ਕਹਾਣੀਨਾਮਾ- 19 : ਇੱਕ ਸ਼ਾਹੀ ਸ਼ਮਸ਼ੀਰ ਮੇਰੀ ਬਗਲ ਵਿਚ

Monday, May 25, 2020 - 12:16 PM (IST)

ਬਹਾਦੁਰ ਸ਼ਾਹ ਜ਼ਫ਼ਰ ਆਖਰੀ ਮੁਗ਼ਲ ਤਾਜਦਾਰ ਦੀ ਸ਼ਾਹੀ ਸ਼ਮਸ਼ੀਰ 1947 ਵਿਆਂ ਵਿੱਚ, ਮੇਰੇ ਪਿਤਾ ਸ. ਸਤਨਾਮ ਸਿੰਘ ਦਰਦੀ ਪਾਸ ਕੋਈ 6 ਕੁ ਮਹੀਨੇ ਰਹੀ। ਉਨ੍ਹਾਂ ਸ਼ਾਹੀ ਸ਼ਮਸ਼ੀਰ ਦੀ ਕਹਾਣੀ ਇੰਝ ਕਹਿ ਸੁਣਾਈ -

" 1947 ਦੇ ਰੌਲਿਆਂ ਉਪਰੰਤ ਜਦ ਕੁਝ ਸ਼ਾਂਤੀ ਹੋਈ ਤਾਂ ਪੰਜਾਬੀਆਂ ਨੇ ਦਿੱਲੀ ਨੂੰ ਦੂਜਾ ਲਾਹੌਰ ਸ਼ਹਿਰ ਬਣਾ ਲਿਆ। ਪਾਕਿਸਤਾਨ ਤੋਂ ਉੱਜੜ ਕੇ ਆਏ ਬਹੁਤੇ ਪੰਜਾਬੀਆਂ ਬਾ- ਲਿਹਾਜ ਕਾਰੋਬਾਰ ਦਿੱਲੀ ਵਿੱਚ ਵਾਸ ਕਰ ਲਿਆ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹਰ ਪਾਸੇ ਤੜਫ ਅਤੇ ਵਾਸਾ ਸੀ ਉਦੋਂ। ਪੰਜਾਬੀ ਕਵੀ ਦਰਬਾਰਾਂ ਵਿੱਚ, ਹਜ਼ਾਰਾ ਸਿੰਘ ਗੁਰਦਾਸਪੁਰੀ ਆਪਣੀਆਂ ਬੀਰ ਰਸ ਵਾਰਾਂ ਨਾਲ ਪੰਜਾਬੀ ਗੱਭਰੂ ਤਾਂ ਕੀ ਬੁੱਢੇ ਠੇਰਿਆਂ ਦੇ ਵੀ ਡੌਲੇ ਫਰਕਣ ਲਾ ਦਿੰਦਾ। ਮੱਲ ਆਖਾੜਿਆਂ ਵਿਚ ਵੀ ਖੂਬ ਰੌਣਕਾਂ ਸਜਦੀਆਂ ਉਦੋਂ।

1946-47 ਵਿੱਚ ਮੈਂ ਆਪਣੇ ਉਸਤਾਦ ਅਤੇ ਚਾਚਾ ਸ. ਗੁਰਦਿਆਲ ਸਿੰਘ ਦੀ ਫੋਰਮੈਨੀ ਹੇਠ ਅਸ਼ੋਕਾ ਫੈਕਟਰੀ ਲਾਹੌਰ ਵਿੱਚ ਕੰਮ ਕਰਦਾ ਸਾਂ। 47 ਦੇ ਉਜਾੜਿਆਂ ਉਪਰੰਤ ਇਹੋ ਫੈਕਟਰੀ ਦਿਲੀ ਵਿਚ ਚਾਲੂ ਹੋਣ ਉਪਰੰਤ ਉਨ੍ਹਾਂ ਸਾਨੂੰ ਚਾਚਾ/ਭਤੀਜਾ ਨੂੰ ਵੀ ਪਿੰਡੋਂ ਸੱਦ ਭੇਜਿਆ ।

ਚੜ੍ਹਦੀ ਜਵਾਨੀ ਵਿੱਚ ਸਾਂ, ਮੈਂ ਉਦੋਂ। ਸਿਹਤ ਬਣਾਉਣ ਦਾ ਬਹੁਤਾ ਸ਼ੌਕ ਸੀ। ਦਿੱਲੀ ਕਈ ਮੱਲ ਅਖਾੜੇ ਚਲਦੇ ਸਨ, ਉਦੋਂ। ਪਰ ਜ਼ਿਆਦਾ ਮਸ਼ਾਹੂਰ ਰਣਜੀਤ ਅਖਾੜਾ, ਜੋ ਕਿ ਮਾਝੇ ਦਾ ਇਕ ਰਿਟਾਇਰਡ ਸੂਬੇਦਾਰ ਚਲਾਉਂਦਾ ਸੀ ਅਤੇ ਦਿਲਜੀਤ ਅਖਾੜਾ ਦਿੱਲੀ ਫਾਇਰ ਬ੍ਰਿਗੇਡ ਦਾ ਡਰੈਵਰ ਉਰਫ ਯੂ. ਪੀ. ਦਾ ਝੰਡਾ ਸਿੰਘ ਚਲਾਉਂਦਾ ਸੀ। ਗੱਤਕਾ ਖੇਡਣਾ, ਭਾਰ ਚੁੱਕਣਾ, ਬੀਣੀ ਫੜਨੀ ਵਗੈਰਾ ਰੋਜ ਦਾ ਆਹਰ ਹੁੰਦਾ।

ਇਥੇ ਇਕ ਹੋਰ ਘਟਨਾ ਸੰਖੇਪ ਵਿੱਚ ਦਸਦਾ ਹਾਂ। ਬਸ ਅੱਡਿਆਂ ’ਤੇ ਇਕ ਤਾਕਤ ਪਰਖਣ ਵਾਲੀ ਮਸ਼ੀਨ ਹੁੰਦੀ ਸੀ ਤਦੋਂ। ਪੈਰਾਂ ਦੀ ਆਂਟ ਲਾ ਕੇ ਹੈਂਡਲ ਫੜ ਕੇ ਖਿੱਚਣ ’ਤੇ ਮਸ਼ੀਨ ਉਪਰ ਲੱਗੀ ਸੂਈ ਦੀ ਹੱਦ 600 ਤੱਕ ਸੀ। ਅੰਬਰਸਰ ਦੇ ਇਕ ਮਝੈਲ ਦਾ 520 ਦਾ ਰਿਕਾਰਡ ਸੀ। ਉਸ ਦੀ ਫੋਟੋ ਲੱਗੀ ਹੋਈ ਸੀ, ਮਸ਼ੀਨ ’ਤੇ। 1950 ਵਿੱਚ ਮੈਂ ਦਿੱਲੀ ਬਸ ਅੱਡੇ ’ਤੇ ਇੱਕੋ ਜ਼ੋਰਦਾਰ ਝਟਕੇ ਨਾਲ ਮਸ਼ੀਨ ਖਿੱਚੀ ਤਾਂ ਤਾਕਤ ਦਰਸਾਉਂਦੀ ਸੂਈ 600 ਤੱਕ ਸਿਰੇ ਲੱਗ ਗਈ। ਮਸ਼ੀਨ ਵਾਲੇ ਦਾ ਤਾਂ ਰੰਗ ਉੜ ਗਿਆ। ਕਹਿ ਓਸ ਤੂੰ ਤਾਂ ਮੇਰੀ ਮਸ਼ੀਨ ਹੀ ਤੋੜ ਦੇਣੀ ਸੀ। ਪੰਜ ਸਾਲ ਮੈਂ ਦਿੱਲੀ ਰਿਹਾਂ ਉਦੋਂ ਤੱਕ ਉਹ ਰਿਕਾਰਡ ਕਿਸੇ ਤੋਂ ਟੁੱਟਾ ਨਹੀਂ ਸੀ।

PunjabKesari

‘ਦਮ ਦਮੇ ਮੇਂ ਦਮ ਨਹੀਂ, ਅਬ ਖੈਰ ਮਾਂਗੋ ਜਾਨ ਕੀ-ਐ ਜ਼ਫਰ ਅਬ ਬਸ ਹੋ ਚੁੱਕੀ, ਤਲਵਾਰ ਹਿੰਦੋਸਤਾਨ ਕੀ’’
ਹਿੰਦੋਸਤਾਨ ਦਾ ਆਖਰੀ ਮੁਗਲ ਤਾਜਦਾਰ ਬਹਾਦਰ ਸ਼ਾਹ ਜ਼ਫਰ

ਸ਼ਮਸ਼ੀਰ ਦਾ ਇਤਫਾਕ ਇੰਝ ਬਣਿਆਂ ਕਿ 1857 ਦਾ ਗ਼ਦਰ ਫੇਲ੍ਹ ਹੋਣ ਉਪਰੰਤ ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦ ਕਰਕੇ ਬਰਮਾ ਦੀ ਰਾਜਧਾਨੀ ਰੰਗੂਨ ਲਈ ਦੇਸ਼ ਨਿਕਾਲਾ ਦੇ ਦਿੱਤਾ। ਲਾਲ ਕਿਲੇ ’ਚੋਂ ਬੇਸ਼ੁਮਾਰ, ਬੇਸ਼ ਕੀਮਤੀ ਹੀਰੇ ਜੜਤ ਹਥਿਆਰ ਅਤੇ ਹੋਰ ਖ਼ਜ਼ਾਨਾ ਫਿਰੰਗੀ ਦੇ ਹੱਥ ਲੱਗਾ। ਉਨ੍ਹਾਂ ਵਿੱਚੋਂ ਬਹਾਦਰ ਸ਼ਾਹ ਜ਼ਫ਼ਰ ਦੀ, ਸੋਨੇ ਦੀ ਜ਼ਾਲੀ ਅਤੇ ਹੀਰੇ ਜੜਤ ਮੁੱਠ ਵਾਲੀ ਬੇਸ਼ ਕੀਮਤੀ ਵਿਰਾਸਤੀ ਸ਼ਮਸ਼ੀਰ ਵੀ ਸੀ। ਜੋ ਕਿ ਘੁੰਮਦੀ ਘੁਮਉਂਦੀ ਆਖੀਰੀ ਵਾਇਸਰਾਏ ਲਾਰਡ ਮਾਊਂਟ ਬੈਟਨ ਪਾਸ ਆ ਗਈ। ਲਾਰਡ ਸਾਹਿਬ ਉਹ ਸ਼ਮਸ਼ੀਰ ਆਪਣੇ ਈਸਾਈ ਖਾਨਸ਼ਾਮੇ ਨੂੰ, ਦਿੱਲੀ ਤੋਂ ਵਿਦਾ ਹੁੰਦੇ ਹੋਏ, ਤੋਹਫੇ ਵਜੋਂ ਭੇਟ ਦੇ ਗਏ। ਉਸ ਨੇ ਸ਼ਮਸ਼ੀਰ ਦੀ ਮੁਗਲ ਬਾਦਸ਼ਾਹੀਅਤ ਤਾਰੀਖ ਵੀ ਨਾਲ ਹੀ ਕਹਿ ਸੁਣਾਈ। ਉਹ ਖਾਨਸ਼ਾਮਾ ਮੂਲ ਰੂਪ ’ਚ ਦੱਖਣੀ ਭਾਰਤ ਵਲੋਂ ਸੀ। ਉਸ ਨੇ ਸ਼ਮਸ਼ੀਰ ਦੀ ਮੁੱਠ ’ਚੋਂ ਸੋਨਾ/ਹੀਰੇ ਉਤਾਰ ਕੇ ਉਸ ਦੀ ਕੀਮਤ ਨੂੰ ਨਾ ਸਮਝਦਿਆਂ ਉਹ ਆਪਣੇ ਗੁਆਂਢੀ ਇਕ ਮਝੈਲ ਨੂੰ ਦੇ ਦਿੱਤੀ, ਜੋ ਕਿ ਸਾਡੇ ਅਖਾੜੇ ਦਾ ਮੈਂਬਰ ਸੀ। ਉਸ ਦੀ ਮੁੱਠ ਦੀ ਪਿੰਨ ਥੋੜੀ ਢਿੱਲੀ ਸੀ। ਮਝੈਲ ਨੇ ਪਿੰਨ ਠੀਕ ਕਰਨ ਲਈ ਉਹ ਸ਼ਮਸ਼ੀਰ ਮੈਨੂੰ ਦੇ ਦਿੱਤੀ। ਉਪਰੰਤ ਮੈਂ ਉਸ ਨੂੰ ਵਾਪਸ ਦੇਣ ਲੱਗਾ ਤਾਂ ਕਹਿ ਓਸ, "ਮੈਂ ਤੇ ਨਰਮ ਮਿਜਾਜ ਦੀ ਸੀਰਤ ਵਾਲਾ ਬੰਦੈਂ ਤੇ ਤੂੰ ਮਰਦ ਮੁਜਾਹਦ ਐਂ। ਮੇਰੀ ਤਰਫ ਤੋਂ ਤੋਹਫਾ ਰੱਖ ਲੈ, ਕਿਧਰੇ ਔਖੇ ਵੇਲੇ ਕੰਮ ਆਏਗਾ।" ਇਸ ਤਰਾਂ ਉਹ ਸ਼ਮਸ਼ੀਰ ਕਰੀਬ 6 ਮਹੀਨੇ ਮੇਰੇ ਪਾਸ ਰਹੀ।

ਸਾਡਾ ਉਸਤਾਦ ਦਾ ਅਸਲ ਨਾਮ ਝੰਡੂ ਸੀ। ਪਗੜੀ ਬੰਨਦਾ ਪਰ ਸੀ ਸਿਰੋਂ ਮੋਨਾ। ਬੀੜੀ ਵੀ ਪੀਂਦਾ ਸੀ ਉਹ ਅਤੇ ਹੁੱਕਾ ਵੀ। ਜਦ ਕਿ ਅਖਾੜੇ ਵਿਚ 90% ਪੰਜਾਬੀ ਸਨ। ਇਕ ਦਿਨ ਅਸੀਂ ਆਪਸੀ ਸਲਾਹ ਨਾਲ ਉਸਤਾਦ ਨੂੰ ਕਿਹਾ ਕਿ ਤੁਸੀਂ ਬਾਕੀ ਸੱਭ ਗੱਲਾਂ ਵਿੱਚ ਪੂਰੇ ਹੋ ਪਰ ਸਾਡੀ ਇਕ ਗੱਲ ਮੰਨ ਲਓ। ਹੁੱਕਾ ਬੀੜੀ ਛੱਡ ਦਿਓ ਤੇ ਕੇਸ ਵੀ ਰੱਖ ਲਓ। ਉਸ ਸਾਡੀ ਗੱਲ ਮੰਨ ਲਈ ਤੇ ਅਮਲ ਵੀ ਕੀਤਾ । ਅਸੀਂ ਤੋਹਫੇ ਵਜੋਂ ਉਸ ਨੂੰ ਬਹਾਦੁਰ ਸ਼ਾਹ ਜ਼ਫ਼ਰ ਵਾਲੀ ਸ਼ਮਸ਼ੀਰ ’ਤੇ ਇਕ ਸਿਰੋਪਾ ਦਿੱਤਾ ਪਰ ਅਫਸੋਸ ਕਿ ਉਸ ਨੇ ਆਖੀਰ ਉਹੀ ਭਈਆਂ ਵਾਲੀ ਗੱਲ ਕੀਤੀ। ਹੁੱਕਾ ਬੀੜੀ ਵੀ ਪੀਣ ਲੱਗ ਪਿਆ ਤੇ ਕੇਸ ਵੀ ਕਟਵਾ ਦਿੱਤੇ। ਇਸ ਤਰਾਂ ਮੈਂ ਉਹ ਸ਼ਮਸ਼ੀਰ ਗੁਆ ਬੈਠਾ। ਨਿਰਾਸ਼ ਹੋ ਕੇ ਅਸਾਂ ਉਸ ਦਾ ਅਖਾੜਾ ਵੀ ਛੱਡ ਦਿੱਤਾ।

PunjabKesari
      
ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News