ਜਸਟਿਨ ਟਰੂਡੋ ਨੇ ਮੋਦੀ ਨਾਲ ਨਿੱਜੀ ਖੁੰਦਕ ’ਚ ਕੈਨੇਡਾ ਦੇ ਆਰਥਿਕ ਹਿੱਤ ਦਾਅ ’ਤੇ ਲਗਾਏ : ਟੋਰੰਟੋ ਸਨ

Tuesday, Sep 12, 2023 - 06:15 PM (IST)

ਜਸਟਿਨ ਟਰੂਡੋ ਨੇ ਮੋਦੀ ਨਾਲ ਨਿੱਜੀ ਖੁੰਦਕ ’ਚ ਕੈਨੇਡਾ ਦੇ ਆਰਥਿਕ ਹਿੱਤ ਦਾਅ ’ਤੇ ਲਗਾਏ : ਟੋਰੰਟੋ ਸਨ

ਕੈਨੇਡਾ ਵਿਚ ਖਾਲਿਸਤਾਨੀਆਂ ਪ੍ਰਤੀ ਨਰਮੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਭਾਰੀ ਪੈਣ ਲੱਗੀ ਹੈ। ਹਾਲ ਹੀ ਵਿਚ ਭਾਰਤ ਦੌਰੇ ’ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜੀ-20 ਸੰਮੇਲਨ ਦੌਰਾਨ ਅਲੱਗ-ਥਲੱਗ ਪੈਣ ’ਤੇ ਕੈਨੇਡੀਅਨ ਮੀਡੀਆ ਨੇ ਜਸਟਿਨ ਟਰੂਡੋ ਦੀ ਖਿਚਾਈ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਮਸ਼ਹੂਰ ਅਖ਼ਬਾਰ ਟੋਰੰਟੋ ਸਨ ਵਿਚ ਲਿਖੇ ਇਕ ਲੇਖ ਵਿਚ ਬ੍ਰਾਇਨ ਲਿਲੀ ਨੇ ਲਿਖਿਆ ਹੈ ਕਿ ਟਰੂਡੋ ਦਾ 2018 ਦਾ ਭਾਰਤ ਦੌਰਾ ਅਨਰਥ ਸਾਬਤ ਹੋਇਆ ਸੀ। ਜਦਕਿ ਜੀ 20 ਦੌਰਾਨ ਟਰੂਡੋ ਦਾ ਭਾਰਤ ਦੌਰਾ ਉਸ ਤੋਂ ਵੀ ਵੱਡੀ ਮੁਸੀਬਤ ਸਾਬਤ ਹੋਇਆ ਹੈ। ਟਰੂਡੋ ਵੀਕ ਐਂਡ ’ਤੇ ਭਾਰਤ ਗਏ ਸਨ ਪਰ ਉਹੋ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਹੋਰ ਹੇਠਲੇ ਪੱਧਰ ’ਤੇ ਲੈ ਆਏ ਹਨ।

PunjabKesari

ਕੈਨੇਡੀਅਨ ਪ੍ਰੈੱਸ ਫੋਟੋ ਗ੍ਰਾਫਰ ਸੇਨ ਕਿਲਪੈਟਰਿਕ ਵਲੋਂ ਖਿੱਚੀ ਗਈ ਇਕ ਤਸਵੀਰ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲ ਉਂਗਲ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿਚ ਸਾਫ ਜਾਪਦਾ ਹੈ ਕਿ ਦੋਵੇਂ ਖੁਸ਼ ਨਹੀਂ ਹਨ ਅਤੇ ਤਣਾਅ ਵਿਚ ਹਨ ਅਤੇ ਬਾਇਡਨ ਟਰੂਡੋ ਨੂੰ ਕੁਝ ਕਹਿਣਾ ਚਾਹੁੰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਹੱਥ ਮਿਲਾ ਕੇ ਟਰੂਡੋ ਦਾ ਸਵਾਗਤ ਕੀਤਾ ਤਾਂ ਉਨ੍ਹਾਂ ਬੜੇ ਹੀ ਅਜੀਬ ਤਰੀਕੇ ਨਾਲ ਆਪਣਾ ਹੱਥ ਪਿੱਛੇ ਖਿੱਚ ਲਿਆ। ਟਰੂਡੋ ਨੇ ਹੱਸ ਕੇ ਮੌਕਾ ਸੰਭਾਲਣ ਲਈ ਕੋਸ਼ਿਸ਼ ਕੀਤੀ ਪਰ ਇਸ ਬਾਰੇ ਜਦੋਂ ਪੁੱਛਿਆ ਗਿਆ ਕਿ ਕੀ ਮਾਮਲਾ ਸੀ ਪਰ ਉਨ੍ਹਾਂ ਦੇ ਹੱਸਣ ਦੇ ਬਾਵਜੂਦ ਇਹ ਸਾਫ ਹੈ ਕਿ ਇਹ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦਾ ਮਾਮਲਾ ਸੀ ਜਿਹੜਾ ਕਿ ਅਸਲ ਸਮੱਸਿਆ ਦੀ ਜੜ੍ਹ ਹੈ। ਰਹੀ ਸਹੀ ਕਸਰ ਟਰੂਡੋ ਦੇ ਖਰਾਬ ਹੋਏ ਜਹਾਜ਼ ਨੇ ਪੂਰੀ ਕਰ ਦਿੱਤੀ। 

ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਵੱਧਦੀ ਹੋਈ ਅਰਥ ਵਿਵਸਥਾ ਵਿਚੋਂ ਇਕ ਹੈ ਕੈਨੇਡਾ ਨੇ ਹਾਲ ਹੀ ਵਿਚ ਨਵੀਂ ਇੰਡੀ ਪੈਸੇਫਿਕ ਰਣਨੀਤੀ ਲਾਂਚ ਕੀਤੀ ਹੈ ਪਰ ਇਸ ਦੇ ਬਾਵਜੂਦ ਅਸੀਂ ਏਸ਼ੀਆ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਭਾਰਤ ਅਤੇ ਚੀਨ ਨਾਲੋਂ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਚੁੱਕੇ ਹਾਂ। ਚੀਨ ਨਾਲ ਕੈਨੇਡਾ ਦੇ ਰਿਸ਼ਤਿਆਂ ਵਿਚ ਆਈ ਦਰਾਰ ਦੀ ਗੱਲ ਸਮਝ ਆਉਂਦੀ ਹੈ ਕਿਉਂਕਿ ਚੀਨ ਵਿਚ ਕੈਨੇਡਾ ਦੇ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ। ਚੀਨ ਨੇ ਕੈਨੇਡਾ ਦੀਆਂ ਚੋਣਾਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਚੀਨ ਕੈਨੇਡੀਅਨ ਮੂਲ ਦੇ ਨਾਗਰਿਕਾਂ ਖ਼ਿਲਾਫ ਆਰਥਿਕ ਮੋਰਚਾ ਖੋਲ੍ਹ ਕੇ ਬੈਠਾ ਹੈ ਜਦਕਿ ਟਰੂਡੋ ਨੇ ਭਾਰਤ ਨੂੰ ਆਪਣੇ ਘਰੇਲੂ ਰਾਜਨੀਤਿਕ ਹਿੱਤਾਂ ਕਰਕੇ ਦੂਰ ਕਰ ਦਿੱਤਾ ਹੈ। 

ਭਾਰਤ ਦੀ ਅਰਥ ਵਿਵਸਥਾ ਕੈਨੇਡਾ ਦੇ ਮੁਕਾਬਲੇ ਦੋ ਗੁਣਾ ਵੱਡੀ ਹੈ। ਭਾਰਤ ਵਿਚ 140 ਕਰੋੜ ਲੋਕ ਰਹਿੰਦੇ ਹਨ ਜਦਕਿ ਕੈਨੇਡਾ ਦੀ ਆਬਾਦੀ ਸਿਰਫ 4 ਕਰੋੜ ਹੈ। ਸਾਨੂੰ ਭਾਰਤ ਦੀ ਹਰ ਤਰੀਕੇ ਲੋੜ ਹੈ। ਕੈਨੇਡਾ ਦੀ ਅਰਥ ਵਿਵਸਥਾ ਲਗਾਤਾਰ ਗਰਤ ਵਿਚ ਜਾ ਰਹੀ ਹੈ ਤੇ ਇੰਟਰਨੈਸ਼ਨਲ ਮੋਨਿਟਰੀ ਫੰਡ ਦੀ ਰਿਪੋਰਟ ਦੇ ਮੁਤਾਬਕ ਕੈਨੇਡਾ ਦੀ ਅਰਥ ਵਿਵਸਥਾ 1.4 ਫੀਸਦੀ ਤੋਂ ਵੀ ਹੇਠਾਂ ਡਿੱਗ ਸਕਦੀ ਹੈ ਜਦਕਿ ਭਾਰਤ ਵਿਚ ਜੀ. ਡੀ. ਪੀ ਦੀ ਰਫ਼ਤਾਰ 5.9 ਫੀਸਦੀ ਹੈ ਅਤੇ ਆਉਣ ਵਾਲੀਆਂ ਤਿਮਾਹੀਆਂ ਵਿਚ ਇਹ 7 ਫੀਸਦੀ ਤਕ ਪਹੁੰਚ ਚੁੱਕੀ ਹੈ। ਸਟੀਫਨ ਹਾਰਪਰ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਭਾਰਤ ਦੇ ਨਾਲ ਵਪਾਰ ਵਿਚ ਤੇਜ਼ੀ ਲੈ ਕੇ ਆਂਦੀ ਸੀ। ਕੈਨੇਡਾ ਭਾਰਤ ਨੂੰ ਨਾ ਸਿਰਫ ਖੇਤੀਬਾੜੀ ਸੰਬੰਧੀ ਨਿਰਯਾਤ ਕਰ ਰਿਹਾ ਸੀ ਬਲਕਿ ਖਾਦਾਂ ਯੂਰੇਨੀਅਮ ਅਤੇ ਜੀ. ਐੱਚ. ਜੀ. ਫ੍ਰੀ ਨਿਊਕਲੀਅਰ ਪਾਵਰ ਦਾ ਵੀ ਨਿਰਯਾਤ ਕਰ ਰਿਹਾ ਸੀ। 

ਜਸਟਿਨ ਟਰੂਡੋ ਦੀ ਸਰਕਾਰ ਨੇ ਭਾਰਤ ਨਾਲ ਚੱਲ ਰਹੇ ਨਵੇਂ ਟ੍ਰੇਡ ਐਗਰੀਮੈਂਟ ’ਤੇ ਚੱਲ ਰਹੀ ਗੱਲਬਾਤ ਨੂੰ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਰੋਕ ਦਿੱਤਾ ਹੈ ਜਦਕਿ ਬ੍ਰਿਟੇਨ ਇਸ ਸਾਲ ਦੇ ਅੰਤ ਤੱਕ ਭਾਰਤ ਨਾਲ ਟ੍ਰੇਡ ਡੀਲ ਪੂਰੀ ਕਰਨ ਜਾ ਰਿਹਾ ਹੈ। ਕੈਨੇਡਾ ਤੋਂ ਭਾਰਤ ਕੀਤੇ ਜਾਣ ਵਾਲੇ ਨਿਰਯਾਤ ਵਿਚ ਸਸਕੈਚਵਾਨ ਦੀ ਹਿੱਸੇਦਾਰੀ 30 ਤੋਂ 40 ਫੀਸਦੀ ਹੈ ਅਤੇ ਉਥੋਂ ਦੇ ਪ੍ਰੀਮੀਅਰ ਸਕੋਟ ਮੋਹ ਦੀ ਸਰਕਾਰ ਨੇ ਟਰੂਡੋ ਨੂੰ ਇਕ ਸਖ਼ਤ ਚਿੱਠੀ ਲਿਖ ਕੇ ਭਾਰਤ ਨਾਲ ਰੋਕੇ ਗਏ ਟ੍ਰੇਡ ਐਗਰੀਮੈਂਟ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਟਰੂਡੋ ਸਰਕਾਰ ਨੇ ਨਾ ਤਾਂ ਆਪਣੇ ਪ੍ਰੀਮੀਅਰ ਨੂੰ ਚਿੱਠੀ ਦਾ ਜਵਾਬ ਦਿੱਤਾ ਅਤੇ ਨਾ ਹੀ ਭਾਰਤ ਵਿਚ ਮੋਦੀ ਸਰਕਾਰ ਨੂੰ ਇਸ ਬਾਰੇ ਕੋਈ ਸਪੱਸ਼ਟੀਕਰਨ ਦਿੱਤਾ। 

ਦਰਅਸਲ ਸਾਨੂੰ ਲੱਗਦਾ ਹੈ ਕਿ ਟਰੂਡੋ ਵਿਅਕਤੀਗਤ ਤੌਰ ’ਤੇ ਮੋਦੀ ਦੀ ਵਿਚਾਰਧਾਰਾ ਦੇ ਖ਼ਿਲਾਫ ਹਨ ਪਰ ਜਦੋਂ ਤੁਸੀਂ ਕੌਮਾਂਤਰੀ ਮੰਚ ’ਤੇ ਹੁੰਦੇ ਹੋ ਤਾਂ ਤੁਹਾਨੂੰ ਆਪਣੀ ਵਿਚਾਰਧਾਰਾ ਕਿਨਾਰੇ ਕਰਕੇ ਹਰ ਤਰ੍ਹਾਂ ਦੀ ਵਿਚਾਰਧਾਰਾ ਦੇ ਨੇਤਾਵਾਂ ਨਾਲ ਤਾਲਮੇਲ ਬਿਠਾਉਣਾ ਪੈਂਦਾ ਹੈ ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਟਰੂਡੋ ਮੋਦੀ ਸਰਕਾਰ ਦੀਆਂ ਘਰੇਲੂ ਨੀਤੀਆਂ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ ਅਤੇ ਅਜਿਹਾ ਕਰਨਾ ਕੈਨੇਡਾ ਵਿਚ ਉਨ੍ਹਾਂ ਦੇ ਆਪਣੇ ਰਾਜਨੀਤਿਕ ਹਿੱਤਾਂ ਨੂੰ ਪ੍ਰਭਾਵਤ ਕਰ ਰਿਹਾ ਹੈ। ਪੰਜਾਬ ਤੋਂ ਬਾਅਦ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਿੱਖ ਕੈਨੇਡਾ ਵਿਚ ਵੱਸਦੇ ਹਨ। 2020 ਦੌਰਾਨ ਹੋਏ ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਵਲੋਂ ਵਰਤੀ ਗਈ ਸਖ਼ਤੀ ਨੂੰ ਭਾਰਤ ਅਤੇ ਕੈਨੇਡਾ ਵਿਚ ਸਿੱਖਾਂ ਦੇ ਖ਼ਿਲਾਫ਼ ਕਾਰਵਾਈ ਦੇ ਤੌਰ ’ਤੇ ਦੇਖਿਆ ਗਿਆ ਸੀ। ਟਰੂਡੋ ਨੇ ਉਸ ਸਮੇਂ ਵੀ ਸ਼ਾਂਤੀ ਪੂਰਵਕ ਤਰੀਕੇ ਨਾਲ ਕੀਤੇ ਜਾਣ ਵਾਲੇ ਅੰਦੋਲਨ ਅਤੇ ਬੋਲਣ ਦੀ ਆਜ਼ਾਦੀ ਦਾ ਸਮਰਥਨ ਕੀਤਾ ਸੀ। 

ਟਰੂਡੋ ਦੇ ਇਸ ਤਰ੍ਹਾਂ ਦੇ ਪ੍ਰਵਚਨਾਂ ਤੋਂ ਬਾਅਦ ਭਾਰਤੀ ਮੀਡੀਆ ਨੇ ਵੀ ਲਿਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਕਿਊਬਿਕ ਵਿਚ ਐਮਰਜੈਂਸੀ ਐਕਟ ਲਗਾ ਕੇ ਕੁਚਲੇ ਗਏ ਅੰਦੋਲਨ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਬਾਅਦ ਵਿਚ ਭਾਰਤ ਵਿਚ ਹੋ ਰਹੇ ਕਿਸੇ ਵੀ ਅੰਦੋਲਨ ਜਾਂ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਟਿੱਪਣੀ ਕਰਨੀ ਚਾਹੀਦੀ ਹੈ। ਜੇਕਰ ਕਿਊਬਿਕ ਵਿਚ ਚੱਲ ਰਹੇ ਅੰਦੋਲਨ ਨੂੰ ਕੋਈ ਬਾਹਰੀ ਤਾਕਤ ਸਮਰਥਨ ਦੇਵੇ ਜਾਂ ਫੰਡ ਕਰੇ ਤਾਂ ਟਰੂਡੋ ਨੂੰ ਕਿਸ ਤਰ੍ਹਾਂ ਲੱਗੇਗਾ। ਟਰੂਡੋ ਦੀ ਅਜਿਹੀ ਨੀਤੀ ਕਾਰਣ ਹੀ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੇਠਲੇ ਪੱਧਰ ’ਤੇ ਹਨ। 

ਹਾਲਾਂਕਿ ਇਹ ਸਹੀ ਹੈ ਕਿ ਭਾਰਤ ਦੀ ਮੋਦੀ ਸਰਕਾਰ ਘੱਟ ਗਿਣਤੀਆਂ ਵਲੋਂ ਕੀਤੇ ਜਾਣ ਵਾਲੇ ਅੰਦੋਲਨਾਂ ਨੂੰ ਲੈ ਕੇ ਬਹੁਤੀ ਨਰਮ ਨਹੀਂ ਰਹੀ ਹੈ ਪਰ ਇਹ ਵੀ ਸੱਚ ਹੈ ਕਿ ਅਜਿਹੀ ਹੀ ਨੀਤੀ ਕਿਊਬਿਕ ਨੂੰ ਲੈ ਕੇ ਟਰੂਡੋ ਦੀ ਵੀ ਰਹੀ ਹੈ। ਟਰੂਡੋ ਕੈਨੇਡਾ ਵਿਚ ਵਸਣ ਵਾਲੇ ਸਿੱਖਾਂ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ ਪਰ ਇਹ ਕੈਨੇਡਾ ਦੇ ਆਰਥਿਕ ਹਿੱਤਾਂ ਦੀ ਕੀਮਤ ’ਤੇ ਹੋ ਰਿਹਾ ਹੈ। ਟਰੂਡੋ ਜਦੋਂ ਅੰਤਰਰਾਸ਼ਟਰੀ ਮੰਚ ’ਤੇ ਹਨ ਤਾਂ ਉਨ੍ਹਾਂ ਨੂੰ ਪੂਰੇ ਕੈਨੇਡਾ ਦੇ ਹਿੱਤਾਂ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਆਪਣੀ ਸੌੜੀ ਸਿਆਸੀ ਸੋਚ ਨੂੰ ਤਵੱਜੋ ਦੇਣੀ ਚਾਹੀਦੀ ਹੈ। 


author

Gurminder Singh

Content Editor

Related News