ਡਰੋਲੀ ਭਾਈ ਕਬੱਡੀ ਟੂਰਨਾਮੈਂਟ ਮੌਕੇ ਗੋਲੀਆਂ ਚੱਲਣ ਦੇ ਮਾਮਲੇ ''ਚ 15 ਵਿਰੁੱਧ ਪਰਚਾ

01/17/2020 11:23:48 AM

ਮੋਗਾ (ਆਜ਼ਾਦ): ਬੀਤੇ ਦਿਨ ਨੇੜਲੇ ਪਿੰਡ ਡਰੋਲੀ ਭਾਈ ਵਿਚ ਮਾਘੀ ਮੇਲੇ ਨੂੰ ਲੈ ਕੇ ਚੱਲ ਰਹੇ ਕਬੱਡੀ ਟੂਰਨਾਮੈਂਟ 'ਚ ਇਕ ਕਬੱਡੀ ਖਿਡਾਰੀ ਨੂੰ ਆਪਣੀ ਟੀਮ 'ਚ ਖੇਡਣ ਕਰ ਕੇ ਹੋਏ ਝਗੜੇ 'ਚ ਗੋਲੀ ਚੱਲਣ ਦੇ ਇਲਾਵਾ ਇਕ ਕਬੱਡੀ ਖਿਡਾਰੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਅਤੇ ਹੋਰ ਪੁਲਸ ਮੁਲਾਜ਼ਮ ਉਥੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਝਗੜੇ 'ਚ ਜ਼ਖਮੀ ਕਬੱਡੀ ਖਿਡਾਰੀ ਵਰਿੰਦਰ ਸਿੰਘ ਨਿਵਾਸੀ ਪਿੰਡ ਭਿੰਡਰ ਕਲਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਸਦਰ ਪੁਲਸ ਵੱੱਲੋਂ 15 ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹਰਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਨਿਵਾਸੀ ਧੂੜਕੋਟ ਰਣਸੀਂਹ ਨੇ ਕਿਹਾ ਕਿ ਉਹ ਬੀਤੀ 15 ਜਨਵਰੀ ਨੂੰ ਡਰੋਲੀ ਭਾਈ ਟੂਰਨਾਮੈਂਟ 'ਤੇ ਆਪਣੀ ਕਲੱਬ ਦੀ ਟੀਮ ਨੂੰ ਲੈ ਕੇ ਖੇਡਣ ਆਇਆ ਸੀ। ਸਾਡੀ ਟੀਮ 'ਚ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਨਿਵਾਸੀ ਠੀਕਰੀ ਵਾਲਾ (ਬਰਨਾਲਾ) ਵੀ ਸ਼ਾਮਲ ਸੀ। ਦੋ-ਤਿੰਨ ਦਿਨ ਪਹਿਲਾਂ ਮੈਨੂੰ ਅਤੇ ਗੁਰਪ੍ਰੀਤ ਸਿੰਘ ਨੂੰ ਮੋਬਾਇਲ 'ਤੇ ਕਬੱਡੀ ਖਿਡਾਰੀ ਜੱਗਾ ਜੰਡੀਆਂ ਅਤੇ ਮਾਨ ਜੱਟਪੁਰਾ ਨੇ ਧਮਕੀਆਂ ਦਿੱਤੀਆਂ ਕਿ ਜੇਕਰ ਗੁਰਪ੍ਰੀਤ ਸਿੰਘ ਤੁਹਾਡੀ ਟੀਮ (ਧੂੜਕੋਟ) 'ਚ ਖੇਡਿਆ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਵਰਿੰਦਰ ਸਿੰਘ ਉਰਫ ਪਿਸਟਲ ਅਤੇ ਬੱਬੂ ਨਿਵਾਸੀ ਭਿੰਡਰ ਕਲਾਂ (ਮੋਗਾ) ਦੀ ਟੀਮ 'ਚ ਖੇਡਣ ਲਈ ਧਮਕਾਇਆ ਗਿਆ। ਬੀਤੀ ਸ਼ਾਮ 6 ਵਜੇ ਦੇ ਕਰੀਬ ਜਦੋਂ ਸਾਡੀ ਟੀਮ ਧੂੜਕੋਟ ਰਣਸੀਂਹ ਅਤੇ ਦੋਦਾ ਵਿਚਕਾਰ ਮੈਚ ਖਤਮ ਹੋਇਆ ਤਾਂ ਅਸੀਂ ਗਰਾਊਂਡ ਤੋਂ ਬਾਹਰ ਆ ਗਏ। ਇਸ ਦੌਰਾਨ ਹੈਪੀ ਮਹਿਣਾ ਮਾਨ ਨਿਵਾਸੀ ਜੱਟਪੁਰਾ ਅਤੇ ਜੱਗਾ ਨਿਵਾਸੀ ਜੰਡੀਆਂ ਆਪਣੇ 8-10 ਹਥਿਆਰਬੰਦ ਸਾਥੀਆਂ ਨਾਲ ਉਥੇ ਖੜ੍ਹੇ ਸਨ, ਜਿਨ੍ਹਾਂ ਨੇ ਸਾਨੂੰ ਦੇਖਦੇ ਹੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਨਿਵਾਸੀ ਠੀਕਰੀ ਵਾਲਾ ਨੂੰ ਆਪਣੀ ਸਵਿਫਟ ਕਾਰ 'ਚ ਪਾ ਕੇ ਲੈ ਗਏ। ਅਸੀਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਰਿੰਦਰ ਅਤੇ ਬੱਬੂ ਗੁਰਪ੍ਰੀਤ ਨੂੰ ਆਪਣੀ ਟੀਮ 'ਚ ਧੱਕੇ ਨਾਲ ਖੇਡਣ ਲਈ ਮਜਬੂਰ ਕਰਦੇ ਸਨ। ਇਸ ਸਮੇਂ ਝਗੜੇ 'ਚ ਵਰਿੰਦਰ ਸਿੰਘ ਨਿਵਾਸੀ ਭਿੰਡਰ ਕਲਾਂ ਜ਼ਖਮੀ ਹੋ ਗਿਆ।

ਕੀ ਹੋਈ ਪੁਲਸ ਕਾਰਵਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਨਿਵਾਸੀ ਧੂੜਕੋਟ ਰਣਸੀਂਹ ਦੇ ਬਿਆਨਾਂ ਦੇ ਆਧਾਰ 'ਤੇ ਹੈਪੀ ਨਿਵਾਸੀ ਮਹਿਣਾ, ਮਾਨਾ ਨਿਵਾਸੀ ਜੱਟਪੁਰਾ, ਜੱਗਾ ਜੰਡੀਆਂ, ਵਰਿੰਦਰ ਨਿਵਾਸੀ ਧੂੜਕੋਟ, ਬਬਲੂ ਸਾਰੇ ਨਿਵਾਸੀ ਪਿੰਡ ਭਿੰਡਰ ਕਲਾਂ ਅਤੇ 8-10 ਹਥਿਆਰਬੰਦ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅਗਵਾ ਕੀਤੇ ਕਬੱਡੀ ਖਿਡਾਰੀ ਨੂੰ ਉਨ੍ਹਾਂ ਦੇ ਚੁੰਗਲ 'ਚੋਂ ਛੁਡਵਾਉਣ ਲਈ ਕਈ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਪਰ ਉਹ ਅਜੇ ਤੱਕ ਕਾਬੂ ਨਹੀਂ ਆ ਸਕੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਥਿਤ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਕਾਬੂ ਹੋਣ 'ਤੇ ਹੀ ਸੱਚਾਈ ਦਾ ਪਤਾ ਲੱਗ ਸਕੇਗਾ।


Shyna

Content Editor

Related News