ਬਿਨਾਂ ਮਨਜ਼ੂਰੀ ਪਾਕਿ ਗਏ ਭਾਰਤੀ ਕਬੱਡੀ ਖਿਡਾਰੀ ਅੱਜ ਪਰਤਣਗੇ ਵਾਪਸ, ਹੋਵੇਗੀ ਪੁੱਛਗਿਛ
Sunday, Feb 16, 2020 - 11:27 AM (IST)
ਬਠਿੰਡਾ (ਵਰਮਾ) : ਐਮੇਚਿਓਰ ਕਬੱਡੀ ਫੈੱਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਜਸਟਿਸ ਐੱਸ. ਪੀ. ਗਰਗ ਵਲੋਂ ਪਾਕਿਸਤਾਨ ਕਬੱਡੀ ਫੈੱਡਰੇਸ਼ਨ ਦੇ ਜਨਰਲ ਸਕੱਤਰ ਨੂੰ ਪੱਤਰ ਲਿਖ ਕੇ ਭਾਰਤੀ ਕਬੱਡੀ ਖਿਡਾਰੀਆਂ 'ਤੇ ਮੈਚ ਖੇਡਣ 'ਤੇ ਰੋਕ ਲਾਉਣ ਦੀ ਗੁਹਾਰ ਲਾਈ ਗਈ। ਆਪਣੇ ਪੱਤਰ 'ਚ ਉਨ੍ਹਾਂ ਲਿਖਿਆ ਕਿ ਵੱਖ-ਵੱਖ ਸਰੋਤਾਂ ਅਤੇ ਅਖਬਾਰਾਂ, ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਤੋਂ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ 'ਚ ਕਬੱਡੀ ਵਰਲਡ ਕੱਪ ਪਾਕਿਸਤਾਨ ਵਲੋਂ 9 ਤੋਂ 16 ਫਰਵਰੀ ਤੱਕ ਕੀਤਾ ਜਾ ਰਿਹਾ ਹੈ। ਇਸ 'ਚ ਵਿਸ਼ਵ ਦੇ 10 ਦੇਸ਼ ਹਿੱਸਾ ਲੈ ਰਹੇ ਹਨ। ਕੁਝ ਭਾਰਤੀ ਖਿਡਾਰੀ ਵੀ ਨਿੱਜੀ ਤੌਰ 'ਤੇ ਕਬੱਡੀ ਮੈਚ ਖੇਡਣ ਗਏ ਹਨ, ਜਿਨ੍ਹਾਂ ਨੇ ਆਪਣੀਆਂ ਵਰਦੀਆਂ 'ਤੇ 'ਇੰਡੀਆ' ਲਿਖਿਆ ਹੋਇਆ ਹੈ, ਉਸ 'ਤੇ ਵੀ ਭਾਰਤ ਨੂੰ ਇਤਰਾਜ਼ ਹੈ।
ਜੇਕਰ ਭਾਰਤ ਕਾਨੂੰਨੀ ਤੌਰ 'ਤੇ ਟੀਮ ਨੂੰ ਭੇਜਦਾ ਤਾਂ ਉਸ ਨੂੰ ਮਾਨਤਾ ਦਿੱਤੀ ਜਾ ਸਕਦੀ ਸੀ ਪਰ ਖਿਡਾਰੀਆਂ ਦਾ ਇਹ ਨਿੱਜੀ ਦੌਰਾ ਹੈ। ਜੇਕਰ ਐਮੇਚਿਊਰ ਕਬੱਡੀ ਫੈੱਡਰੇਸ਼ਨ ਆਫ ਇੰਡੀਆ ਟੀਮ ਭੇਜਦਾ ਤਾਂ ਵਰਦੀ 'ਤੇ 'ਕਬੱਡੀ' ਵਰਲਡ ਕੱਪ ਲਿਖਿਆ ਹੋਣਾ ਸੀ। ਫੈੱਡਰੇਸ਼ਨ ਨੇ ਕਿਸੇ ਵੀ ਟੀਮ ਜਾਂ ਖਿਡਾਰੀ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਪਾਕਿਸਤਾਨ ਵਲੋਂ ਫੈੱਡਰੇਸ਼ਨ ਨੂੰ ਕਬੱਡੀ ਵਰਲਡ ਕੱਪ ਸਬੰਧੀ ਕੋਈ ਵੀ ਪੱਤਰ ਪ੍ਰਾਪਤ ਨਹੀਂ ਹੋਇਆ। ਫੈੱਡਰੇਸ਼ਨ ਉਥੇ ਗਏ ਖਿਡਾਰੀਆਂ ਅਤੇ ਪਾਕਿਸਤਾਨ 'ਚ ਹੋ ਰਹੇ ਕਬੱਡੀ ਮੈਚਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਅਤੇ ਨਾ ਹੀ ਇਸਦਾ ਸਮਰਥਨ ਕਰਦੀ ਹੈ। ਉਥੇ ਗਏ ਖਿਡਾਰੀਆਂ ਸਬੰਧੀ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗ ਜਿਨ੍ਹਾਂ ਵਿਚ ਖੇਡ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਤੱਕ ਨੂੰ ਵੀ ਜਾਣਕਾਰੀ ਨਹੀਂ। ਜੋ ਖਿਡਾਰੀ ਗਏ ਹਨ ਉਹ ਆਪਣੇ ਸਵਾਰਥ ਲਈ ਗਏ ਹਨ ਇਸ ਲਈ ਪਾਕਿਸਤਾਨ ਸਰਕਾਰ ਇਨ੍ਹਾਂ ਖਿਡਾਰੀਆਂ ਨੂੰ ਮੈਚ ਖੇਡਣ ਦੀ ਇਜਾਜ਼ਤ ਨਾ ਦੇਵੇ। ਸਰਕਾਰ ਨੇ ਉਨ੍ਹਾਂ ਨੂੰ ਕੋਈ ਵੀ ਸਰਕਾਰੀ ਦਸਤਾਵੇਜ਼ ਪਾਕਿਸਤਾਨ ਜਾਣ ਲਈ ਮੁਹੱਈਆ ਨਹੀਂ ਕਰਵਾਏ। 16 ਫਰਵਰੀ ਨੂੰ ਵਾਪਸ ਆਉਣ ਤੋਂ ਬਾਅਦ ਹੀ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ।