਟੂ ਦੇ ਖਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਕੇ ਛਾਪੇਮਾਰੀ ਦੌਰਾਨ ਮੁਲਜ਼ਜਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਪੁਛਗਿੱਛ ਦਾ ਦੌਰ ਜਾਰੀ ਹੈ। ਪੁਛਗਿੱਛ ਦੌਰਾਨ ਕਈ ਸਨਸਨੀਖੇਜ਼ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।