ਵਿਆਹੁਤਾ ਦੀ ਭੇਤਭਰੀ ਹਾਲਤ ''ਚ ਮੌਤ

Monday, Mar 23, 2020 - 02:49 PM (IST)

ਵਿਆਹੁਤਾ ਦੀ ਭੇਤਭਰੀ ਹਾਲਤ ''ਚ ਮੌਤ

ਕਲਾਨੌਰ (ਮਨਮੋਹਨ) : ਕਲਾਨੌਰ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਬਰਿਆਰ ਵਿਖੇ ਇਕ ਵਿਆਹੁਤਾ ਲੜਕੀ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਸਾਮ ਕਮਿਊਨਟੀ ਹੈਲਥ ਸੈਂਟਰ ਕਲਾਨੌਰ ਵਿਖੇ ਮ੍ਰਿਤਕਾ ਅਕਵਿੰਦਰ ਕੌਰ (28) ਪਤਨੀ ਅਵਤਾਰ ਸਿੰਘ ਵਾਸੀ ਬਰਿਆਰ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਗੰਭੀਰ ਹਾਲਤ 'ਚ ਲੈ ਕੇ ਆਏ ਸਨ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਸੀ।

ਇਸ ਮੌਕੇ ਪਹੁੰਚੇ ਮ੍ਰਿਤਕ ਲੜਕੀ ਦੇ ਭਰਾ ਸੁਖਚੈਨ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਜਨਵਰੀ 2019 ਨੂੰ ਪਿੰਡ ਬਰਿਆਰ ਵਿਖੇ ਅਵਤਾਰ ਸਿੰਘ ਪੁੱਤਰ ਦਲਬੀਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਕਰੀਬ ਤਿੰਨ ਮਹੀਨੇ ਬਾਅਦ ਹੀ ਅਵਤਾਰ ਸਿੰਘ ਦੁਬਈ ਚਲਾ ਗਿਆ ਸੀ ਅਤੇ ਅੱਜ ਤੱਕ ਉਹ ਬਾਹਰੋਂ ਨਹੀਂ ਆਇਆ ਹੈ। ਸੁਖਚੈਨ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਭੈਣ ਨੂੰ ਸਹੁਰੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਬੀਤੇ ਕੱਲ ਉਸ ਦੀ ਭੈਣ ਨੂੰ ਸਹੁਰਾ ਪਰਿਵਾਰ ਵੱਲੋਂ ਗਲਾ ਦਬਾ ਕੇ ਮਾਰ ਦਿੱਤਾ ਗਿਆ ਹੈ।

ਇਸ ਸਬੰਧੀ ਜਦੋਂ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਇਸ ਕੇਸ ਸਬੰਧੀ ਮ੍ਰਿਤਕਾ ਅਕਵਿੰਦਰ ਕੌਰ ਦੇ ਪਿਤਾ ਚਰਨਜੀਤ ਸਿੰਘ ਵਾਸੀ ਬੰਬ ਦੇ ਬਿਆਨਾਂ 'ਤੇ ਮ੍ਰਿਤਕਾ ਦੀ ਸੱਸ, ਸਹੁਰੇ, ਜੇਠ, ਜੇਠਾਣੀ, ਨਨਾਣ ਅਤੇ ਪਤੀ ਦੇ ਖਿਲਾਫ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Baljeet Kaur

Content Editor

Related News