ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਸ ’ਤੇ ਲਾਏ ਵੱਡੇ ਇਲਜ਼ਾਮ
Monday, Oct 31, 2022 - 05:02 AM (IST)
ਜਲੰਧਰ (ਸੁਨੀਲ)-ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ ’ਤੇ ਲਾਈਵ ਹੋਈ। ਉਨ੍ਹਾਂ ਪੁਲਸ ’ਤੇ ਸੰਦੀਪ ਨੰਗਲ ਅੰਬੀਆਂ ਕੇਸ ਵਿਚ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੂੰ ਵਿਦੇਸ਼ ਤੋਂ ਫੋਨ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲਕਾਂਡ ’ਚ ਦੋਸ਼ੀ ਸੁਰਜਨ ਸਿੰਘ ਚੱਠਾ ਜਲੰਧਰ ਦੇ ਕਰਤਾਰ ਪੈਲੇਸ ਵਿਚ ਬੈਠਾ ਹੈ, ਨਾਲ ਹੀ ਕਿਹਾ ਸੀ ਕਿ ਸੰਦੀਪ ਦੇ ਕਤਲ ਕੇਸ ਵਿਚ ਜੇਕਰ ਚੱਠਾ ਦੋਸ਼ੀ ਹੈ ਤਾਂ ਉਸ ਨੂੰ ਉਥੋਂ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ : MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਬਾਰੇ ਬੋਲਦਿਆਂ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਰੁਪਿੰਦਰ ਨੇ ਦੱਸਿਆ ਕਿ ਪਹਿਲਾਂ ਵੀ ਜਦੋਂ ਉਸ ਨੇ ਆਪਣੇ ਪਤੀ ਦੇ ਕਤਲ ਕੇਸ ਬਾਰੇ ਪੁੱਛਿਆ ਸੀ ਤਾਂ ਪੁਲਸ ਨੇ ਦੱਸਿਆ ਸੀ ਕਿ ਉਹ ਸੁਰਜਨ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ। ਰੁਪਿੰਦਰ ਨੇ ਕਿਹਾ ਕਿ ਫੋਨ ’ਤੇ ਜਾਣਕਾਰੀ ਦੇਣ ਸਮੇਂ ਐੱਸ. ਐੱਸ. ਪੀ. ਨੇ ਦੋਸ਼ੀ ਨੂੰ ਫੜਨ ਦੀ ਬਜਾਏ ਉਸ ਕੋਲੋਂ ਸਬੂਤ ਮੰਗਿਆ। ਉਸ ਨੇ ਐੱਸ. ਐੱਸ. ਪੀ. ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਬੂਤ ਨਹੀਂ ਸਨ ਤਾਂ ਉਨ੍ਹਾਂ ਕਤਲ ਕੇਸ ਵਿਚ ਤਕਰੀਬਨ 3 ਮਹੀਨੇ ਬਾਅਦ ਸੁਰਜਨ ਸਿੰਘ ਚੱਠਾ ਤੋਂ ਇਲਾਵਾ 2 ਵਿਅਕਤੀਆਂ ਨੂੰ ਨਾਮਜ਼ਦ ਕਿਵੇਂ ਕਰ ਲਿਆ? ਉਨ੍ਹਾਂ ਸਰਕਾਰ ਤੋਂ ਇਸ ਮਾਮਲੇ ਵਿਚ ਦਖ਼ਲ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਜਲੰਧਰ ਦਿਹਾਤੀ ਦੇ ਐੱਸ. ਪੀ. (ਡੀ.) ਸਰਬਜੀਤ ਸਿੰਘ ਬਾਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਕਤਲ ਕੇਸ ਦੀ ਜਾਂਚ ਚੱਲ ਰਹੀ ਹੈ। ਪੁਲਸ ਉਸ ਹਰ ਐਂਗਲ ਨੂੰ ਘੋਖ ਰਹੀ ਹੈ, ਜਿਸ ਵਿਚ ਸ਼ੂਟਰਾਂ ਨੂੰ ਹਥਿਆਰ ਅਤੇ ਫੰਡਿੰਗ ਕਿਸ ਨੇ ਅਤੇ ਕਿਵੇਂ ਕੀਤੀ? ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਪੁਲਸ ਕਿਸੇ ਵੀ ਵਿਅਕਤੀ ਨੂੰ ਹੱਥ ਨਹੀਂ ਪਾ ਸਕਦੀ ਅਤੇ ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਹੋਵੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਇਹ ਖਬਰ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ 8 ਨੁਕਾਤੀ ਏਜੰਡਾ ਕੀਤਾ ਤਿਆਰ