ਲੁਧਿਆਣਾ ਇੰਪਰੂਵਮੈਂਟ ਟਰੱਸਟ ਦਾ ਜੂਨੀਅਰ ਸਹਾਇਕ ਅਤੇ ਕਾਰਜਕਾਰੀ ਅਧਿਕਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ

Thursday, Jul 14, 2022 - 07:39 PM (IST)

ਲੁਧਿਆਣਾ ਇੰਪਰੂਵਮੈਂਟ ਟਰੱਸਟ ਦਾ ਜੂਨੀਅਰ ਸਹਾਇਕ ਅਤੇ ਕਾਰਜਕਾਰੀ ਅਧਿਕਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਸੂਬੇ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਜੂਨੀਅਰ ਸਹਾਇਕ ਅਤੇ ਕਾਰਜਕਾਰੀ ਅਧਿਕਾਰੀ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਹਰਮੀਤ ਸਿੰਘ ਨੂੰ ਸਤਨਾਮ ਸਿੰਘ ਵਾਸੀ ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਹਰਮੀਤ ਸਿੰਘ, ਜੂਨੀਅਰ ਸਹਾਇਕ, ਇੰਪਰੂਵਮੈਂਟ ਟਰੱਸਟ ਨੇ ਉਸ ਨੂੰ ਰਾਜਗੁਰੂ ਨਗਰ ਲੁਧਿਆਣਾ ’ਚ ਟਰੱਸਟ ਵੱਲੋਂ ਅਲਾਟ ਕੀਤੇ ਗਏ ਬੂਥ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ‘ਵਨ ਟਾਈਮ ਸੈਟਲਮੈਂਟ’ (ਓ. ਟੀ. ਐੱਸ.) ਸਕੀਮ ਤਹਿਤ ਉਸ ਦੇ ਕੇਸ ਨੂੰ ਨਿਬੇੜਨ ਲਈ ਉਸ ਕੋਲੋਂ 20,000 ਰੁਪਏ ਦੀ ਮੰਗ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ-ਰਿੰਦਾ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਣੇ 13 ਕਾਬੂ, IGP ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਉਸ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਹਰਮੀਤ ਸਿੰਘ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਾਰਜਕਾਰੀ ਅਫਸਰ (ਈ.ਓ.), ਇੰਪਰੂਵਮੈਂਟ ਟਰੱਸਟ ਤੱਕ ਸਭ ਤੋਂ ਕੰਮ ਕਰਾਉਣ ਦਾ ਪ੍ਰਬੰਧ ਕਰੇਗਾ ਅਤੇ ਉਸ ਦਾ ਕੰਮ ਕਰਵਾ ਦੇਵੇਗਾ। ਸ਼ਿਕਾਇਤਕਰਤਾ ਦੀ ਸੂਚਨਾ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ, ਪੰਜਾਬ, ਲੁਧਿਆਣਾ ਵੱਲੋਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਮੁਲਜ਼ਮ ਹਰਮੀਤ ਸਿੰਘ, ਜੂਨੀਅਰ ਸਹਾਇਕ ਨੂੰ 10,000 ਰੁਪਏ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਰਿਸ਼ਵਤ ਲੈਂਦੇ ਸਮੇਂ ਮੁਲਜ਼ਮ ਜੂਨੀਅਰ ਸਹਾਇਕ ਨਾਲ ਈ. ਓ., ਇੰਪਰੂਵਮੈਂਟ ਟਰੱਸਟ ਕੁਲਜੀਤ ਕੌਰ ਵੀ ਮੌਜੂਦ ਸੀ, ਇਸ ਲਈ ਉਸ ਨੂੰ ਵੀ ਹਰਮੀਤ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮਖੂ ਵਿਖੇ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਇਆ ਜ਼ਬਰਦਸਤ ਟਕਰਾਅ     


author

Manoj

Content Editor

Related News