ਪਿਤਾ ਨੇ ਟੈਂਪੂ ਚਲਾ ਕੇ ਪੜ੍ਹਾਇਆ, ਪੁੱਤ ਨੇ ISRO ਦਾ ਵਿਗਿਆਨੀ ਬਣ ਪੂਰੇ ਪੰਜਾਬ ਦਾ ਮਾਣ ਵਧਾਇਆ

Saturday, Oct 09, 2021 - 02:16 PM (IST)

ਪਟਿਆਲਾ (ਬਲਜਿੰਦਰ) : ਹਲਕਾ ਸਨੌਰ ਦੇ ਪਿੰਡ ਮਘਰ ਸਾਹਿਬ ਦੇ ਰਹਿਣ ਵਾਲੇ ਪੁਸ਼ਪ ਨਾਥ ਸ਼ਰਮਾ ਨੇ ਟੈਂਪੂ ਚਲਾ ਕੇ ਆਪਣੇ ਪੁੱਤਰ ਕਮਲਦੀਪ ਸ਼ਰਮਾ ਨੂੰ ਉੱਚ ਸਿੱਖਿਆ ਦਿੱਤੀ। ਪੁੱਤਰ ਨੇ ਵੀ ਪਿਤਾ ਦੀ ਹੱਡ-ਤੋੜਵੀਂ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੱਤਾ ਅਤੇ ਦੇਸ਼ ਦੀ ਨਾਮੀ ਸੰਸਥਾ ਵੱਲੋਂ ਚੁਣੇ ਗਏ ਨਵੇਂ ਵਿਗਿਆਨੀਆਂ ’ਚੋਂ ਪੰਜਾਬ ਵਿਚੋਂ ਪਹਿਲਾ ਅਤੇ ਦੇਸ਼ ’ਚੋਂ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਮਾਤਾ-ਪਿਤਾ, ਹਲਕਾ ਸਨੌਰ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪੱਛੜੇ ਇਲਾਕੇ ’ਚੋਂ ਉੱਠ ਕੇ ਇਸ ਮੁਕਾਮ ’ਤੇ ਪਹੁੰਚਣਾ ਆਪਣੇ ਆਪ ਵਿਚ ਇਕ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਵਿਧਾਨ ਸਭਾ ਚੋਣਾਂ ਦੌਰਾਨ 'ਬਜ਼ੁਰਗ ਵੋਟਰ' ਘਰ ਬੈਠੇ ਪਾ ਸਕਣਗੇ ਵੋਟ

ਕਮਲਦੀਪ ਸ਼ਰਮਾ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਹਲਕਾ ਸਨੌਰ ਦੇ ਵਿਧਾਇਕ ਅਤੇ ਨੌਜਵਾਨਾਂ ਨੂੰ ਹਮੇਸ਼ਾ ਚੰਗੇ ਕੰਮ ਕਰਨ ਦੀ ਪ੍ਰੇਰਣਾ ਦੇਣ ਵਾਲੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਮਲਦੀਪ ਸ਼ਰਮਾ ਦੇ ਘਰ ਪਹੁੰਚ ਕੇ ਉਸ ਦਾ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਹ ਇਸ ਇਲਾਕੇ ਦਾ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਬਣ ਗਿਆ ਹੈ। ਵਿਧਾਇਕ ਚੰਦੂਮਾਜਰਾ ਨੇ ਕਮਲਦੀਪ ਸ਼ਰਮਾ ਦੇ ਨਾਲ-ਨਾਲ ਉਸ ਦੇ ਪਿਤਾ ਪੁਸ਼ਪ ਨਾਥ, ਮਾਤਾ ਸ਼ੁਸੀਲਾ ਦੇਵੀ, ਤਾਇਆ ਪਦਮ ਨਾਥ ਅਤੇ ਭਰਾ ਪੁਨੀਤ ਸ਼ਰਮਾ ਨੂੰ ਵਧਾਈ ਦਿੱਤੀ। ਕਮਲਦੀਪ ਸ਼ਰਮਾ ਨੇ ਦੱਸਿਆ ਕਿ ਉਹ ਬਚਪਨ ’ਚ ਕੁੱਝ ਬਣਨਾ ਚਾਹੁੰਦਾ ਸੀ ਪਰ ਪਿੰਡ ’ਚ ਰਹਿਣ ਕਰ ਕੇ ਪੜ੍ਹਾਈ ’ਚ ਕੁੱਝ ਜ਼ਿਆਦਾ ਨਹੀਂ ਚੱਲ ਸਕਿਆ।

ਇਹ ਵੀ ਪੜ੍ਹੋ : ਮਾਛੀਵਾੜਾ ਦੇ 'ਹਰੇ ਸਮੋਸੇ' ਦੀਆਂ ਚਾਰੇ ਪਾਸੇ ਪਈਆਂ ਧੁੰਮਾਂ, ਬਾਹਰਲੇ ਸੂਬਿਆਂ ਤੋਂ ਵੀ ਖਾਣ ਆਉਂਦੇ ਨੇ ਲੋਕ (ਤਸਵੀਰਾਂ)

ਉਸ ਦੇ 10ਵੀਂ ਜਮਾਤ ਤੱਕ ਸਿਰਫ 35 ਫ਼ੀਸਦੀ ਅੰਕ ਹੀ ਆਏ। ਦੇਵੀਗੜ੍ਹ ਕੋਲ ਸਥਿਤ ਪਿੰਡ ਮਘਰ ਸਹਿਬ ਦੀ ਬਜਾਏ ਉਸ ਦੇ ਪਿਤਾ ਪੁਸ਼ਪ ਨਾਥ ਨੇ ਉਸ ਨੂੰ ਨਾਰਾਇਣ ਸਕੂਲ ਸਨੌਰ ’ਚ ਪੜ੍ਹਨ ਲਈ ਭੇਜਿਆ, ਜਿੱਥੇ ਉਸ ਨੇ 70 ਫ਼ੀਸਦੀ ਅੰਕ ਹਾਸਲ ਕੀਤੇ। ਫਿਰ ਬੀ. ਟੈੱਕ ਕਰਨ ਤੋਂ ਬਾਅਦ ਉਹ ਦਿੱਲੀ ਚਲਾ ਗਿਆ, ਜਿੱਥੇ ਤਿੰਨ ਸਾਲ ਤੱਕ ਛੋਟੇ ਜਿਹੇ ਕਮਰੇ ’ਚ ਰਹਿ ਕੇ ਉਸ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਆਖ਼ਰ ਇਸ ਮੁਕਾਮ ’ਤੇ ਪਹੁੰਚਣ ’ਚ ਸਫਲ ਹੋਇਆ। ਕਮਲਦੀਪ ਸ਼ਰਮਾ ਨੇ ਦੱਸਿਆ ਕਿ ਉਸ ਦੀ ਚੰਡੀਗੜ੍ਹ ਵਿਖੇ ਜਦੋਂ 15 ਵਿਗਿਆਨੀਆਂ ਦੇ 15 ਮੈਂਬਰੀ ਪੈਨਲ ਵੱਲੋਂ ਇੰਟਰਵਿਊ ਲਈ ਗਈ ਤਾਂ ਬਾਕੀ ਉਮੀਦਵਾਰਾਂ ਦੀ ਜਿੱਥੇ ਇੰਟਰਵਿਊ 12 ਤੋਂ 14 ਮਿੰਟ ਹੋਈ ਪਰ ਉਸ ਦੀ ਇੰਟਰਵਿਊ ਦੀ 28 ਮਿੰਟ ਤੱਕ ਹੋਈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ 'ਚ ਡੇਰੇ, ਜੀ-23 ਆਗੂਆਂ ਨਾਲ ਮੁਲਾਕਾਤ ਦੀ ਚਰਚਾ

ਅਗਲੇ ਦਿਨ ਜਦੋਂ ਅਖ਼ਬਾਰ ’ਚ ਫੋਟੋ ਦੇਖੀ ਤਾਂ ਵਿਸ਼ਵਾਸ਼ ਨਹੀਂ ਹੋਇਆ। ਫਿਰ ਈਸਰੋ ਦੇ ਦਫ਼ਤਰ ’ਚ ਫੋਨ ਕਰ ਕੇ ਵਿਸ਼ਵਾਸ ਪੱਕਾ ਕੀਤਾ। ਕਮਲਦੀਪ ਸ਼ਰਮਾ ਦੇ ਪਿਤਾ ਪੁਸ਼ਪ ਨਾਥ ਨੇ ਦੱਸਿਆ ਉਨ੍ਹਾਂ ਨੇ ਆਪਣੇ ਪੁੱਤਰ ਸਿੱਖਿਆ ਦੇਣ ਲਈ ਦਿਨ-ਰਾਤ ਟੈਂਪੂ ਚਲਾਇਆ ਅਤੇ ਆਪਣੀ ਬਣਦੀ ਕੋਸ਼ਿਸ ਕੀਤੀ। ਹੁਣ ਕਮਲਦੀਪ ਸ਼ਰਮਾ ਇਕ ਮੁਕਾਮ ’ਤੇ ਪਹੁੰਚ ਗਿਆ ਤਾਂ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਪੂਰੀ ਉਮਰ ਇਸ ਟੈਂਪੂ (ਛੋਟੇ ਹਾਥੀ) ਨੂੰ ਨਹੀਂ ਵੇਚਣਗੇ ਤੇ ਸੰਭਾਲ ਕੇ ਰੱਖਣਗੇ। ਪਿਤਾ ਪੁਸ਼ਪ ਨਾਥ ਨੇ ਆਪਣੇ ਬੱਚੇ ਦੀ ਸਫ਼ਲਤਾ ’ਤੇ ਮਾਣ ਜਤਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News