ਬੀਬੀ ਮਾਣੂੰਕੇ ਵਲੋਂ ਲਿਖੀ ਚਿੱਠੀ ਦਾ ਕੰਵਰ ਸੰਧੂ ਨੇ ਦਿੱਤਾ ਜਵਾਬ (ਵੀਡੀਓ)
Saturday, Oct 27, 2018 - 03:20 PM (IST)
ਚੰਡੀਗੜ੍ਹ (ਮਨਮੋਹਨ) : ਖਹਿਰਾ ਧੜੇ ਅਤੇ ਦਿੱਲੀ ਧੜੇ ਦੀ ਦਾਲ ਅਜੇ ਗਲਦੀ ਦਿਖਾਈ ਨਹੀਂ ਦੇ ਰਹੀ। ਇਕ ਪਾਸੇ ਜਿੱਥੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਬਣਾਈ ਕੋਆਰਡੀਨੇਟਿੰਗ ਕਮੇਟੀ ਨੇ ਖਹਿਰਾ ਧੜੇ ਦੀ ਪੰਜ ਮੈਂਬਰੀ ਤਾਲਮੇਲ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਮੁੜ ਇਕੱਠੇ ਹੋਣ ਦੇ ਸੰਕੇਤ ਦਿੱਤੇ ਹਨ, ਉੱਥੇ ਹੀ ਪਾਰਟੀ ਵੱਲੋਂ ਖਹਿਰਾ ਧੜੇ ਨੂੰ ਬਿਨਾਂ ਪੁੱਛੇ ਕੀਤੇ ਅਹੁਦੇਦਾਰਾਂ ਦੇ ਐਲਾਨ ਨੇ ਉਨ੍ਹਾਂ ਨੂੰ ਫਿਰ ਰੁੱਸਣ ਦਾ ਮੌਕਾ ਦੇ ਦਿੱਤਾ। ਇਸ ਗੱਲ ਤੋਂ ਨਾਰਾਜ਼ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਕੀ ਜ਼ਾਹਰ ਕੀਤੀ ਕਿ ਕੋਆਰਡੀਨੇਟਿੰਗ ਕਮੇਟੀ ਦੀ ਪ੍ਰਧਾਨ ਸਰਬਜੀਤ ਕੌਰ ਮਾਣੂੰਕੇ ਨੇ ਖਹਿਰਾ 'ਤੇ ਹੀ ਇਲਜ਼ਾਮ ਲਗਾ ਦਿੱਤੇ ਕਿ ਉਹ ਪਾਰਟੀ ਦੀ ਏਕਤਾ ਦੇਖਣਾ ਹੀ ਨਹੀਂ ਚਾਹੁੰਦੇ।
ਇਸ ਸੰਬੰਧੀ ਇਕ ਚਿੱਠੀ ਵੀ ਉਨ੍ਹਾਂ ਖਹਿਰਾ ਧੜੇ ਦੀ ਕੋਆਰਡੀਨੇਟਿੰਗ ਕਮੇਟੀ ਦੇ ਪ੍ਰਧਾਨ ਕੰਵਰ ਸੰਧੂ ਨੂੰ ਲਿੱਖੀ। ਇਸ ਪੂਰੇ ਮਾਮਲੇ 'ਤੇ ਗੱਲਬਾਤ ਕਰਦੇ ਹੋਏ ਕੰਵਰ ਸੰਧੂ ਨੇ ਮੀਡੀਆ ਸਾਹਮਣੇ ਆ ਕੇ ਖਹਿਰਾ ਧੜੇ ਦਾ ਪੱਖ ਹੀ ਨਹੀਂ ਰੱਖਿਆ ਸਗੋਂ ਇਹ ਵੀ ਦੱਸਿਆ ਕਿ ਉਸ ਦਿਨ ਮੀਟਿੰਗ 'ਚ ਉਨ੍ਹਾਂ ਦੀ ਭਗਵੰਤ ਮਾਨ ਤੇ ਮਾਣੂੰਕੇ ਹੁਰਾਂ ਨਾਲ ਕੀ ਗੱਲਬਾਤ ਹੋਈ। ਸੰਧੂ ਨੇ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਵਲੋਂ ਬਿਨਾਂ ਦੱਸੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਇਹ ਗਲਤ ਹੈ। ਜੇਕਰ ਪਾਰਟੀ ਨੂੰ ਇਕਜੁੱਟ ਕਰਨ ਦੀ ਮਨਸ਼ਾ ਹੈ ਤਾਂ ਫਿਰ ਸਲਾਹ ਮਸ਼ਵਰਾ ਕਿਉਂ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਕੰਵਰ ਸੰਧੂ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਮੈਨੂੰ ਅਹੁਦਾ ਨਹੀਂ ਚਾਹੀਦਾ ਸਗੋਂ ਖੁਦਮੁਖਤਿਆਰੀ ਚਾਹੀਦੀ ਹੈ।
