6 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ

Wednesday, Jan 30, 2019 - 09:57 AM (IST)

6 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ

ਕਲਾਨੌਰ (ਮਨਮੋਹਨ) : ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਗੋਸਲ ਦਾ ਇਕ ਵਿਅਕਤੀ, ਜੋ 24 ਜਨਵਰੀ ਨੂੰ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਿਆ ਸੀ, ਦੀ ਮੰਗਲਵਾਰ ਅੱਜ ਸਵੇਰੇ ਪਿੰਡ ਦੇ ਹੀ ਨਜ਼ਦੀਕ ਇਕ ਕਮਾਦ 'ਚੋਂ ਮ੍ਰਿਤਕ ਹਾਲਤ 'ਚ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਅਵਤਾਰ ਸਿੰਘ ਪੁਲਸ ਪਾਰਟੀ ਸਮੇਤ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ। 

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਕਮਾਦ 'ਚ ਪਈ ਹੋਈ ਲਾਸ਼ ਸਬੰਧੀ ਪਤਾ ਲੱਗਿਆ ਤਾਂ ਅਸੀਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ  ਕਰਵਾਉਣ ਉਪਰੰਤ ਮ੍ਰਿਤਕ ਦੀ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੰਤਾ ਮਸੀਹ ਪੁੱਤਰ ਗੇਜਾ ਮਸੀਹ ਵਾਸੀ ਗੋਸਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਸਬੰਧੀ ਫਿਲਹਾਲ 174 ਦੀ ਕਾਰਵਾਈ ਕਰਕੇ ਤਫ਼ਤੀਸ਼ ਜਾਰੀ ਹੈ।


author

Baljeet Kaur

Content Editor

Related News