ਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ ’ਤੇ ਚੁੱਕੀ ਕੰਗਨਾ ਨੇ ਮੁੜ ਉਂਗਲ, ਲਗਾਏ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼

12/16/2020 2:08:27 PM

ਜਲੰਧਰ (ਬਿਊਰੋ)- ਵਿਵਾਦਾਂ ’ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲੱਗਦਾ ਹੈ ਕਿ ਕਿਸਾਨ ਅੰਦੋਲਨ ’ਤੇ ਆਪਣਾ ਵਿਵਾਦ ਖਤਮ ਨਹੀਂ ਕਰਨਾ ਚਾਹੁੰਦੀ। ਇਸੇ ਲਈ ਉਹ ਵਾਰ-ਵਾਰ ਕਿਸਾਨ ਅੰਦੋਲਨ ’ਤੇ ਟਵੀਟ ਕਰਕੇ ਚਰਚਾ ’ਚ ਬਣੀ ਹੋਈ ਹੈ। ਅੱਜ ਕੰਗਨਾ ਨੇ ਮੁੜ ਨਵੇਂ ਟਵੀਟਸ ਕੀਤੇ ਹਨ ਤੇ ਇਨ੍ਹਾਂ ਟਵੀਟਸ ’ਚ ਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ ’ਤੇ ਵੱਡੇ ਇਲਜ਼ਾਮ ਲਗਾਏ ਹਨ।

ਕੰਗਨਾ ਰਣੌਤ ਕਿਸਾਨ ਅੰਦੋਲਨ ਦੀ ਇਕ ਵੀਡੀਓ ਸਾਂਝੀ ਕਰਦਿਆਂ ਲਿਖਦੀ ਹੈ, ‘ਮੈਂ ਚਾਹੁੰਦੀ ਹਾਂ ਕਿ ਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ ਜੀ, ਜੋ ਕਿਸਾਨਾਂ ਲਈ ਲੋਕਲ ਕ੍ਰਾਂਤੀਕਾਰੀਆਂ ਦੀ ਭੂਮਿਕਾ ’ਚ ਦਿਖੇ, ਘੱਟ ਤੋਂ ਘੱਟ ਇਕ ਵੀਡੀਓ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਇਹ ਤਾਂ ਦੱਸਣ ਕਿ ਉਨ੍ਹਾਂ ਨੇ ਵਿਰੋਧ ਕਿਸ ਗੱਲ ਦਾ ਕਰਨਾ ਹੈ। ਦੋਵੇਂ ਕਿਸਾਨਾਂ ਨੂੰ ਭੜਕਾ ਕੇ ਗਾਇਬ ਹੋ ਗਏ ਹਨ ਤੇ ਦੇਖੋ ਕਿਸਾਨਾਂ ਦੀ ਤੇ ਦੇਸ਼ ਦੀ ਇਹ ਹਾਲਤ ਹੈ।’

PunjabKesari

ਕੰਗਨਾ ਰਣੌਤ ਇੰਨਾ ਕੁਝ ਲਿਖਣ ਦੇ ਬਾਅਦ ਵੀ ਚੁੱਪ ਨਹੀਂ ਬੈਠੀ ਤੇ ਇਸੇ ਟਵੀਟ ਦਾ ਹਵਾਲਾ ਦਿੰਦਿਆਂ ਲਿਖਿਆ, ‘ਜਦੋਂ ਪ੍ਰਸਿੱਧ ਤੇ ਮੰਨੇ-ਪ੍ਰਮੰਨੇ ਕਲਾਕਾਰ ਮਾਸੂਮਾਂ ਨੂੰ ਭੜਕਾਉਂਦੇ ਹਨ, ਦੇਸ਼ ’ਚ ਸ਼ਾਹੀਨ ਬਾਗ ਵਰਗੇ ਦੰਗੇ/ਕਿਸਾਨ ਅੰਦੋਲਨ ਵਰਗੇ ਵਿਰੋਧ ਕਰਵਾਉਂਦੇ ਹਨ ਤਾਂ ਕੀ ਸਰਕਾਰ ਨੂੰ ਉਨ੍ਹਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਜਾਂ ਕੇਸ ਨਹੀਂ ਕਰਨਾ ਚਾਹੀਦਾ? ਕੀ ਇਸ ਤਰ੍ਹਾਂ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ’ਚ ਖੁੱਲ੍ਹ ਕੇ ਹਿੱਸਾ ਲੈਣ ਵਾਲਿਆਂ ਲਈ ਕੋਈ ਸਜ਼ਾ ਨਹੀਂ?’

PunjabKesari

ਦੱਸਣਯੋਗ ਹੈ ਕਿ ਕੰਗਨਾ ਦੇ ਇਨ੍ਹਾਂ ਟਵੀਟਸ ’ਤੇ ਨਾ ਤਾਂ ਦਿਲਜੀਤ ਦੋਸਾਂਝ ਵਲੋਂ ਕੋਈ ਪ੍ਰਤੀਕਿਰਿਆ ਦਿੱਤੀ ਗਈ ਹੈ ਤੇ ਨਾ ਹੀ ਪ੍ਰਿਅੰਕਾ ਚੋਪੜਾ ਨੇ ਕੁਝ ਕਿਹਾ ਹੈ।

ਨੋਟ– ਕੰਗਨਾ ਰਣੌਤ ਦੇ ਇਨ੍ਹਾਂ ਟਵੀਟਸ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh