ਇਸ ਪ੍ਰਾਚੀਨ ਸ਼ਿਵ ਮੰਦਰ ''ਚ ਭਗਵਾਨ ਸ਼ੰਕਰ ਖੁਦ ਹੋਏ ਸਨ ਪ੍ਰਗਟ

02/20/2020 11:47:31 AM

ਕਲਾਨੌਰ (ਮਨਮੋਹਨ) : ਮਹਾਦੇਵ ਸ਼ਿਵ ਦੀ ਮਹਿਮਾ ਦਾ ਵਰਣਨ ਕਰਨਾ ਬਹੁਤ ਮੁਸ਼ਕਲ ਹੈ। ਸ਼ਿਵ ਪੁਰਾਣ ਅਨੁਸਾਰ ਪੂਰੇ ਜਗਤ ਦੇ ਨਿਰਮਾਤਾ ਦਾ ਨਾਂ ਹੀ ਭਗਵਾਨ ਸ਼ਿਵ ਸ਼ੰਕਰ ਜੀ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਭਗਵਾਨ ਬ੍ਰਹਮਾ ਸੰਸਾਰ ਦੀ ਰਚਨਾ ਕਰਦੇ ਹਨ ਅਤੇ ਭਗਵਾਨ ਵਿਸ਼ਨੂ ਉਨ੍ਹਾਂ ਦੀ ਪਾਲਣਾ ਕਰਦੇ ਹਨ। ਭਗਵਾਨ ਸ਼ਿਵ ਦੇ ਦੋ ਪ੍ਰਮੁੱਖ ਸਥਾਨ ਕਾਬਾ ਅਤੇ ਕਲਾਨੌਰ ਸ਼ਿਵ ਮੰਦਰ ਹਨ, ਜਿੱਥੇ ਭਗਵਾਨ ਸ਼ਿਵ ਦੀ ਸਥਾਪਨਾ ਨਹੀਂ ਕੀਤੀ ਗਈ ਸਗੋਂ ਉਹ ਖੁਦ ਇੱਥੇ ਪ੍ਰਗਟ ਹੋਏ ਸਨ। ਕਲਾਨੌਰ ਦਾ ਇਹ ਪ੍ਰਾਚੀਨ ਮੰਦਰ ਭਾਰਤ-ਪਾਕਿ ਸਰਹੱਦ ਤੋਂ 5-6 ਕਿਲੋ ਮੀਟਰ ਅਤੇ ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ 'ਤੇ ਪਿੰਡ ਗੁਰਦਾਸਪੁਰ ਤੋਂ ਪੱਛਮ ਦਿਸ਼ਾ ਵੱਲ 26 ਕਿਲੋ ਮੀਟਰ ਦੀ ਦੂਰੀ 'ਤੇ ਸਥਿਤ ਹੈ। ਇੱਥੇ ਹਰ ਸਾਲ ਮਹਾਸ਼ਿਵਰਾਤਰੀ ਮੇਲਾ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਸ਼ਿਵ ਭਗਤ ਅਤੇ ਮਹਾਨ ਸੰਤ ਮਹਾਤਮਾ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚ ਕੇ ਪੂਜਾ ਅਰਚਨਾ ਕਰਦੇ ਹਨ ਅਤੇ ਇਹ ਸੱਚਾਈ ਵੀ ਹੈ ਕਿ ਇਸ ਦਿਨ ਸੱਚੇ ਦਿਲੋਂ ਮੰਗੀ ਦੁਆ ਅਗਲੇ ਸਾਲ ਨੂੰ ਮਹਾਸ਼ਿਵਰਾਤਰੀ ਦੇ ਆਉਣ ਤੱਕ ਪੂਰੀ ਹੋ ਜਾਂਦੀ ਹੈ।

ਕਲਾਨੌਰ ਦੇ ਇਸ ਇਤਿਹਾਸਕ ਪ੍ਰਾਚੀਨ ਸ਼ਿਵ ਮੰਦਰ ਦੀ ਕਥਾ ਕੁਝ ਇਸ ਤਰ੍ਹਾਂ ਹੈ
ਸੰਨ 1556 ਵਿਚ ਅਕਬਰ ਬਾਦਸ਼ਾਹ ਨੇ ਆਪਣੀ ਸੈਨਾ ਨਾਲ ਕਲਾਨੌਰ ਵਿਚ ਡੇਰੇ ਲਾਏ ਹੋਏ ਸਨ ਤਾਂ ਜਮੀਲ ਖਾਂ ਜੋ ਅਕਬਰ ਦੇ ਘੋੜਿਆਂ ਨੂੰ ਤਬੇਲੇ ਵਿਚ ਚਾਰਾ ਪਾ ਰਿਹਾ ਸੀ, ਨੇ ਅਚਾਨਕ ਦੇਖਿਆ ਕਿ ਜਦੋਂ ਵੀ ਘੋੜਾ ਅੰਦਰ ਜਾਂਦਾ ਹੈ, ਲੰਗੜਾ ਹੋ ਕੇ ਉਹ ਬਾਹਰ ਆਉਂਦਾ ਹੈ। ਜ਼ਮੀਨ ਖਾਂ ਨੇ ਤੁਰੰਤ ਇਸ ਬਾਰੇ ਅਕਬਰ ਬਾਦਸ਼ਾਹ ਨੂੰ ਖਬਰ ਦਿੱਤੀ। ਅਕਬਰ ਬਾਦਸ਼ਾਹ ਨੇ ਤੁਰੰਤ ਇਸ ਜਗ੍ਹਾ 'ਤੇ ਆ ਕੇ ਦੇਖਿਆ ਅਤੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਤੁਰੰਤ ਇਸ ਜਗ੍ਹਾ ਦੀ ਖੁਦਾਈ ਕੀਤੀ ਜਾਵੇ। ਜਦ ਸਿਪਾਹੀਆਂ ਨੇ ਇਸ ਜ਼ਮੀਨ ਨੂੰ 5-7 ਫੁੱਟ ਤੱਕ ਪੁੱਟਿਆ ਤਾਂ ਇਸ ਜਗ੍ਹਾ ਵਿਚੋਂ ਇਕ ਛੋਟਾ ਜਿਹਾ ਪੱਥਰ ਨਿਕਲਿਆ। ਇਸ ਪੱਥਰ 'ਤੇ ਖੁਦਾਈ ਸਮੇਂ ਹੋਏ ਵਾਰ ਕਾਰਣ ਖੂਨ ਨਿਕਲ ਰਿਹਾ ਸੀ ਅਤੇ ਪੱਥਰ ਧੜ ਦੇ ਆਕਾਰ ਦਾ ਸੀ। ਜਦ ਰਾਜੇ ਦੇ ਸਿਪਾਹੀ ਖੁਦਾਈ ਕਰਨ ਤੋਂ ਨਹੀਂ ਹਟੇ ਤਾਂ ਉਸ ਜਗ੍ਹਾ ਤੋਂ ਆਵਾਜ਼ ਆਈ ਕਿ ਮੈਂ ਸ਼ਿਵ ਹਾਂ, ਮੇਰਾ ਇਸ ਜਗ੍ਹਾ 'ਤੇ ਮੰਦਰ ਬਣਾਇਆ ਜਾਵੇ ਨਹੀਂ ਤਾਂ ਮੈਂ ਤੁਹਾਡਾ ਸਭ ਕੁਝ ਤਹਿਸ-ਨਹਿਸ ਕਰ ਦੇਵਾਂਗਾ। ਇਹ ਸੁਣ ਕੇ ਅਕਬਰ ਨੇ ਤੁਰੰਤ ਕੰਮ ਰੋਕ ਦਿੱਤਾ ਅਤੇ ਉਸੇ ਸਮੇਂ ਉੱਥੇ ਇਕ ਛੋਟਾ ਜਿਹਾ ਕੱਚਾ ਮੰਦਰ ਬਣਾ ਦਿੱਤਾ ਗਿਆ।

PunjabKesariਯੁਵਰਾਜ ਖੜਕ ਸਿੰਘ ਨੇ ਤੁਰੰਤ ਉਸ ਮੰਦਰ ਨੂੰ ਪੱਕਾ ਬਣਾਇਆ ਅਤੇ ਪੂਜਾ ਸ਼ੁਰੂ ਕਰਵਾਈ
ਫਿਰ ਜਦ ਅਫਗਾਨੀਸਤਾਨ ਦੇ ਪਠਾਣਾਂ ਵੱਲੋਂ ਹਿੰਦੂਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ 'ਤੇ ਜ਼ੁਲਮ ਕੀਤੇ ਜਾ ਰਹੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਯੁਵਰਾਜ ਨੂੰ ਅਫਗਾਨੀਸਤਾਨ 'ਤੇ ਹਮਲਾ ਕਰਨ ਅਤੇ ਹਿੰਦੂਆਂ ਦੀ ਸੁਰੱਖਿਆ ਲਈ ਭੇਜਿਆ। ਜਦ ਯੁਵਰਾਜ ਜਾਂਦੇ ਸਮੇਂ ਰਾਤ ਕਲਾਨੌਰ ਵਿਚ ਠਹਿਰੇ ਤਾਂ ਉਨ੍ਹਾਂ ਨੂੰ ਰਾਤ ਨੂੰ ਭਗਵਾਨ ਸ਼ਿਵ ਦਾ ਸੁਪਨਾ ਆਇਆ, ਜਿਸ ਵਿਚ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਇੱਥੇ ਜੋ ਕੱਚਾ ਮੰਦਰ ਹੈ ਉਸ ਨੂੰ ਪੱਕਾ ਮੰਦਰ ਬਣਾਇਆ ਅਤੇ ਪੂਜਾ ਅਰਚਨਾ ਸ਼ੁਰੂ ਕਰਵਾਈ ਜਾਵੇ, ਅਜਿਹਾ ਕਰਨ ਨਾਲ ਉਨ੍ਹਾਂ ਦੀ ਯੁੱਧ ਵਿਚ ਜਿੱਤ ਹੋਵੇਗੀ। ਯੁਵਰਾਜ ਖੜਕ ਸਿੰਘ ਨੇ ਤੁਰੰਤ ਉਸ ਮੰਦਰ ਨੂੰ ਪੱਕਾ ਬਣਵਾਇਆ ਅਤੇ ਪੂਜਾ ਸ਼ੁਰੂ ਕਰਵਾਈ ਅਤੇ ਅਜਿਹਾ ਕਰਨ ਨਾਲ ਉਨ੍ਹਾਂ ਦੀ ਜਿੱਤ ਹੋਈ। ਯੁਵਰਾਜ ਖੜਕ ਸਿੰਘ ਦੇ ਨਾਂ ਦੀ ਸ਼ਿਲਾ ਅੱਜ ਵੀ ਮੰਦਰ ਦੇ ਮੁੱਖ ਗੇਟ 'ਤੇ ਲੱਗੀ ਹੋਈ ਹੈ।

ਸ਼ਿਵ ਮੰਦਰ ਕਾਰ ਸੇਵਾ ਕਮੇਟੀ, ਸ਼ਿਵਾਲਾ ਪ੍ਰਬੰਧਕ ਕਮੇਟੀ ਕਲਾਨੌਰ ਵੱਲੋਂ ਧਾਰਮਕ ਅਤੇ ਸਮਾਜਕ ਸੰਗਠਨਾਂ ਲਈ ਸ਼ਿਵ ਮੰਦਰ ਦਾ ਵਿਕਾਸ ਸੰਗਤ ਵੱਲੋਂ ਦਾਨ ਕੀਤੇ ਗਏ ਲੱਖਾਂ ਰੁਪਏ ਲਾ ਕੇ ਕੀਤਾ ਜਾ ਰਿਹਾ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦ ਇਹ ਮੰਦਰ ਹਿੰਦੁਸਤਾਨ ਦਾ ਸਭ ਤੋਂ ਸੁੰਦਰ ਮੰਦਰ ਅਤੇ ਆਸਥਾ ਦਾ ਕੇਂਦਰ ਬਣ ਕੇ ਸਾਹਮਣੇ ਆਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਫਰਵਰੀ ਨੂੰ ਮਹਾਸ਼ਿਵਰਾਤਰੀ ਮੇਲਾ ਧੂਮ-ਧਾਮ ਨਾਲ ਮਨਾਇਆ ਜਾਵੇਗਾ, ਜਿਸ ਵਿਚ ਸ਼ਿਵ ਮੰਦਰ ਦੀ ਕਮੇਟੀ, ਸਮਾਜਕ ਅਤੇ ਧਾਰਮਕ ਸੰਗਠਨਾਂ ਵੱਲੋਂ ਤਨ-ਮਨ-ਧਨ ਨਾਲ ਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਲੱਖਾਂ ਦੀ ਗਿਣਤੀ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਰਾਤ ਦੇ ਸਮੇਂ 8 ਵਜੇ ਤੋਂ 4 ਵਜੇ ਤੱਕ ਲਗਾਤਾਰ ਸ਼ਿਵ ਪੂਜਨ ਹੋਣਗੇ।


Baljeet Kaur

Content Editor

Related News